ਅੰਗਹੀਣਾਂ ਦੀ ਜਥੇਬੰਦੀ ਵੱਲੋਂ ‘ਥਾਲੀ ਖੜਕਾਊ’ ਅੰਦੋਲਨ ਸਬੰਧੀ ਨੁੱਕੜ ਮੀਟਿੰਗਾਂ ਦਾ ਦੌਰ ਜਾਰੀ

ਕੋਟਕਪੂਰਾ,14 ਅਗਸਤ (ਟਿੰਕੂ ਪਰਜਾਪਤੀ) :- ਸੂਬੇ ਭਰ ’ਚ ਅੰਗਹੀਣਾਂ ਨੂੰ ਉਨਾ ਦੇ ਬਣਦੇ ਹੱਕ ਦਿਵਾਉਣ ਲਈ ਹੋਂਦ ’ਚ ਆਈ ਜਥੇਬੰਦੀ ‘ਅਪੰਗ ਸੁਅੰਗ ਅਸੂਲ ਮੰਚ’ ਵੱਲੋਂ ਜਿਲਾ ਫਰੀਦਕੋਟ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਨੁੱਕੜ ਮੀਟਿੰਗਾਂ ਕਰਕੇ 15 ਤੋਂ 20 ਅਗਸਤ ਤੱਕ ਕੀਤੇ ਜਾ ਰਹੇ ਥਾਲੀ ਖੜਕਾਉਣ ਅੰਦੋਲਨ ਸਬੰਧੀ ਲੋਕਾਂ ਤੋਂ ਸਹਿਯੋਗ ਮੰਗਿਆ ਜਾ ਰਿਹਾ ਹੈ। ਸੂਬਾਈ ਆਗੂ ਬਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਥੇਬੰਦੀ ਦੇ ਆਗੂਆਂ ਨੇ ਨੇੜਲੇ ਪਿੰਡਾਂ ਕੋਹਾਰਵਾਲਾ, ਰੋਮਾਣਾ ਅਲਬੇਲ ਸਿੰਘ, ਰਣ ਸਿੰਘ ਵਾਲਾ, ਜਲਾਲੇਆਣਾ ਅਤੇ ਸਥਾਨਕ ਮਹਿਤਾ ਚੋਂਕ ਵਿਖੇ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਤੋਂ ਸਹਿਯੋਗ ਮੰਗਿਆ। ਉਕਤ ਮੀਟਿੰਗਾਂ ’ਚ ਅੰਗਹੀਣ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਸਮੇਤ ਹੋਰ ਲਾਭਪਾਤਰੀ, ਆਂਗਣਵਾੜੀ ਵਰਕਰ ਅਤੇ ਨਰੇਗਾ ਮਜਦੂਰਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ। ਆਪਣੇ ਸੰਬੋਧਨ ਦੌਰਾਨ ਜਗਤਾਰ ਸਿੰਘ, ਸੁਖਮੰਦਰ ਸਿੰਘ, ਪਵਨ ਕੁਮਾਰ, ਦਵਿੰਦਰ ਸਿੰਘ ਆਦਿ ਨੇ ਆਖਿਆ ਕਿ ਸਿਆਸਤਦਾਨ ਵੋਟਾਂ ਤੋਂ ਪਹਿਲਾਂ ਲੋਕਾਂ ਨੂੰ ਤਰਾਂ ਤਰਾਂ ਦੀਆਂ ਸਹੂਲਤਾਂ ਦੇਣ ਦੇ ਦਾਅਵੇ ਅਤੇ ਵਾਅਦੇ ਕਰਦੇ ਹਨ ਪਰ ਸੱਤਾ ਸੰਭਾਲਦਿਆਂ ਹੀ ਕੀਤੇ ਵਾਅਦੇ ਭੁਲਾ ਦਿੱਤੇ ਜਾਂਦੇ ਹਨ। ਉਨਾ ਹੈਰਾਨੀ ਪ੍ਰਗਟਾਈ ਕਿ ਹਜਾਰਾਂ ਜਾਂ ਲੱਖਾਂ ਰੁਪਏ ਤਨਖਾਹ ਲੈਣ ਵਾਲੇ ਸਰਕਾਰੀ ਮੁਲਾਜਮ ਤਾਂ ਸੰਘਰਸ਼ ਕਰਦੇ ਹਨ ਪਰ ਆਪਣੇ ਬਣਦੇ ਹੱਕ ਲੈਣ ਲਈ ਅੰਗਹੀਣਾ ਨੂੰ ਵੀ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ। ਇਸ ਮੌਕੇ ‘ਪੈਨਸ਼ਨ ਦੀ ਸਭ ਨੂੰ ਵੰਡ ਕਰੋ ਜਾਂ ਖੁਦ ਵੀ ਲੈਣੀ ਬੰਦ ਕਰੋ’ ਅਤੇ ਹੱਕਾਂ ਲਈ ‘ਥਾਲੀ ਖੜਕੂਗੀ-ਸਰਕਾਰ ’ਤੇ ਬਿਜਲੀ ਕੜਕੂਗੀ’ ਆਦਿਕ ਨਾਅਰੇ ਲਾ ਕੇ ਸਮੇਂ ਦੀਆਂ ਸਰਕਾਰਾਂ ਖਿਲਾਫ ਖੂਬ ਭੜਾਸ ਕੱਢੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਚਮਕੌਰ ਸਿੰਘ, ਲੱਕੀ ਮੋਂਗਾ, ਫੌਜਾ ਸਿੰਘ, ਅੰਗਰੇਜ ਸਿੰਘ, ਲਾਡੀ ਸਿੰਘ, ਰਣ ਸਿੰਘ, ਜਸਪਾਲ ਸਿੰਘ, ਜਸਪ੍ਰੀਤ ਸਿੰਘ, ਕੁਲਵੰਤ ਸਿੰਘ, ਅਮਰੀਕ ਸਿੰਘ, ਰਾਜ ਕੌਰ, ਧਰਮਦੀਪ ਕੌਰ ਆਦਿ ਵੀ ਹਾਜ਼ਰ ਸਨ।