ਸੈਕਰਡ ਹਾਰਟ ਸਕੂਲ ਵਿਖੇ ‘ਸਵੱਛ ਸਰਵੇਖਣ-2019‘ ਤਹਿਤ ਨਗਰ ਨਿਗਮ ਵੱਲੋਂ ਵਰਕਸ਼ਾਪ ਦਾ ਆਯੋਜਨ

ਮੋਗਾ 9 ਅਗਸਤ:(ਜਸ਼ਨ)-‘ਸਵੱਛ ਸਰਵੇਖਣ-2019‘ ਤਹਿਤ ਸੈਕਰਡ ਹਾਰਟ ਸਕੂਲ ਮੋਗਾ ਵਿਖੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਵਿਧਾਇਕ ਮੋਗਾ ਡਾ. ਹਰਜੋਤ ਕਮਲ, ਡਾ. ਪੂਰਨ ਸਿੰਘ ਪ੍ਰੋਜੈਕਟ ਡਾਇਰੈਕਟਰ ਪੀ.ਐਮ.ਆਈ.ਡੀ.ਸੀ. ਚੰਡੀਗੜ ਅਤੇ ਮੇਅਰ ਨਗਰ ਨਿਗਮ ਸ੍ਰੀ ਅਕਸ਼ਿਤ ਜੈਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ, ਜਦ ਕਿ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਨੀਤਾ ਦਰਸ਼ੀ ਬਤੌਰ ਮੁੱਖ ਮਹਿਮਾਨ ਪੁੱਜੇ। ਇਸ ਮੌਕੇ ਡਾ. ਪੂਰਨ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਕੱਪੜੇ ਅਤੇ ਜੂਟ ਤੋ ਬਣੇ ਥੈਲਿਆਂ ਦੀ ਵਰਤੋਂ ਕਰਨ ਬਾਰੇ ਨੂੰ ਜਾਗਰੂਕ ਕੀਤਾ ਗਿਆ ਅਤੇ ਪਲਾਸਟਿਕ ਤੋ ਪੈਦਾ ਹੋਣ ਵਾਲੀਆਂ ਬਿਮਾਰੀਆਂ ਬਾਰੇ ਵੀ ਜਾਣੂੰ ਕਰਵਾਇਆ ਗਿਆ। ਉਨਾਂ ਦੱਸਿਆ ਕਿ ਕੂੜੇ ਕਰਕਟ ਦੀ ਸਾਂਭ-ਸੰਭਾਲ ਲਈ ਸਿੰਗਲ ਪਿੱਟ ਬਣਾ ਕੇ ਗਿੱਲੇ ਕੂੜੇ ਤੋ ਖਾਦ ਬਣਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਕੂੜੇ ਨੂੰ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਦੋ ਭਾਗਾਂ ਵਿੱਚ ਵੱਖੋ-ਵੱਖ ਡਸਟਬਿਨਾਂ ‘ਚ ਰੱਖਣਾ ਚਾਹੀਦਾ ਹੈ। ਉਨਾਂ ਸ਼ਹਿਰ ਦੇ ਮੈਰਿਜ਼ ਪੈਲਿਸਾਂ/ਰੈਸਟੋਰੈਟ ਮਾਲਕਾਂ ਨੂੰ ਆਪਣੇ ਤੌਰ ‘ਤੇ ਸਿੰਗਲ ਪਿੱਟ ਬਣਾ ਕੇ ਕੂੜੇ ਤੋ ਖਾਦ ਬਣਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਵਿਧਾਇਕ ਮੋਗਾ ਡਾ. ਹਰਜੋਤ ਕਮਲ ਨੇ ਕਿਹਾ ਕਿ ‘ਤੰਦਰੁਸਤ ਪੰਜਾਬ ਮਿਸ਼ਨ‘ ਅਧੀਨ ਸਾਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋ ਤੋ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਕੇਵਲ ਕੱਪੜੇ, ਜੂਟ ਤੋ ਬਣੇ ਅਤੇ ਗਲਣਸ਼ੀਲ ਥੈਲਿਆਂ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਪਲਾਸਟਿਕ ਲਿਫ਼ਾਫ਼ੇ ਲੰਬੇ ਸਮੇਂ ਤੱਕ ਨਹੀਂ ਗਲਦੇ, ਜਿਸ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ, ਜਿਸ ਸਦਕਾ ਕਈ ਮਨੁੱਖੀ ਬੀਮਾਰੀਆਂ ਪੈਦਾ ਹੁੰਦੀਆਂ ਹਨ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਨੀਤਾ ਦਰਸ਼ੀ ਨੇ ‘ਸਵੱਛ ਸਰਵੇਖਣ-2019‘ ਵਿੱਚ ਸ਼ਹਿਰ ਨੂੰ ਸਟਾਰ ਰੈਕਿੰਗ ਵਿੱਚ ਲਿਆਉਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਵੱਲੋ ਪੂਰੀ ਮਿਹਨਤ, ਤਨਦੇਹੀ ਅਤੇ ਲਗਨ ਨਾਲ ਕੰਮ ਕਰਨ ਬਾਰੇ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਵਿਜਯਾ ਜੇਬਾ ਕੁਮਾਰ , ਐਡਮਿਨਸਟਰੇਟਰ ਅਮਰਜੀਤ ਕੌਰ ਗਿੱਲ, ਕਾਰਜਕਾਰੀ ਇੰਜੀਨੀਅਰ ਰਵਿੰਦਰ ਸਿੰਗਲਾ, ਉੱਪ ਮੰਡਲ ਅਫ਼ਸਰ ਗੁਰਪ੍ਰੀਤ ਸਿੰਘ, ਸੈਨੇਟਰੀ ਇੰਸਪੈਕਟਰ ਸੁਮਨ ਕੁਮਾਰ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ, ਅਰਜਨ ਸਿੰਘ, ਅਮਰਜੀਤ ਸਿੰਘ, ਰਮਨਦੀਪ, ਹਰਪ੍ਰੀਤ, ਸਮੂਹ ਮੋਟੀਵੇਟਰ ਅਤੇ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।