‘ਭਾਈ ਘਨੱਈਆ ਸਿਹਤ ਸੇਵਾ ਸਕੀਮ ਤਹਿਤ ਲਾਭਪਾਤਰੀਆਂ ਨੂੰ ਮਿਲੇਗੀ 2 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ-ਰਜਿੰਦਰ ਸਿੰਘ

ਮੋਗਾ 10 ਅਗਸਤ:(ਜਸ਼ਨ): ਪੇਂਡੂ ਸਿਹਤ ਸੰਭਾਲ ਅਤੇ ਸਹਿਕਾਰਤਾ ਵਿਭਾਗ ਪੰਜਾਬ ਵੱਲੋਂ ਬਣਾਈ ”ਭਾਈ ਘਨੱਈਆ ਸਿਹਤ ਸੇਵਾ ਸਕੀਮ” ਰਾਹੀਂ ਸਹਿਕਾਰੀ ਬੈਂਕ ਦੇ ਬੱਚਤ ਖਾਤਾ ਧਾਰਕਾਂ, ਸਹਿਕਾਰੀ ਸਭਾਵਾਂ ਦੇ ਮੈਂਬਰਾਂ ਅਤੇ ਸਹਿਕਾਰੀ ਬੈਂਕਾਂ ਦੇ ਸੇਵਾ ਮੁਕਤ ਕ੍ਰਮਚਾਰੀਆਂ ਲਈ ਬਹੁਤ ਹੀ ਘੱਟ ਪ੍ਰੀਮੀਅਮ ’ਤੇ ਵੱਡੇ-ਵੱਡੇ ਨਾਮਵਰ ਹਸਪਤਾਲਾਂ ਵਿੱਚ 2 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਕਰਵਾਇਆ ਜਾ ਸਕਦਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਰਜਿੰਦਰ ਸਿੰਘ ਢਿੱਲੋਂ, ਜ਼ਿਲਾ ਮੈਨੇਜਰ ਨੇ ਅੱਜ ‘ਦੀ ਮੋਗਾ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਮੋਗਾ‘ ਦੇ ਮੁੱਖ ਦਫ਼ਤਰ ਵਿੱਚ ਭਾਈ ਘਨੱਈਆ ਸਿਹਤ ਸੇਵਾ ਸਕੀਮ-2018 ਨੂੰ ਉਤਸ਼ਾਹਿਤ ਕਰਨ ਲਈ ਚੱਲ ਰਹੀਆਂ ਵਰਕਸ਼ਾਪਾਂ ਦੀ ਲੜੀ ਅਧੀਨ ਗ੍ਰਾਹਕਾਂ ਨੂੰ ਜਾਗਰੂਕ ਕਰਨ ਲਈ ਲਗਾਈ ਗਈ ਵਰਕਸ਼ਾਪ ਦੌਰਾਨ 200 ਦੇ ਕਰੀਬ ਬੈਂਕ ਦੇ ਖਾਤਾਧਾਰਕਾਂ ਅਤੇ ਸੇਵਾ ਮੁਕਤ ਕਰਮਚਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ  ਦੱਸਿਆ ਕਿ 75 ਸਾਲ ਤੋਂ ਘੱਟ ਉਮਰ ਦੇ ਮੈਂਬਰ ਇਸ ਸਕੀਮ ਦਾ ਲਾਭ ਲੈ ਸਕਦੇ ਹਨ ਅਤੇ ਉਹ ਬਣਦਾ ਮਾਮੂਲੀ ਪ੍ਰੀਮੀਅਮ ਜਮਾਂ ਕਰਵਾ ਕੇ ਇਸ ਸਕੀਮ ਅਧੀਨ ਕਾਰਡ ਬਣਵਾ ਕੇ ਆਪਣੀਆਂ ਬੀਮਾਰੀਆਂ ਦਾ 2 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕਦੇ ਹਨ।