ਪੰਜਾਬ ’ਚ ਰਾਇਸ਼ੁਮਾਰੀ 2020 ਦੀ ਬੇਤੁਕੀ ਗੱਲ ਕਰਨ ਵਾਲਾ ਕੋਈ ਵੀ ਨਹੀਂ - ਕੈਪਟਨ ਅਮਰਿੰਦਰ ਸਿੰਘ

ਚੰਡੀਗੜ, 10 ਅਗਸਤ:(ਪੱਤਰ ਪਰੇਰਕ):ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਰਾਇਸ਼ੁਮਾਰੀ 2020 ਦੀ ਬੇਤੁਕੀ ਗੱਲ ਕਰਨ ਵਾਲਾ ਕੋਈ ਵੀ ਨਹੀਂ ਹੈ। ਉਨਾਂ ਨੇ 12 ਅਗਸਤ ਨੂੰ ਲੰਡਨ ਦੇ ਟ੍ਰੈਫਲਗਰ ਸਕੇਅਰ ਵਿਖੇ ਹੋਣ ਵਾਲੀ ਪ੍ਰਸਤਾਵਿਤ ਰੈਲੀ ਨੂੰ ਨਕਾਰਦਿਆਂ ਕਿਹਾ ਹੈ ਕਿ ਇਹ ਵਿਦੇਸ਼ਾਂ ਵਿੱਚ ਵਸੇ ਆਈ.ਐਸ.ਆਈ. ਦਾ ਸਮਰਥਨ ਪ੍ਰਾਪਤ ਮੁੱਠੀਭਰ ਬੁਖਲਾਏ ਹੋਏ ਸਿੱਖਾਂ ਦੀ ਪੰਜਾਬ ਅਤੇ ਭਾਰਤ ਵਿੱਚ ਫੁੱਟ ਪਾਊ ਨਾਅਰਿਆਂ ਦੇ ਨਾਲ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਹੈ। ਅੱਜ ਇੱਥੇ ਕੁੱਝ ਪੱਤਰਕਾਰਾਂ ਨਾਲ ਰਸਮੀਂ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਇਨਾਂ ਨੁੱਕਰੇ ਲੱਗੇ ਹੋਏ ਤੱਤਾਂ ਅਤੇ ਇਨਾਂ ਦੀ ਲੰਡਨ ਵਿਖੇ 12 ਅਗਸਤ ਦੀ ਪ੍ਰਸਤਾਵਿਤ ਰੈਲੀ  ਤੋਂ ਕੋਈ ਵੀ ਚਿੰਤਾ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕ ਆਈ.ਐਸ.ਆਈ. ਦੇ ਹੱਥਾਂ ਵਿੱਚ ਖੇਡ ਰਹੇ ਹਨ ਜਿਸ ਦਾ ਖੁਲਾ ਏਜੰਡਾ ਪੰਜਾਬ ਅਤੇ ਭਾਰਤ ਵਿੱਚ ਹਿੰਸਾ ਨੂੰ ਭੜਕਾਉਣਾ ਹੈ। ਉਨਾਂ ਕਿਹਾ ਕਿ ਉਹ ਸੂਬੇ ਵਿੱਚ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜ਼ਾਜਤ ਨਹੀਂ ਦੇਣਗੇ।ਇਸ ਸਬੰਧ ਵਿੱਚ ਸਖ਼ਤ ਅਤੇ ਦਿ੍ਰੜ ਰੁਖ ਅਪਣਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇ ਇਹ ਤੱਤ ਇਹ ਸੋਚਦੇ ਹਨ ਕਿ ਉਹ ਮੇਰੇ ਦੇਸ਼ ਅਤੇ ਮੇਰੇ ਸੂਬੇ ਦੀ ਸ਼ਾਂਤੀ ਭੰਗ ਕਰ ਸਕਦੇ ਹਨ ਤਾਂ ਉਹ ਬਹੁਤ ਗਲਤਫਹਿਮੀ ਵਿੱਚ ਹਨ। ਮੁੱਖ ਮੰਤਰੀ ਸਪਸ਼ਟ ਕੀਤਾ ਕਿ ਉਨਾਂ ਨੇ ਸੂਬੇ ਵਿੱਚ ਅੱਤਵਾਦ ਨੂੰ ਸੁਰਜੀਤ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਸਖ਼ਤੀ ਨਾਲ ਮਸਲਣ ਲਈ ਪੰਜਾਬ ਪੁਲਿਸ ਨੂੰ ਆਖਿਆ ਹੈ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਦੇ ਪਿਛਲੇ 15 ਮਹੀਨਿਆਂ ਦੇ ਸ਼ਾਸਨ ਦੌਰਾਨ ਪੁਲਿਸ ਨੇ ਬਹੁਤ ਸਾਰੇ ਅੱਤਵਾਦੀ ਗਿਰੋਹਾਂ ’ਤੇ ਨਿਸ਼ਾਨਾ ਸਾਧਿਆ ਹੈ ਅਤੇ ਉਨਾਂ ਕੋਲੋ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ ਸਿੱਕੇ ਤੋਂ ਇਲਾਵਾ ਨਸ਼ੀਲੀਆਂ ਵਸਤਾਂ ਵੀ ਫੜੀਆਂ ਹਨ। 2020 ਰਾਇਸ਼ੁਮਾਰੀ ਰੈਲੀ ਨੂੰ ਰੋਕਣ ਤੋਂ ਇੰਗਲੈਂਡ ਦੀ ਸਰਕਾਰ ਵੱਲੋਂ ਨਾਂਹ ਕਰਨ ਬਾਰੇ ਇਕ ਸਵਾਲ ਦੇ ਜ਼ਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੀ ਉਨਾਂ ਨੂੰ ਕੋਈ ਵੀ ਪਰਵਾਹ ਨਹੀਂ ਹੈ। ਰਾਇਸ਼ੁਮਾਰੀ ਦਾ ਸਮੁੱਚਾ ਵਪਾਰ ਸਿੱਖ ਫਾਰ ਜਸਟਿਸ ਅਤੇ ਇਸ ਨੂੰ ਬੜਾਵਾ ਦੇਣ ਵਾਲਿਆਂ ਦਾ ਪੈਸਾ ਇਕੱਠਾ ਕਰਨ ਦਾ ਇਕ ਸਕੈਂਡਲ ਹੈ। ਉਨਾਂ ਕਿਹਾ ਕਿ ਸੂਬੇ ਵਿੱਚ ਇਸ ਮੁਹਿੰਮ ਬਾਰੇ ਗੱਲ ਕਰਨ ਵਾਲਾ ਕੋਈ ਵੀ ਨਹੀਂ ਹੈ ਕਿਉਂਕਿ ਪੰਜਾਬ ਦੇ ਲੋਕ ਸ਼ਾਂਤੀ ਅਤੇ ਵਿਕਾਸ ਚਾਹੁੰਦੇ ਹਨ। ਮੁੱਖ ਮੰਤਰੀ ਨੇ ਐਸ.ਐਫ.ਜੇ. ਨੂੰ ਪਖੰਡੀਆਂ ਦੀ ਇਕ ਜੱਥੇਬੰਦੀ ਦੱਸਿਆ ਹੈ ਜਿਸ ਦਾ ਮਾਨਵੀ ਅਧਿਕਾਰਾਂ ਦੇ ਕਾਰਜਾਂ ਨਾਲ ਰੱਤੀ ਭਰ ਵੀ ਲੈਣਾ-ਦੇਣਾ ਨਹੀਂ ਹੈ। ਉਨਾਂ ਕਿਹਾ ਕਿ ਸਿਰਫ਼ ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਜਰਮਨੀ ਵਰਗੇ ਦੇਸ਼ਾਂ ਦੇ ਮੁੱਠੀਭਰ ਬੁਖਲਾਏ ਹੋਏ ਸਿੱਖ ਇਸ ਮੁਹਿੰਮ ਦਾ ਸਮਰਥਣ ਕਰ ਰਹੇ ਹਨ ਜੋ ਜ਼ਿਆਦਾ ਸਮਾਂ ਨਹੀਂ ਚਲ ਸਕਦੀ। ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਨਾਂ ਖਾਲਿਸਤਾਨੀ ਤੱਤਾਂ ਨਾਲ ਨਿਪਟਨ ਲਈ ਪੂਰੀ ਤਰਾਂ ਤਿਆਰ ਹਨ ਜੇ ਉਹ ਹਥਿਆਰਾਂ ਨਾਲ ਆਉਂਦੇ ਹਨ ਤਾਂ ਮੇਰੀ ਸਲਾਹ ਉਨਾਂ ਨੂੰ ਇਹੋ ਹੀ ਹੋਵੇਗੀ ਕਿ ਉਹ ਇਨਾਂ ਦਾ ਸਮਰਪਨ ਕਰ ਦੇਣ ਨਹੀਂ ਤਾਂ ਉਨਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।