ਦੇਸ਼ ਦੀ ਰੱਖਿਆ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਵੱਲੋਂ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਤੇ ਨਵੇਂ ਬਣੇ ਪੁੱਲ ਦਾ ਕੀਤਾ ਗਿਆ ਉਦਘਾਟਨ

ਫ਼ਿਰੋਜ਼ਪੁਰ,12 ਅਗਸਤ(ਪੰਕਜ ਕੁਮਾਰ): ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਤੇ ਮਹੱਤਵਪੂਰਨ 280 ਫੁੱਟ ਲੰਬੇ ਪੁੱਲ ਜਿਸ ਨੂੰ 1971 ਦੇ ਭਾਰਤ-ਪਾਕ ਯੁੱਧ ਵਿਚ ਉਡਾ ਦਿੱਤਾ ਗਿਆ ਸੀ ਨੂੰ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ.ਆਰ.ਓ) ਵੱਲੋਂ ਚੇਤਕ ਪ੍ਰਾਜੈਕਟ ਤਹਿਤ 2 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ ਪੱਕਾ ਤਿਆਰ ਕੀਤਾ ਗਿਆ ਹੈ। ਇਸ ਨਵੇਂ ਬਣੇ ਪੁਲ ਨੂੰ ਅੱਜ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ (ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ) ਸ਼੍ਰੀ ਰਾਣਾ ਗੁਰਮੀਤ ਸਿੰਘ ਸੋਢੀ, ਮੈਂਬਰ ਪਾਰਲੀਮੈਂਟ ਸ੍ਰ: ਸ਼ੇਰ ਸਿੰਘ ਘੁਬਾਇਆ, ਕਮਿਸ਼ਨਰ ਫ਼ਿਰੋਜ਼ਪੁਰ ਡਵੀਜ਼ਨ ਸ਼੍ਰੀ ਸੁਮੇਰ ਗੁਰਜ਼ਰ, ਆਈ.ਜੀ ਸ੍ਰ; ਗੁਰਿੰਦਰ ਸਿੰਘ, ਡਿਪਟੀ ਕਮਿਸ਼ਨਰ ਸ੍ਰ; ਬਲਵਿੰਦਰ ਸਿੰਘ ਧਾਲੀਵਾਲ ਅਤੇ ਐਸ.ਐਸ.ਪੀ ਸ੍ਰ: ਪ੍ਰੀਤਮ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਹੁਸੈਨੀਵਾਲਾ ਹੈੱਡ ਨਾਲ ਜੁੜੇ ਸਤਲੁਜ ਦਰਿਆ ਤੇ ਪੁਰਾਣੇ ਫ਼ਿਰੋਜਪੁਰ ਲਾਹੌਰ ਰਾਜਮਾਰਗ ਤੇ ਬਣਿਆ ਇਹ ਪੁਲ ਹੁਸੈਨੀਵਾਲਾ ਹੈੱਡ ਨੂੰ ਫ਼ਿਰੋਜ਼ਪੁਰ ਨਾਲ ਜੋੜਦਾ ਹੈ। 1971 ਦੇ ਭਾਰਤ-ਪਾਕ ਯੁੱਧ ਤੋ ਬਾਅਦ ਇਸ ਜਗਾ ਤੇ ਆਵਾਜਾਈ ਦੇ ਲਈ ਸੈਨਾ ਨੇ ਅਸਥਾਈ ਪੁਲ ਦਾ ਨਿਰਮਾਣ ਕੀਤਾ ਸੀ। ਇਸ ਪੁਰਾਣੇ ਪੁਲ ਨੂੰ ਪੱਕੇ ਪੁਲ ਦੇ ਰੂਪ ਵਿਚ ਬਦਲਣ ਦੇ ਲਈ ਸੈਨਾ ਦੀ ਸੀਮਾਂ ਸੜਕ ਸੰਗਠਨ ਦੇ ਪ੍ਰੋਜੈਕਟ ਚੇਤਕ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ। ਪੁਲ ਦੇ ਤਿਆਰ ਹੋਣ ਤੇ ਇਸ ਨੂੰ ਰੱਖਿਆ ਮੰਤਰੀ ਨੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮੌਕੇ ਤੇ ਰੱਖਿਆ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਹੁਸੈਨੀਵਾਲਾ ਰੋਡ ਤੇ ਪੱਕੇ ਪੁੱਲ ਦੇ ਨਿਰਮਾਣ ਨਾਲ ਨਾ ਸਿਰਫ਼ ਸੁਰੱਖਿਆ ਬਲਾਂ ਨੂੰ ਬਲਕਿ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਆਪਣੀ ਰੋਜ਼ਾਨਾ ਆਵਾਜਾਈ ਵਿਚ ਆਸਾਨੀ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਹੁਸੈਨੀਵਾਲਾ ਸਾਡੇ ਮਹਾਨ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੇ ਬਹੁਤ ਸਾਰੇ ਯੁੱਧ ਨਾਇਕਾ ਦੇ ਕਾਰਨ ਇੱਕ ਪਵਿੱਤਰ ਸਥਾਨ ਹੈ ਤੇ ਇਸ ਇਤਿਹਾਸਿਕ ਪੁੱਲ ਜੋ ਕਿ 1971 ਦੇ ਯੁੱਧ ਵਿਚ ਬਰਬਾਦ ਹੋ ਗਿਆ ਸੀ, ਉਸ ਦਾ ਉਦਘਾਟਨ ਕਰਕੇ ਸਨਮਾਨ ਅਤੇ ਗੌਰਵ ਮਹਿਸੂਸ ਕਰ ਰਹੀ ਹਾਂ। ਨਵੇਂ ਪੁੱਲ ਦੇ ਨਿਰਮਾਣ ਨਾਲ ਹੁਸੈਨੀਵਾਲਾ ਦੇ ਬਹੁਤ ਸਾਰੇ ਖੇਤਰਾਂ ਨਾਲ ਵਿਕਾਸ ਦੇ ਰਸਤੇ ਖੁੱਲ੍ਹਣਗੇ। ਇਸ ਨਾਲ ਇਲਾਕੇ ਦੇ ਵਿਕਾਸ, ਵਪਾਰ, ਖੇਤੀ ਅਤੇ ਸੈਨਾ ਦੇ ਵਾਹਨਾਂ ਗੋਲਾ-ਬਾਰੂਦ ਅਤੇ ਹੋਰ ਸਮਗਰੀ ਨੂੰ ਲਿਆਉਣ ਤੇ ਲਿਜਾਉਣ ਵਿਚ ਮਦਦ ਮਿਲੇਗੀ। ਇਸਤੋਂ ਇਲਾਵਾ ਰੱਖਿਆ ਮੰਤਰੀ ਨੇ ਪੁੱਲ ਦੇ ਨਿਰਮਾਣ ਨੂੰ ਸਮੇਂ ਤੋ ਪਹਿਲਾਂ ਅਤੇ ਸਥਾਨਕ ਨਿਵਾਸੀਆਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਤਂੋ ਪੂਰਾ ਕਰਨ ਦੇ ਲਈ ਸੀਮਾਂ ਸੜਕ ਸੰਗਠਨ ਦੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਸੰਗਠਨ ਦੂਰ ਸੀਮਾਵਾਂ ਤੇ ਸੜਕਾਂ ਪੁੱਲਾ, ਸੁਰੰਗਾਂ ਅਤੇ ਬਾਕੀ ਰੱਖਿਆ ਕੰਮਾਂ ਦੇ ਨਿਰਮਾਣ ਅਤੇ ਰੱਖ - ਰਖਾਵ ਵਿਚ ਵਿਅਸਤ ਰਹਿੰਦਾ ਹੈ। ਇਸ ਪੁੱਲ ਦਾ ਨਿਰਮਾਣ ਇਹਨਾਂ ਦੇ ਰਾਸ਼ਟਰ ਨਿਰਮਾਣ ਵਿਚ ਮਹੱਤਵਪੂਰਨ ਯੋਗਦਾਨ ਨੂੰ ਦਿਖਾਉਂਦਾ ਹੈ। ਤੁਹਾਨੂੰ ਦੱਸ ਦਈਏ ਕਿ ਸੀਮਾਂ ਸੜਕ ਸੰਗਠਨ ਨੇ ਲਗਭਗ 52000 ਕਿ.