ਚੰਦਰਖਾਣੀ ਦੀ ਚੋਟੀ ਤੇ ਪੁੱਜੀਆਂ ਸੁਖਾਨੰਦ ਦੀਆਂ ਵਿਦਿਆਰਥਣਾਂ,ਹਾਈਕਿੰਗ ਟਰੈਕਿੰਗ ਕੈਂਪ ਵਿੱਚ ਸੁਖਾਨੰੰਦ ਕਾਲਜ ਨੇ ਕੀਤੀ ਸ਼ਿਰਕਤ

ਮੋਗਾ ,14 ਅਗਸਤ (ਜਸ਼ਨ) : ਸੰਤ ਬਾਬਾ ਹਜੂਰਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਵਿੱਚ ਸਿੱਖਿਅਕ ਅਤੇ ਸਹਿ ਸਿੱਖਿਅਕ ਗਤੀਵਿਧੀਆਂ ਵਿੱਚ ਹਮੇਸ਼ਾਂ ਤੋਂ ਹੀ ਤਾਲਮੇਲ ਕਾਇਮ ਰਿਹਾ ਹੈ। ਬੀਤੇ ਦਿਨੀਂ ਕਾਲਜ ਦੀਆਂ ਚਾਰ ਵਿਦਿਆਰਥਣਾਂ ਰਾਮਪ੍ਰੀਤ ਕੌਰ, ਨਵਜੋਤ ਕੌਰ, ਨਵਪ੍ਰੀਤ ਕੌਰ ਅਤੇ ਰਮਜ਼ਾਨ ਬੀਬੀ ਨੇ ਸਹਾਇਕ ਪ੍ਰੋਫ਼ੈਸਰ ਪਾਇਲ ਭਾਰਤੀ ਦੀ ਅਗਵਾਈ ਹੇਠ ਹਾਈਕਿੰਗ ਟਰੈਕਿੰਗ ਕੈਂਪ ਜੋ ਕਿ ਹਿਮਾਲਿਆ ਦੀ ਖ਼ੂਬਸੂਰਤ ਵਾਦੀਆਂ ਵਿੱਚ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਮਨਾਲੀ ਦੇ ਨਗਰ ਸ਼ਹਿਰ ਵਿੱਚ ਲਗਾਇਆ ਗਿਆ । ਇਸ ਕੈਂਪ ਵਿੱਚ ਵਿਦਿਆਰਥਣਾਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਕੈਂਪ ਕੋ-ਆਰਡੀਨੇਟਰ ਰੁਪਿੰਦਰ ਕੌਰ ਦੀ ਸੁਯੋਗ ਅਗਵਾਈ ਹੇਠ ਕੈਂਪ ਦਾ ਆਯੋਜਨ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਕੀਤਾ ਗਿਆ। ਅਤਿ ਦੇ ਮੀਂਹ ਅਤੇ ਦੋ ਦਿਨ ਦੀ ਲੰਮੀ ਟਰੈਕਿੰਗ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਕਾਲਜਾਂ ਦੀਆਂ 107 ਕੈਂਪਰਜ਼ ਵਿਦਿਆਰਥਣਾਂ ਨੇ ਪਹਿਲੀ ਵਾਰ  ਚੰਦਰਖਾਣੀ ਦੀ 11800 ਫੁੱਟ ਉੱਚੀ ਚੋਟੀ ਤੇ ਪੁੱਜ ਕੇ ਨਵਾਂ ਰਿਕਾਰਡ ਕਾਇਮ ਕੀਤਾ। ਕੈਂਪ ਦੌਰਾਨ ਵਿਦਿਆਰਥਣਾਂ ਨੂੰ ਨਗਰ ਦੀ ਮਸ਼ਹੂਰ ਆਰਟ ਗੈਲਰੀ, ਕੈਸਟਲ ਅਤੇ ਮਨਾਲੀ ਵਿਖੇ ਹੜਿੰਬਾ ਮੰਦਿਰ, ਵਨ-ਵਿਹਾਰ, ਚਾਇਨਾ ਬਾਜ਼ਾਰ ਅਤੇ ਤਿੱਬਤੀ ਬਾਜ਼ਾਰ ਜਾਣ ਦਾ ਬੇਹਤਰੀਨ ਮੌਕਾ ਮਿਲਿਆ। ਇਹ ਕੈਂਪ ਵਿਦਿਆਰਥਣਾਂ ਲਈ ਆਤਮਵਿਸ਼ਵਾਸ, ਹੌਂਸਲਾ ਤੇ ਜਿਗਿਆਸਾ ਵਧਾਉਣ ਵਾਲਾ ਹੋ ਨਿਬੜਿਆ। ਕਾਲਜ ਪਿ੍ਰੰਸੀਪਲ ਡਾ. ਸੁਖਵਿੰਦਰ ਕੌਰ ਨੇ ਕੈਂਪ ਦੀ ਸਫ਼ਲਤਾ ਤੇ ਵਧਾਈਆਂ ਦਿੰਦੇ ਹੋਏ, ਯੁਵਕ ਸੇਵਾਵਾਂ ਵਿਭਾਗ ਦੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕੀਤੀ।