ਤਖਤੂਪੁਰਾ ਸਾਹਿਬ ਵਿਖੇ ਚੱਲ ਰਹੇ ਸਮਾਗਮ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਵੱਲੋਂ ਜਾਇਜ਼ਾ

ਨਿਹਾਲ ਸਿੰਘ ਵਾਲਾ, 11 ਅਗਸਤ- (ਜਸ਼ਨ):ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਨੂੰ ਗੁਰਬਾਣੀ ਉਚਾਰਨ ਦੀ ਜਾਣਕਾਰੀ ਦੇਣ ਲਈ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਨਾਨਕਸਰ ਸਾਹਿਬ ਤਖਤੂਪੁਰਾ ਵਿਖੇ ਇੱਕ ਅਗਸਤ ਤੋਂ ਚੱਲ ਰਹੇ ਪਾਠ ਬੋਧ ਸਮਾਗਮਾਂ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅੱਜ ਵਿਸ਼ੇਸ਼ ਤੌਰ ’ਤੇ ਤਖਤੂਪੁਰਾ ਸਾਹਿਬ ਪਹੁੰਚੇ। ਉਨਾਂ ਸੰਥਿਆ ਪ੍ਰਾਪਤ ਕਰ ਰਹੇ ਗ੍ਰੰਥੀ ਤੇ ਅਖੰਡ ਪਾਠੀ ਸਿੰਘਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਉਨਾਂ ਨੂੰ ਆਪੋ-ਆਪਣੇ ਸੇਵਾ ਸਥਾਨਾਂ ਨੂੰ ਸੰਗਤਾਂ ਅਤੇ ਖ਼ਾਸਕਰ ਨੌਜੁਆਨੀ ਨੂੰ ਗੁਰਮਤਿ ਨਾਲ ਜੋੜਨ ਦੀ ਪ੍ਰੇਰਨਾ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਭਰ ਵਿਚ ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਛੇਵਾਂ ਸਮਾਗਮ ਤਖਤੂਪੁਰਾ ਸਾਹਿਬ ਵਿਖੇ ਚੱਲ ਰਿਹਾ ਹੈ, ਜਿਸ ਵਿਚ ਵਿਚ 600 ਦੇ ਕਰੀਬ ਗ੍ਰੰਥੀ ਤੇ ਅਖੰਡਪਾਠੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਇਹ ਯਤਨ ਗ੍ਰੰਥੀ ਤੇ ਅਖੰਡਪਾਠੀ ਸਿੰਘਾਂ ਨੂੰ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਸਿੱਖਿਆ ਦੇਣ ਵਿਚ ਸਹਾਈ ਹੋ ਰਿਹਾ ਹੈ। ਉਨਾਂ ਆਸ ਪ੍ਰਗਟਾਈ ਕਿ ਇਸ ਨਾਲ ਗ੍ਰੰਥੀ ਅਤੇ ਅਖੰਡ ਪਾਠੀ ਸਿੰਘ ਗੁਰਮਤਿ ਨਾਲ ਜੁੜ ਕੇ ਸਿੱਖ ਕੌਮ ਦੇ ਚੰਗੇ ਪ੍ਰਚਾਰਕ ਬਣਨਗੇ। ਉਨਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਮੁਕੰਮਲ ਸੰਥਿਆ ਪ੍ਰਾਪਤ ਕਰਨ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 51-51 ਸੌ ਰੁਪਏ ਦੇ ਨਾਲ ਪ੍ਰਮਾਣ ਪੱਤਰ ਸਨਮਾਨ ਵੱਜੋਂ ਦਿੱਤੇ ਜਾਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਮੇਲ ਸਿੰਘ ਸੰਗਤਪੁਰਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪੰਜਾਬ ਦੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਨੂੰ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਜਾਣਕਾਰੀ ਦੇਣ ਲਈ ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਆਰੰਭ ਕੀਤੀ ਗਈ ਲੜੀ ਸ਼ਲਾਘਾਯੋਗ ਕਾਰਜ ਹੈ। ਇਸ ਦੌਰਾਨ ਭਾਈ ਲੌਂਗੋਵਾਲ ਦਾ ਹਲਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ, ਸ. ਪ੍ਰੀਤਮ ਸਿੰਘ ਕੁੱਸਾ, ਲੋਕਲ ਗੁਰਦੁਆਰਾ ਕਮੇਟੀ ਤਖਤੂਪੁਰਾ ਦੇ ਪ੍ਰਧਾਨ ਸ. ਕਰਨੈਲ ਸਿੰਘ, ਮੈਨੇਜਰ ਭਾਈ ਰਾਜਿੰਦਰ ਸਿੰਘ ਵੱਲੋਂ ਸਨਮਾਨ ਵੀ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਰਜਿੰਦਰ ਸਿੰਘ ਨੇ ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੱਸਿਆ ਕਿ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਵੱਲੋਂ ਹਰ ਰੋਜ ਆਪਣੇ ਜਿਲੇ ਤੋਂ ਇਲਾਵਾ ਹੋਰਨਾਂ ਜਿਲਿਆਂ ਦੇ ਦਰਜਨਾਂ ਹਸਪਤਾਲਾਂ ਲਈ ਲੰਬੇ ਸਮੇਂ ਤੋਂ ਲੰਗਰ ਦੀ ਸੇਵਾਂ ਸੁਰੂ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਮਾਨਵਤਾ ਦੀ ਭਲਾਈ ਲਈ ਮੈਡੀਕਲ ਚੈਕਅਪ ਕੈਂਪ ਵੀ ਲਗਾਏ ਜਾਦੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਮੇਲ ਸਿੰਘ ਸੰਗਤਪੁਰਾ, ਮੈਂਨੇਜਰ ਭਾਈ ਰਜਿੰਦਰ ਸਿੰਘ, ਸ. ਦਰਸਨ ਸਿੰਘ ਲੌਂਗੋਵਾਲ ਪੀ.ਏ., ਸ. ਹਰਦੇਵ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ. ਪ੍ਰੀਤਮ ਸਿੰਘ ਕੁੱਸਾ, ਸ. ਹਰਨੇਕ ਸਿੰਘ ਮੀਤ ਪ੍ਰਧਾਨ, ਸ. ਹਰਮੇਲ ਸਿੰਘ ਬੁੱਟਰ, ਪ੍ਰਚਾਰਕ ਹਰਵਿੰਦਰ ਸਿੰਘ, ਪ੍ਰਚਾਰਕ ਹਰਪ੍ਰੀਤ ਸਿੰਘ, ਗਿਆਨੀ ਪਰਮਿੰਦਰ ਸਿੰਘ, ਗਿਆਨੀ ਗੁਰਬਚਨ ਸਿੰਘ, ਗਿਆਨੀ ਹੀਰਾ ਸਿੰਘ, ਪਿ੍ਰੰਸੀਪਲ ਬਲਕਾਰ ਸਿੰਘ ਆਦਿ ਹਾਜ਼ਰ ਸਨ।  

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