ਦਰਜਾ ਚਾਰ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਲਈ ਭੁੱਖ ਹੜ੍ਹਤਾਲ ਸ਼ੁਰੂ ਕੀਤੀ

ਮੋਗਾ,13 ਅਗਸਤ(ਜਸ਼ਨ) ਅੱਜ ਪੰਜਾਬ ਸਰਕਾਰ ਵੱਲੋਂ ਦਰਜਾ ਚਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦੇ ਵਿਰੋਧ ਵਿੱਚ ‘ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾਈ ਫੈਸਲੇ ਅਨੁਸਾਰ ਮੋਗਾ ਵਿਖੇ ਵੀ ਡੀ.ਸੀ. ਦਫ਼ਤਰ ਦੇ ਸਾਹਮਣੇ 13 ਅਗਸਤ ਤੋਂ 14 ਅਗਸਤ ਤੱਕ 24 ਘੰਟੇ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਸ ਦੀ ਅਗਵਾਈ ਚਮਨ ਲਾਲ ਸੰਗੇਲੀਆ ਨੇ ਕੀਤੀ। ਵੱਖ ਵੱਖ ਵਿਭਾਗਾਂ ਦੇ ਦਰਜਾ ਚਾਰ ਕਰਮਚਾਰੀ ਭੁੱਖ ਹੜਤਾਲ ਤੇ ਬੈਠੇ। ਭੁੱਖ ਹੜਤਾਲ ਤੇ ਸਾਥੀ ਬਲਦੇਵ ਸਿੰਘ, ਜਤਿੰਦਰ ਕੁਮਾਰ ਮਿੱਠਾ, ਰਾਮ ਕਰਨ, ਕੁਲਵੰਤ ਸਿੰਘ ਡਰੋਲੀ, ਬਿੱਕਰ ਸਿੰਘ, ਮੰਗਤ ਮਸੀਹ ਆਦਿ ਬੈਠੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਹਰੀ ਬਹਾਦਰ ਬਿੱਟੂ, ਪ੍ਰਕਾਸ਼ ਚੰਚ, ਸੁਖਮੰਦਰ ਸਿੰਘ ਪਨਸਪ, ਕਾਲਾ ਸਿੰਘ, ਪ੍ਰਵੀਨ ਕੌਰ, ਬਲਜੀਤ ਕੌਰ, ਗਰੀਸ ਬਜਾਜ, ਮੰਡੀ ਬੋਰਡ ਤੋਂ ਜ.ਸ. ਵਿਜੇ ਕੁਮਾਰ, ਰਿੰਕੂ, ਵਿਨੋਦ ਕੁਮਾਰ, ਕੁਲਵੰਤ ਸਿੰਘ ਫੂਡ ਸਪਲਾਈ, ਦੀਵਨਾ ਆਦਿ ਵੀ ਹਾਜ਼ਰ ਸਨ। ਮੰਗਾਂ: ਮੁਲਾਜ਼ਮ ਭਲਾਈ ਐਕਟ 2010 ਲਾਗੂ ਕੀਤਾ ਜਾਵੇ, 125% ਡੀ.ਏ. ਬੇਸਿਕ ਤਨਖਾਹ ਵਿਚ ਮਰਜ ਕੀਤਾ ਜਾਵੇ, ਕੇਂਦਰੀ ਮੁਲਾਜ਼ਮਾਂ ਦੀਆਂ ਵਧੀਆਂ ਤਨਖਾਹਾਂ ਅਨੁਸਾਰ 1-1-2006 ਤੋਂ 23% ਅੰਤਿ੍ਰਮ ਰਲੀਫ਼ ਦਿੱਤੀ ਜਾਵੇ, ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਤੁਰੰਤ ਦਿੱਤਾ ਜਾਵੇ, ਬਰਾਬਰ ਕੰਮ  ਬਰਾਬਰ ਤਨਖਾਹ ਦਾ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਖਜ਼ਾਨਿਆਂ ਵਿਚ ਪਏ ਰੁਲਦੇ ਬਿੱਲਾਂ ਦਾ ਤੁਰੰਤ ਭੁਗਤਾਨ ਕੀਤਾ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਸਮੂਹ ਵਿਭਾਗਾਂ ਦੇ ਪਾਰਟ ਟਾਈਮ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, 4-9-14 ਸਾਲਾ ਏ.ਸੀ.ਪੀ. ਲਾਗੂ ਕੀਤੀ ਜਾਵੇ, ਮੁਲਾਜ਼ਮਾਂ ਤੋਂ ਪ੍ਰੋਫੈਸ਼ਨਲ ਟੈਕਸ 200 ਰੁਪਏ ਮਹੀਨਾ ਲੈਣਾ ਬੰਦ ਕੀਤਾ ਜਾਵੇ, ਠੇਕੇਦਾਰੀ ਅਤੇ ਆਊਟ ਸੋਰਸਿੰਗ ਪ੍ਰਣਾਲੀ ਬੰਦ ਕਰਕੇ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ। ਇਸ ਮੌਕੇ ਜਗਦੀਸ਼ ਸਿੰਘ ਚਾਹਲ, ਭੂਪਿੰਦਰ ਸੇਖੋਂ, ਸੁਰਿੰਦਰ ਬਰਾੜ, ਇੰਦਰਜੀਤ ਭਿੰਡਰ, ਜਸਪਾਲ ਸਿੰਘ ਪਾਲੀ ਆਦਿ ਮੁਲਾਜ਼ਮ ਆਗੂ ਵੀ ਹਾਜ਼ਰ ਸਨ। ਭੁੱਖ ਹੜਤਾਲੀਆਂ ਦੇ ਗਲਾਂ ਵਿਚ ਹਾਰ ਪਾ ਕੇ ਉਨ੍ਹਾਂ ਨੂੰ ਭੁੱਖ ਹੜਤਾਲ ਤੇ ਬਿਠਾਇਆ ਗਿਆ। ਇਸ ਮੌਕੇ ਚਾਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨੀ ਪਵੇਗੀ ਕਿਉਂ ਕਿ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਚੋਣਾਂ ਤੋਂ ਪਹਿਲਾਂ ਵਾਅਦੇ ਤਾਂ ਬਹੁਤ ਕੀਤੇ ਸਨ ਪਰ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ 23 ਅਗਸਤ ਨੂੰ ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਯਾਦਗਾਰ ਵਿਚ ਪੰਜਾਬ ਸੁਬਾਰਡੀਨੇਟ ਸਰਡਿਸਜ਼ ਫੈਡਰੇਸ਼ਨ ਵੱਲੋਂ ਇੱਕ ਵੱਡੀ ਜ਼ੋਨਲ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾਂ ਮੁਲਾਜ਼ਮਾਂ ਨੂੰ ਇਸ ਕਨਵੈਨਸ਼ਨ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਵੀ ਕੀਤੀ।