‘ਮਿਸ਼ਨ ਤੰਦਰੁਸਤ ਪੰਜਾਬ’ ਦੀ ਨਿਕਲੀ ਫੂਕ, ਫਿਰੋਜ਼ਪੁਰ ਦੇ ਪਿੰਡ ਹੁਸੈਨੀਵਾਲਾ ‘ਚ ਕੈਂਸਰ ਦੇ ਕਹਿਰ ਨੇ ਉਜਾੜੇ ਅਨੇਕਾਂ ਪਰਿਵਾਰ,ਸਵੱਛਤਾ ਅਭਿਆਨ ਤੋਂ ਪਹਿਲਾਂ ਸਰਕਾਰ ਦੂਸ਼ਿਤ ਪਾਣੀ ਦੀ ਸਮੱਸਿਆ ਨੂੰ ਕਰੇ ਹੱਲ

ਫਿਰੋਜ਼ਪੁਰ,8 ਅਗਸਤ (ਪੰਕਜ ਕੁਮਾਰ): ਜ਼ਿਲਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਹੁਸੈਨੀਵਾਲਾ ਵਰਕਸ਼ਾਪ ‘ਚ ਸਭ ਤੋਂ ਵੱਧ ਕੈਂਸਰ ਤੋਂ ਪੀੜਤ ਲੋਕ ਮੌਜੂਦ ਸਨ ਜੋ ਕੈਂਸਰ  ਦੇ ਖੌਫ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਨ।  ਪਿਛਲੇ ਕੁੱਝ ਹੀ ਸਮੇਂ ਦੌਰਾਨ ਇਸ ਪਿੰਡ ਦੇ 15 - 16 ਲੋਕ ਕੈਂਸਰ ਹੋਣ ਦੀ ਵਜਾ ਨਾਲ ਆਪਣੀਆਂ ਜਾਨਾ ਗਵਾ ਚੁੱਕੇ ਹਨ ਅਤੇ ਹੁਣੇ ਵੀ ਕਿੰਨੇ ਲੋਕ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਪੀੜਤ ਹਨ ਅਤੇ ਉਹ ਇਲਾਜ ਲਈ ਦਰ ਦਰ ਦੀਆ ਠੋਕਰਾਂ ਖਾ ਰਹੇ ਹਨ । ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਪਿੰਡ ਬਾਰਡਰ ਤੋਂ ਕੇਵਲ ਤਿੰਨ ਕਿਲੋਮੀਟਰ ਪਿੱਛੇ ਸਰਹੱਦੀ ਇਲਾਕੇ ਵਿੱਚ ਪੈਂਦਾ ਹੈ ਜਿੱਥੇ ਹਾਲੇ ਤੀਕਰ ਪ੍ਰਸ਼ਾਸ਼ਨਿਕ ਅਧਿਕਾਰੀ ਹੱਥ ਤੇ  ਹੱਥ ਧਰੇ ਕੈਂਸਰ ਪੀੜਿਤਾਂ ਦੀ ਮੌਤ ਦਾ ਕੇਵਲ ਦੂਰੋਂ ਤਮਾਸ਼ਾ ਹੀ ਵੇਖ ਰਹੇ ਹਨ ਲੇਕਿਨ ਹੁਣ ਤੱਕ ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ  ਦੇ ਪਿੱਛੇ ਅਸਲ ਵਜਹ ਕੀ ਹੈ। ਇਕ ਪਾਸੇ  ਜਿਥੇ ਪੰਜਾਬ ਸਰਕਾਰ  ਵੱਲੋਂ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਸ਼ਨ ਤੰਦਰੁਸਤ ਪੰਜਾਬ ਮੁੰਹਿਮ ਚਲਾਈ ਗਈ ਹੈ ਉਥੇ  ਦੂਜੇ ਪਾਸੇ ਸਰਹੱਦੀ ਜ਼ਿਲਾ ਫਿਰੋਜ਼ਪੁਰ ਤੰਦਰੁਸਤ ਪੰਜਾਬ ਦੀ ਫੂਕ ਕੱਢ ਰਿਹਾ ਹੈ। ਬਾਰਡਰ  ਦੇ ਬਿਲਕੁਲ ਨਜ਼ਦੀਕ ਪੈਣ ਵਾਲਾ ਹੁਸੈਨੀਵਾਲਾ ਵਰਕਸ਼ਾਪ ਪਿੰਡ ਜਿਥੋਂ ਦੇ ਰਹਿਣ ਵਾਲੇ ਲੋਕ ਤੰਦਰੁਸਤੀ ਦੀ ਜਗਾ ਆਏ ਦਿਨ ਹੀ ਕਈ ਜਾਨਲੇਵਾ ਬੀਮਾਰੀਆਂ ਦੀ ਵਜਹ ਨਾਲ ਦਮ ਤੋੜ ਰਹੇ ਹਨ । ਜਦੋਂ ਇਸ ਪਿੰਡ ਦਾ ਦੌਰਾ ਕੀਤਾ ਗਿਆ ਤਾਂ ਇੱਥੇ ਆ ਕੇ ਪਤਾ ਲੱਗਾ ਕਿ ਇਥੇ ਕੁਝ ਦਿਨਾਂ ਦੇ ਅੰਤਰਾਲ ‘ਚ ਹੀ ਲਗਾਤਾਰ 4- 5 ਲੋਕਾਂ ਦੀ ਇਕ ਤੋਂ ਬਾਅਦ ਇਕ ਕੈਂਸਰ ਨਾਲ ਮੌਤਾਂ ਹੋਈਆਂ ਹਨ। ਇਸ ਪਿੰਡ ਦੇ  ਵਸਨੀਕ ਦੀਨ ਦਯਾਲ ਅਤੇ ਅਸ਼ਵਨੀ ਕੁਮਾਰ ਦੀ ਕੈਂਸਰ ਨਾਲ ਹੋਈ ਮੌਤ ਤੋਂ ਬਾਅਦ ਪੀੜਤ ਪਰਿਵਾਰਾਂ  ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਅਜੇ ਤੀਕਰ ਉਹਨਾਂ ਦੇ  ਕੋਲ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਉਨਾਂ ਦੀ ਖੈਰ ਖਬਰ ਲੈਣ ਨਹੀਂ ਆਇਆ।  ਇਥੋਂ ਦੇ ਵਸਨੀਕਾਂ ਨੇ ਕੈਂਸਰ ਫੈਲਣ ਦੀ ਸਭ ਤੋਂ ਵੱਡੀ ਵਜਹ ਇਥੋਂ ਦੇ ਨਲਕਿਆਂ ਵਿਚ ਆਉਣ ਵਾਲੇ ਪਾਣੀ ਨੂੰ ਦੱਸਿਆ ਹੈ ਜੋ ਕਿ ਲੋਕਾਂ ਦੇ ਪੀਣ ਯੋਗ ਨਹੀਂ ਹੈ  । ਇਸ ਪਿੰਡ ਵਿਚ ਰਹਿਣ ਵਾਲੇ ਦੀਨ ਦਿਆਲ ਅਤੇ ਅਸ਼ਵਨੀ ਸ਼ਰਮਾ ਨੂੰ ਹੀ ਮੌਤ ਦੀ ਨੀਂਦ ਵਿੱਚ ਨਹੀਂ ਸੁਲਾਇਆ ਹੈ ਸਗੋਂ ਇੱਥੇ ਕਈ ਅਜਿਹੇ ਘਰ ਵੀ ਹਨ ਜਿਨਾਂ ਦੇ ਘਰਾਂ ਨੂੰ  ਕੈਂਸਰ ਨੇ ਉਜਾੜ ਕੇ ਰੱਖ ਦਿੱਤਾ ਹੈ ।  ਉਨਾਂ ਕਿਹਾ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਆਪਣੀਆਂ ਕੁਰਸੀਆਂ ਛੱਡ ਇੱਥੇ ਦੇ ਰਹਿਣ ਵਾਲਿਆਂ  ਦਾ ਆ ਕੇ ਹਾਲਚਾਲ ਪੁੱਛਣਾ ਚਾਹੀਦਾ ਹੈ ਅਤੇ ਇੱਥੇ  ਦੇ ਦੂਸ਼ਿਤ ਪਾਣੀ ਦੀ ਸਮੱਸਿਆ ਦਾ ਛੇਤੀ ਤੋਂ ਛੇਤੀ ਹੱਲ ਕਰਨਾ ਚਾਹੀਦਾ ਹੈ ,  ਤਾਂ ਕਿ ਆਉਣ ਵਾਲੀਆਂ ਪੀੜੀਆਂ ਨੂੰ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਫਿਰੋਜ਼ਪੁਰ  ਦੇ ਪਿੰਡ ਹੁਸੈਨੀਵਾਲਾ ਵਰਕਸ਼ਾਪ  ਦੇ ਸਰਪੰਚ ਸ਼ਿਵ ਕੁਮਾਰ  ਦਾ ਕਹਿਣਾ ਹੈ ਕਿ ਇਸ ਪਿੰਡ ਵਿਚ ਕੈਂਸਰ ਨਾਲ ਹੋਣ ਵਾਲੀ ਮੌਤਾਂ ਦਾ ਠੀਕ ਤਰਾਂ ਨਾਲ ਪਤਾ ਤਾਂ ਨਹੀਂ ਲੱਗ ਸਕਿਆ ਹੈ ਲੇਕਿਨ ਮੁੱਖ ਕਾਰਨ ਇਥੇ ਖ਼ਰਾਬ ਅਤੇ ਦੂਸ਼ਿਤ ਪਾਣੀ ਨੂੰ ਮੰਨਿਆ ਜਾ ਰਿਹਾ ਹੈ । ਉਨਾਂ ਦੱਸਿਆ ਕਿ  ਇਹ ਪਰੇਸ਼ਾਨੀ ਪਿੱਛੇ ਇੱਕ ਢੇਢ ਸਾਲ ਤੋਂ  ਜ਼ਿਆਦਾ ਵੱਧ ਗਈ ਹੈ ਜਿਸ ਪਾਸੇ ਪ੍ਰਸ਼ਾਸ਼ਨ ਦਾ ਬਿਲਕੁਲ ਵੀ ਧਿਆਨ ਨਹੀਂ ਹੈ।  ਹੁਸੈਨੀਵਾਲਾ ਪਿੰਡ ਵਿੱਚ ਕੈਂਸਰ ਨਾਲ  ਹੋ ਰਹੀਆ  ਮੌਤਾਂ ਬਾਰੇ  ਜਦ ਏ . ਡੀ . ਸੀ ਗੁਰਮੀਤ ਸਿੰਘ  ਮੁਲਤਾਨੀ ਨਾਲ ਗੱਲ ਕੀਤੀ ਗਈ ਤਾਂ ਉਨਾਂ ਮੰਨਿਆ ਕਿ ਫਿਰੋਜ਼ਪੁਰ ਵਿਚ ਕੈਂਸਰ ਨਾਲ ਕਈ ਮੌਤਾਂ ਹੋ ਚੁੱਕੀਆ ਹਨ।   ਉਹਨਾਂ ਦਾ ਕਹਿਣਾ ਸੀ ਕਿ  ਪ੍ਰਸ਼ਾਸ਼ਨ ਨੇ ਇਸਦਾ ਨੋਟਿਸ ਲੈਂਦੇ ਹੋਏ ਵਾਟਰ ਸਪਲਾਈ ਵਿਭਾਗ  ਦੇ ਅਧਿਕਰੀਆਂ ਨੂੰ ਪਾਣੀ  ਦੇ ਸੈਂਪਲ ਭਰ ਕੇ ਟੈਸਟ ਕਰਵਾਉਣ  ਦੇ ਨਿਰਦੇਸ਼ ਦਿੱਤੇ ਹਨ, ਜਿਸਦੀ ਰਿਪੋਰਟ ਅੱਗੇ  ਭੇਜੀ ਜਾਵੇਗੀ । ਉਨਾਂ ਦੱਸਿਆ ਕਿ ਇਸ ਸੰਬੰਧੀ ਸਿਵਲ ਸਰਜਨ ਫਿਰੋਜ਼ਪੁਰ ਨੂੰ ਵੀ ਕਿਹਾ ਗਿਆ ਹੈ ਕਿ ਉਸ ਪਿੰਡ ਵਿਚ ਜਾ ਕੇ ਸਰਵੇ ਕਰਕੇ ਆਪਣੀ ਰਿਪੋਰਟ ਭੇਜਣ ਤਾਂ ਜੋ ਪਤਾ ਲੱਗ ਸਕੇ ਕਿ ਪਾਣੀ ਤੋਂ  ਇਲਾਵਾ ਇਸ ਦੇ ਫੈਲਣ ਦੀ ਕੋਈ ਹੋਰ ਵਜਹ ਤਾਂ ਨਹੀਂ ਹੈ ਜਿਸਦੀ ਰਿਪੋਰਟ ਆਉਣ ਤੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ  । ਜ਼ਿਕਰਯੋਗ ਹੈ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਅਤੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਇਆ ਤੰਦਰੁਸਤ ਪੰਜਾਬ ਮਿਸ਼ਨ ਵਰਗੇ ਉਪਰਾਲੇ ਕੀਤੇ ਜਾ ਰਹੇ ਹਨ ਉਧਰ ਦੂਜੇ ਪਾਸੇ ਫਿਰੋਜ਼ਪੁਰ ਦੇ ਬਾਰਡਰ ਨੇੜਲੇ ਪਿੰਡ ਹੁਸੈਨੀਵਾਲਾ ਵਰਕਸ਼ਾਪ ਵਿਖੇ ਕੈਂਸਰ ਵਰਗੀ ਘਾਤਕ ਬਿਮਾਰੀ ਨਾਲ ਕਈ ਲੋਕਾਂ ਦੀਆ ਮੌਤਾਂ ਹੋ ਰਹੀਆਂ ਹਨ ਅਤੇ ਅਨੇਕਾਂ ਕੈਂਸਰ ਦੀ ਗਿ੍ਰਫਤ ਵਿਚ ਆ ਕੇ ਇਸ ਨਾਮੁਰਾਦ ਬੀਮਾਰੀ ਨਾਲ ਜੂਝ ਰਹੇ ਹਨ । ਅਜਿਹੇ ਵਿੱਚ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਨੀਂਦ ਕਦੋਂ ਖੁਲੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ  

  ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