ਉਨਾਂ ਇਹ ਵੀ ਦੱਸਿਆ ਕਿ ਇਸ ਸਕੀਮ ਦੀ ਵਿਸੇਸ਼ਤਾ ਇਹ ਵੀ ਹੈ ਕਿ ਪ੍ਰੀਵਾਰ ਦੇ ਮੁੱਖ ਮੈਂਬਰ ਜ਼ਾਂ ਉਸ ‘ਤੇ ਆਸ਼ਰਿਤ ਦੀਆਂ ਇਸ ਸਕੀਮ ਅਧੀਨ ਆਉਣ ਤੋਂ ਪਹਿਲਾਂ ਮੌਜੂਦ ਬਿਮਾਰੀਆਂ ਦਾ ਇਲਾਜ਼ ਵੀ ਸਕੀਮ ਅਧੀਨ ਉਪਲੱਬਧ ਹੋਵੇਗਾ। ਉਨਾਂ ਕਿਹਾ ਕਿ ਸਕੀਮ ਅਧੀਨ ਲਾਭ ਲੈਣ ਲਈ ਪ੍ਰੀਵਾਰ ਦੇ ਮੁਖੀ ਨੂੰ 1,749 ਰੁਪਏ ਤੇ ਹਰੇਕ ਆਸ਼ਰਿਤ ਨੂੰ 433 ਰੁਪਏ ਦੀ ਬੀਮਾ ਰਾਸ਼ੀ ਅਦਾ ਕਰਨੀ ਹੋਵੇਗੀ। ਸ੍ਰੀ ਰਜਿੰਦਰ ਸਿੰਘ ਨੇ 75 ਸਾਲ ਤੋਂ ਘੱਟ ਉਮਰ ਦੇ ਮੈਂਬਰਾਂ, ਸਹਿਕਾਰੀ ਬੈਂਕਾਂ ਦੇ ਬੱਚਤ ਖਾਤਾਧਰਕਾਂ ਅਤੇ ਵਿਭਾਗ ਦੇ ਕ੍ਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਸਕੀਮ ਤਹਿਤ ਆਪਣਾ ਅਤੇ ਆਪਣੇ ਪ੍ਰੀਵਾਰਕ ਮੈਂਬਰਾਂ ਦਾ ਕਾਰਡ ਜਰੂਰ ਬਣਵਾਉਣ, ਤਾਂ ਜੋ ਜਰੂਰਤ ਪੈਣ ‘ਤੇ ਉਨਾਂ ਨੂੰ ਤੁਰੰਤ ਮਾਨਤਾ ਪ੍ਰਾਪਤ ਹਸਪਤਾਲਾਂ/ਸੁਪਰ ਸਪੈਸ਼ਲਟੀ ਹਸਪਤਾਲਾਂ ਵਿੱਚ 2 ਲੱਖ ਰੁਪਏ ਤੱਕ ਦੇ ਇਲਾਜ ਦੀ ਮੁਫਤ ਸਹੂਲਤ ਪ੍ਰਾਪਤ ਹੋ ਸਕੇ।ਇਸ ਤੋਂ ਇਲਾਵਾ ਅੱਜ ਬੈਂਕ ਦੀਆਂ ਵੱਖ-ਵੱਖ ਬਰਾਂਚਾਂ ਵਿੱਚ ਵੀ ਭਾਈ ਘਨੱਈਆ ਸਿਹਤ ਸੇਵਾ ਸਕੀਮ ਨੂੰ ਉਤਸ਼ਾਹਿਤ ਕਰਨ ਲਈ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਗ੍ਰਾਹਕਾਂ ਨੇ ਸ਼ਮੂਲੀਅਤ ਕੀਤੀ।ਵਰਕਸ਼ਾਪ ਦੌਰਾਨ ਸ਼ਾਮਿਲ ਹੋਏ ਗ੍ਰਾਹਕਾਂ ਵੱਲੋਂ ਇਸ ਸਕੀਮ ਅਧੀਨ ਮੈਂਬਰ ਬਣਨ ਲਈ ਭਾਰੀ ਉਤਸ਼ਾਹ ਦਿਖਾਇਆ ਗਿਆ ਅਤੇ ਮੌਕੇ ‘ਤੇ ਵੱਡੀ ਗਿਣਤੀ ਵਿੱਚ ਗ੍ਰਾਹਕਾਂ ਦੁਆਰਾ ਲਾਭਪਾਤਰੀ ਫ਼ਾਰਮ ਵੀ ਭਰੇ ਗਏ। ਮੁੱਖ ਦਫਤਰ, ਮੋਗਾ ਵਿੱਚ ਲਗਾਈ ਗਈ ਇਸ ਵਰਕਸ਼ਾਪ ਦੌਰਾਨ ਜ਼ਿਲਾ ਕੋ-ਆਰਡੀਨੇਟਰ ਭਾਈ ਘਨੱਈਆ ਸਿਹਤ ਸੇਵਾ ਸਕੀਮ ਮੋਗਾ ਹਰਜੀਤ ਸਿੰਘ, ਸੀਨੀਅਰ ਮੈਨੇਜਰ ਲਛਮਣ ਦਾਸ, ਮੈਨੇਜਰ ਗੋਪਾਲ ਸਿੰਘ ਅਤੇ ਸਰਬਜੀਤ ਸਿੰਘ ਬਰਾੜ, ਕਰਜ਼ਾ ਸ਼ਾਖਾ ਇੰਚਾਰਜ਼ ਵਿਕਾਸ ਕੁਮਾਰ ਅਤੇ ਹੋਰ ਕਈ ਪਤਵੰਤੇ ਸੱਜਣ ਵੀ ਸ਼ਾਮਿਲ ਹੋਏ।