ਚਾਲੂ ਮਾਲੀ ਸਾਲ ਦੌਰਾਨ ਜ਼ਿਲੇ ‘ਚ 124 ਸਿਖਿਆਰਥੀਆਂ ਨੂੰ ਟ੍ਰੇਨਿੰਗ ਉਪਰੰਤ 2 ਤੋਂ 50 ਦੁਧਾਰੂ ਪਸ਼ੂਆਂ ਦੇ ਡੇਅਰੀ ਫ਼ਾਰਮ ਸਥਾਪਿਤ ਕਰਵਾਏ - ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ

ਮੋਗਾ 8 ਅਗਸਤ:  (ਜਸ਼ਨ):ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਤਕਨੀਕੀ ਤੇ ਕਿੱਤਾਮੁਖੀ ਸਿਖਲਾਈ ਦੇਣ ਤੋਂ ਇਲਾਵਾ ਨੌਜਵਾਨਾਂ ਨੂੰ ਡੇਅਰੀ ਕਿੱਤੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਦੇਣ ਲਈ ਡੇਅਰੀ ਵਿਕਾਸ ਵਿਭਾਗ ਤੇ ਪੰਜਾਬ ਡੇਅਰੀ ਵਿਕਾਸ ਬੋਰਡ ਰਾਹੀਂ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਖੇਤੀਬਾੜੀ ਦੇ ਪ੍ਰਚੱਲਿਤ ਢੰਗ ਵਿੱਚ ਵੰਨ-ਸੁਵੰਨਤਾ ਲਿਆਉਣ ਅਤੇ ਕਿਸਾਨਾਂ ਨੂੰ ਝੋਨੇ/ਕਣਕ ਦੇ ਫ਼ਸਲੀ ਚੱਕਰ ਤੋਂ ਬਾਹਰ ਕੱਢਣ ਲਈ ਡੇਅਰੀ ਫਾਰਮਿੰਗ ਇੱਕ ਅਜਿਹਾ ਧੰਦਾ ਹੈ, ਜੋ ਪੰਜਾਬ ਦੇ ਕਿਸਾਨਾਂ ਲਈ ਲਾਹੇਵੰਦ ਸਿੱਧ ਹੋ ਸਕਦਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਨੇ ਕਿਹਾ ਕਿ ਬੇਰੋਜ਼ਗਾਰ ਨੌਜਵਾਨ ਡੇਅਰੀ ਫ਼ਾਰਮਿੰਗ ਦਾ ਤਕਨੀਕੀ ਗਿਆਨ ਹਾਸਲ ਕਰਕੇ ਸਵੈ-ਰੋਜ਼ਗਾਰ ਸਥਾਪਿਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਡੇਅਰੀ ਸਿਖਲਾਈ ਪ੍ਰਾਪਤ ਬੇਰੋਜ਼ਗਾਰ ਲੜਕੇ/ਲੜਕੀਆਂ ਨੂੰ ਵਪਾਰਕ ਡੇਅਰੀ ਫ਼ਾਰਮ ਸਥਾਪਿਤ ਕਰਨ ਲਈ ਬੈਂਕਾਂ ਤੋਂ ਲੋੜ ਮੁਤਾਬਿਕ ਵਿੱਤੀ ਸਹਾਇਤਾ ਵੀ ਦਿਵਾਈ ਜਾਂਦੀ ਹੈ। ਉਨਾਂ ਕਿਹਾ ਕਿ ਜ਼ਿਲੇ ਵਿੱਚ ਇਸ ਚਾਲੂ ਮਾਲੀ ਸਾਲ ਦੌਰਾਨ 124 ਸਿਖਿਆਰਥੀਆਂ ਨੂੰ ਡੇਅਰੀ ਟ੍ਰੇਨਿੰਗ ਦੇ ਕੇ 2 ਤੋਂ 50 ਦੁਧਾਰੂ ਪਸੂਆਂ ਦੇ ਡੇਅਰੀ ਫ਼ਾਰਮ ਸਥਾਪਤ ਕਰਵਾਏ ਗਏ, ਜਿਨਾਂ ਵਿੱਚੋਂ 80 ਤੋਂ ਵੱਧ ਲੋੜਵੰਦ ਬਿਨੈਕਾਰਾਂ ਨੂੰ ਡੇਅਰੀ ਫ਼ਾਰਮ ਸਥਾਪਿਤ ਕਰਨ ਲਈ 1 ਕਰੋੜ 38 ਲੱਖ 60 ਹਜ਼ਾਰ ਰੁਪਏ ਦਾ ਕਰਜ਼ਾ ਬੈਂਕਾਂ ਤੋਂ ਮੁਹੱਈਆ ਕਰਵਾਇਆ ਗਿਆ। ਉਨਾਂ ਦੱਸਿਆ ਕਿ ਇਨਾਂ ਲਾਭਪਾਤਰੀਆਂ ਵਿੱਚੋਂ 2 ਤੋਂ 10 ਪਸੂਆਂ ਦੇ ਡੇਅਰੀ ਫ਼ਾਰਮ ਸਥਾਪਿਤ ਕਰਨ ਵਾਲਿਆਂ ਨੂੰ ਨਾਬਾਰਡ ਤੋਂ ਜਨਰਲ ਲਾਭਪਾਤਰੀਆਂ ਲਈ 25 ਫ਼ੀਸਦੀ ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਲਈ 33 ਫ਼ੀਸਦੀ ਦੀ ਦਰ ਨਾਲ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਡੇਅਰੀ ਫ਼ਾਰਮਿੰਗ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ 05 ਦੁੱਧ ਚੁਆਈ ਮਸੀਨਾਂ, 02 ਚਾਰਾ ਕੱਟਣ ਵਾਲੀਆਂ ਮਸ਼ੀਨਾਂ ਅਤੇ 1  ਟੀ.ਐਮ.ਆਰ ਵੈਗਨ ਸਬਸਿਡੀ ‘ਤੇ ਮੁਹੱਈਆ ਕਰਵਾਏ ਗਏ। ਡਿਪਟੀ ਡਾਇਰੈਕਟਰ ਡੇਅਰੀ, ਮੋਗਾ ਸ੍ਰੀ ਨਿਰਵੈਰ ਸਿੰਘ ਨੇ ਦੱਸਿਆ ਕਿ ਦੁੱਧ ਖਪਤਕਾਰਾਂ ਨੂੰ ਮਿਆਰੀ ਦੁੱਧ ਦੀ ਗੁਣਵੱਤਾ ਸਬੰਧੀ ਜਾਗਰੂਕ ਕਰਨ ਲਈ ਇਸ ਚਾਲੂ ਵਿੱਤੀ ਸਾਲ ਦੌਰਾਨ ਵੱਖ-ਵੱਖ ਮੁਹੱਲਿਆਂ ਵਿੱਚ 13 ਮੁਫ਼ਤ ਦੁੱਧ ਪਰਖ ਕੈਂਪ ਲਗਾਏ ਗਏ, ਜਿਨਾਂ ਦੌਰਾਨ 338 ਦੁੱਧ ਦੇ ਸੈਂਪਲ ਟੈਸਟ ਕਰਕੇ ਉਨਾਂ ਦੀ ਗੁਣਵੱਤਾ ਬਾਰੇ ਦੁੱਧ ਖਪਤਕਾਰਾਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲੇ ਦੇ ਪਿੰਡਾਂ ਵਿੱਚ 02 ਬਲਾਕ ਪੱਧਰੀ ਕੈਂਪ ਲਗਾ ਕੇ 204 ਦੁੱਧ ਉਤਪਾਦਕਾਂ ਨੂੰ ਵਪਾਰਕ ਡੇਅਰੀ ਕਿੱਤੇ ਸਬੰਧੀ ਜਾਗਰੂਕ ਕੀਤਾ ਗਿਆ ਅਤੇ 06 ਮੁਫ਼ਤ ਫੀਡ ਪਰਖ ਕਂੈਪ ਲਗਾ ਕੇ 135 ਤੋਂ ਵੱਧ ਕੈਟਲਫੀਡ ਦੇ ਸੈਂਪਲ ਟੈਸਟ ਕਰਕੇ ਕਿਸਾਨਾਂ ਨੂੰ ਉਨਾਂ ਦੁਆਰਾ ਵਰਤੀ ਜਾ ਰਹੀ ਪਸੂ ਖੁਰਾਕ ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ਬਾਕੀ ਧੰਦਿਆਂ ਵਾਂਗ ਡੇਅਰੀ ਕਿੱਤਾ ਵੀ ਵਿਗਿਆਨਕ ਬਣਦਾ ਜਾ ਰਿਹਾ ਹੈ, ਜਿਸ ਕਰਕੇ ਇਸ ਦੀ ਵਿਗਿਆਨਕ ਸਿਖਲਾਈ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਪਸ਼ੂ ਪਾਲਣ ਦਾ ਧੰਦਾ ਇੱਕ ਇਹੋ ਜਿਹਾ ਕਿੱਤਾ ਹੈ, ਜਿਸ ਵਿੱਚ ਰੋਜ਼ਾਨਾ ਜਾਂ 10 ਦਿਨਾਂ ਬਾਅਦ ਦੁੱਧ ਦੀ ਕੀਮਤ ਮਿਲਣੀ ਯਕੀਨੀ ਹੈ, ਇਸ ਲਈ ਕਿਸਾਨ ਖੇਤੀਬਾੜੀ ਦੇ ਨਾਲ-ਨਾਲ ਡੇਅਰੀ ਕਿੱਤੇ ਨੂੰ ਅਪਨਾ ਕੇ ਆਪਣੀ ਆਮਦਨ ‘ਚ ਚੋਖਾ ਵਾਧਾ ਕਰ ਸਕਦੇ ਹਨ।