ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਪਿੰਡ ਥੰਮਣਵਾਲ ਵਿਖੇ ਲਗਾਇਆ ਗਿਆ ਕੈਂਪ

ਮੋਗਾ 8 ਅਗਸਤ:(ਜਸ਼ਨ)- ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਚੱਲ ਰਹੇ ਕੈਂਪਾਂ ਦੀ ਲੜੀ ਅਧੀਨ ਵਿਧਾਇਕ ਮੋਗਾ ਡਾ: ਹਰਜੋਤ ਕਮਲ ਅਤੇ ਉਪ ਮੰਡਲ ਮੈਜਿਸਟ੍ਰੇਟ ਮੋਗਾ ਸ਼੍ਰੀ ਲਾਲ ਵਿਸ਼ਵਾਸ ਦੀ ਅਗਵਾਈ ਹੇਠ ਪਿੰਡ ਥੰਮਣਵਾਲ ਵਿਖੇ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਥੰਮਣਵਾਲ ਅਤੇ ਝੰਡੇਆਣਾ ਗਰਬੀ ਦੇ ਲੋਕਾਂ ਨੇ ਭਾਗ ਲਿਆ। ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਹੋਏ ਅਤੇ ਉਨਾਂ ਨੇ ਲੋਕਾਂ ਨੂੰ ਆਪਣੇ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਅਤੇ ਮੌਕੇ ‘ਤੇ ਹੀ ਯੋਗ ਲਾਭਪਾਤਰੀਆਂ ਦੇ ਨਾਮ ਵੀ ਦਰਜ ਕੀਤੇ ਗਏ। ਇਸ ਮੌਕੇ ਜ਼ਿਲਾ ਭਲਾਈ ਅਫ਼ਸਰ ਹਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕੇਵਲ ਯੋਗ ਲਾਭਪਾਤਰ ਹੀ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਉਠਾ ਰਹੇ ਹਨ। ਉਨਾਂ ਦੱਸਿਆ ਕਿ ਇਸ ਯੋਜਨਾ ਦਾ ਮਕਸਦ ਸਰਕਾਰ ਵੱਲੋਂ ਲੋਕਾਂ ਨੂੰ ਪਿੰਡ ਪੱਧਰ ‘ਤੇ ਸਹੂਲਤਾਂ ਪ੍ਰਦਾਨ ਕਰਨਾ ਹੈ, ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਕਿਸੇ ਵੀ ਸਕੀਮ ਦਾ ਲਾਭ ਲੈਣ ਤੋਂ ਵਾਂਝਾ ਨਾ ਰਹਿ ਜਾਵੇ। ਉਨਾਂ ਦੱਸਿਆ ਕਿ ਇਸ ਮੌਕੇ ਭਲਾਈ ਵਿਭਾਗ ਮੋਗਾ ਵੱਲੋਂ ਲੋਕਾਂ ਨੂੰ ਭਲਾਈ ਸਕੀਮਾਂ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ/ਮਾਸਲੰਚ ਕਰਵਾਇਆ ਗਿਆ। ਉਨਾਂ ਅਨੁਸੁੂਚਿਤ ਜਾਤੀ ਦੇ ਲੋਕਾਂ ਦੀ ਭਲਾਈ ਲਈ ਭਲਾਈ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਅਸ਼ੀਰਵਾਦ ਸਕੀਮ, ਅੰਤਰਜਾਤੀ ਵਿਆਹ ਸਕੀਮ, ਮਕਾਨ ਸਕੀਮ, ਧਰਮਸ਼ਾਲਾ ਸਕੀਮ ਅਤੇ ਅੱਤਿਆਚਾਰ ਰੋਕਥਾਮ ਐਕਟ 1989 ਤਹਿਤ ਜਾਣਕਾਰੀ ਦਿੱਤੀ।
ਉਨਾਂ ਕਿਹਾ ਕਿ ਲੋਕਾਂ ਨੂੰ ਭਲਾਈ ਵਿਭਾਗ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣਾ ਚਾਹੀਦਾ ਹੈ।ਇਸ ਮੌਕੇ ਦਿੱਲੀ ਤੋਂ ਸ਼੍ਰੀ ਅਸ਼ਵਨੀ ਵਰਮਾ ਸੈਕਸ਼ਨ ਅਫ਼ਸਰ ਦੀ ਅਗਵਾਈ ਹੇਠ ਆਈ ਵਿਸ਼ੇਸ਼ ਟੀਮ ਵੱਲੋਂ ਵੱਖ-ਵੱਖ ਵਿਭਾਗਾਂ ਦੀਆਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਉਨਾਂ ਨੇ ਆਮ ਲੋਕਾਂ ਨੂੰ ਸਕੀਮਾਂ ਬਾਰੇ ਆਪਣੇ ਸੁਝਾਅ ਅਤੇ ਪੇਸ਼ ਆਉਦੀਆਂ ਮੁਸ਼ਕਲਾਂ ਬਾਰੇ ਵੀ ਪੁੱਛਿਆ। ਇਸ ਕੈਂਪ ਵਿਚ ਸਿੱਖਿਆ ਵਿਭਾਗ ਵੱਲੋਂ ਬਲਕਰਨ ਸਿੰਘ, ਪਰਵਿੰਦਰ ਕੌਰ ਜਲ ਸਪਲਾਈ ਵਿਭਾਗ, ਸੰਦੀਪ ਸਿੰਘ ਕਿਰਤ ਵਿਭਾਗ, ਪ੍ਰਦੀਪ ਸਿੰਘ ਖੁਰਾਕ ਤੇ ਸਪਲਾਈ ਵਿਭਾਗ, ਜੋਗਿੰਦਰ ਸਿੰਘ ਸਹਿਕਾਰਤਾ ਵਿਭਾਗ, ਜਸਵਿੰਦਰ ਸਿੰਘ ਪੰਚਾਇਤ ਵਿਭਾਗ ਤੋਂ ਇਲਾਵਾ ਪ੍ਰਦੀਪ ਕੁਮਾਰ ਸਰਪੰਚ ਗ੍ਰਾਮ ਪੰਚਾਇਤ ਥੰਮਣਵਾਲਾ, ਗੁਲਵਿੰਦਰ ਸਿੰਘ ਸੰਧੂ, ਜਸਵੀਰ ਸਿੰਘ ਝੰਡੇਆਣਾ, ਜਗਦੇਵ ਸਿੰਘ, ਬਾਬਾ ਸੁੱਚਾ ਸਿੰਘ ਅਤੇ ਬਲਜੀਤ ਸਿੰਘ ਗਿੱਲ ਆਦਿ ਹਾਜ਼ਰ ਸਨ।