ਮੀ. ਸੜਕਾਂ 650 ਪੱਕੇ ਪੁੱਲ ਅਤੇ 19 ਹਵਾਈ ਪੱਟੀਆਂ ਦਾ ਮੁਸ਼ਕਿਲ ਇਲਾਕਿਆਂ ਵਿਚ ਨਿਰਮਾਣ ਕੀਤਾ ਹੈ। ਇਸ ਸਮੇਂ ਸੰਗਠਨ ਪੁਰਵੀ ਅਤੇ ਪੱਛਮੀ ਖੇਤਰ ਵਿਚ 530 ਸੜਕਾਂ (22803 ਕਿ.ਮੀ;) ਜਿਸ ਵਿਚ ਨਵੀਆਂ ਸੜਕਾਂ ਤੇ ਨਾਲ - ਨਾਲ ਇੱਕ ਮਾਰਗ ਨੂੰ ਦੋ ਮਾਰਗਾਂ ਕਰਨ ਦਾ ਕੰਮ  ਕਰ ਰਿਹਾ ਹੈ। ਇਹ ਸੰਗਠਨ 322 ਸੜਕਾਂ (16803 ਕਿ.ਮੀ) ਅਤੇ ਸੱਤ ਹਵਾਈ ਪੱਟੀਆਂ ਤੋ ਇਲਾਵਾ 138 ਸੜਕਾਂ (4325 ਕਿ.ਮੀ;) ਤੋ ਬਰਫ਼ ਨੂੰ ਹਟਾਉਣ ਦਾ ਕੰਮ ਵੀ ਕਰਦਾ ਹੈ ਜਿਸ ਨਾਲ ਕਿ ਉਹਨਾ ਖੇਤਰਾਂ ਦਾ ਦੇਸ਼ ਦੇ ਹੋਰਨਾਂ ਹਿੱਸਿਆ ਨਾਲ ਸੰਪਰਕ ਬਣਿਆ ਰਹੇ। 8.80 ਕਿ.ਮੀ. ਲੰਬੀ ਮਸ਼ਹੂਰ ਰੋਹਤਾਂਗ ਸੁਰੰਗ ਦਾ ਨਿਰਮਾਣ ਵੀ ਸੀਮਾ ਸੜਕ ਸੰਗਠਨ ਦੁਆਰਾ ਕੀਤਾ ਜਾ ਰਿਹਾ ਹੈ।

ਉਧਰ ਪੁੱਲ ਦੇ ਉਦਘਾਟਨ ਤੋਂ ਬਾਅਦ ਰੱਖਿਆ ਮੰਤਰੀ ਨੇ ਹੁਸੈਨੀਵਾਲਾ ਬਾਰਡਰ ਦਾ ਨਿਰੀਖਣ ਕੀਤਾ ਅਤੇ ਭਾਰਤੀ ਸੈਨਿਕਾਂ ਦੇ ਨਾਲ ਮੁਲਾਕਾਤ ਕਰਦਿਆਂ ਭਾਰਤੀ ਜਵਾਨਾਂ ਦਾ ਹੌਸਲਾ ਵਧਾਇਆ ਅਤੇ ਭਾਰਤੀ ਸੈਨਿਕਾਂ ਦੀ ਬਹਾਦੁਰੀ ਦੀ ਪ੍ਰਸ਼ੰਸ਼ਾ ਕਰਦੇ ਹੋਏ ਫੌਜੀ ਜਵਾਨਾਂ ਦੀਆਂ ਮੁਸਕਲਾਂ ਸੂਬਿਆਂ ਅਤੇ ਉਨ੍ਹਾਂ ਦੇ ਨਾਲ ਗੱਲਬਾਤ ਦੌਰਾਨ ਵਿਚਾਰ ਵੀ ਸਾਂਝੇ ਕੀਤੇ ਜਿਸ ਨਾਲ ਜਵਾਨਾਂ ਅੰਦਰ ਇਕ ਅਲੱਗ ਹੀ ਦੇਸ਼ ਭਕਤੀ ਵਾਲਾ ਜੋਸ਼ ਵੇਖਣ ਨੂੰ ਮਿਲਿਆ  । ਜਿਸ ਤੋਂ ਮਗਰੋਂ ਰੱਖਿਆ ਮੰਤਰੀ ਨੇ ਫਿਰੋਜ਼ਪੁਰ ਦੇ ਹੁਸੈਨੀਵਾਲਾ ਸਥਿਤ ਸ਼ਹੀਦਾਂ ਦੀ ਸਮਾਧੀਆਂ ਤੇ ਫੁੱਲਮਾਲਾ ਭੇਟ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।   ਇਸ ਮੌਕੇ ਰੱਖਿਆ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਮੌਕੇ ਕਾਫੀ ਭਾਵੁਕ ਵੀ ਹੋ ਗਏ ਸਨ ਜਿਨ੍ਹਾਂ ਦੇਸ਼ ਦੀ ਅਜਾਦੀ ਖਾਤਿਰ ਆਪਣੀਆਂ ਜਾਣਾ ਕੁਰਬਾਨ ਕਰਨ ਵਾਲੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਦੇਸ਼ ਦਾ ਸੱਚਾ ਸਿਪਾਹੀ ਦੱਸਿਆ ।