ਕੈਨੇਡਾ ‘ਚ ਗੋਲੀਆਂ ਮਾਰ ਕੇ ਜਗਰਾਓਂ ਦੇ ਗਗਨ ਧਾਲੀਵਾਲ ਦਾ ਕੀਤਾ ਕਤਲ

ਜਗਰਾਓਂ, 6 ਅਗਸਤ (ਕੁਲਦੀਪ ਲੋਹਟ )-ਲੁਧਿਆਣਾ ਜ਼ਿਲੇ ਦੇ ਸ਼ਹਿਰ ਜਗਰਾਓਂ ਦੇ ਅਗਵਾੜ ਲੋਪੋ ਦੇ ਰਹਿਣ ਵਾਲੇ ਗਗਨ ਧਾਲੀਵਾਲ ਦਾ ਕੈਨੇਡਾ ਦੇ ਐਬਸਫੋਰਡ ਸ਼ਹਿਰ ਵਿਚ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ । ਇਹ ਘਟਨਾ 4 ਅਗਸਤ ਨੂੰ ਕਨੇਡੀਅਨ ਸਮੇਂ ਮੁਤਾਬਕ ਸ਼ਾਮ ਨੂੰ ਵਾਪਰੀ ਜਦੋਂ 20 ਸਾਲਾ ਗਗਨ ਧਾਲੀਵਾਲ ਸ਼ਨੀਵਾਰ ਸ਼ਾਮ ਨੂੰ ਆਪਣੀ ਭੂਆ ਦੇ ਲੜਕਿਆਂ ਦੇ ਨਾਲ ਆਪਣੇ ਘਰ ਦੇ ਗੈਰਾਜ ਵਿਚ ਮੌਜੂਦ ਸੀ ਤਾਂ ਉਥੇ ਅਣਪਛਾਤੇ ਵਿਅਕਤੀਆਂ ਨੇ ਦਾਖਲ ਹੋ ਕੇ ਗਗਨ ਧਾਲੀਵਾਲ ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿੰਨਾਂ ਵਿਚੋਂ ਦੋ ਗੋਲੀਆਂ ਉਸਦੇ ਦਿਲ ਦੇ ਨਜ਼ਦੀਕ ਲੱਗੀਆਂ। ਗਗਨ ਧਾਲੀਵਾਲ ਨੇ ਗੋਲੀਆਂ ਲੱਗਣ ਤੇ ਮੌਕੇ ਤੇ ਹੀ ਆਪਣੀ ਮਾਂ ਅਤੇ ਦਾਦੇ ਦੇ ਹੱਥਾਂ ਵਿਚ ਹੀ ਪ੍ਰਾਣ ਤਿਆਗ ਦਿਤੇ। ਇਸ ਘਟਨਾ ਵਿਚ ਉਸਦੀ ਭੂਆ ਦਾ ਮੁੰਡਾ ਵੀ ਬੁਰੀ ਤਰਾ ਨਾਲ ਜ਼ਖਮੀਂ ਹੋ ਗਿਆ,ਜਿਸਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਗਗਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਇਸ ਘਟਨਾ ਨੂੰ ਕਨੇਡਾ ਵਿਚ ਵੱਸਦੇ ਨੌਜਵਾਨਾਂ ਵਿਚ ਆਪਸੀ ਮਾਮੂਲੀ ਰੰਜਿਸ਼ ਦੇ ਸਿੱਟੇ ਵਜੋਂ ਵਾਪਰੀ ਕਿਆਸਿਆ ਜਾ ਰਿਹਾ ਹੈ ਬੇਸ਼ੱਕ ਕਿ ਵਾਰਦਾਤ ਦੇ ਅਸਲ ਕਾਰਨਾਂ ਦਾ ਪੁਲਿਸ ਦੀ ਤਫਤੀਸ਼ ਤੋਂ ਬਾਅਦ ਹੀ ਪਤਾ ਚੱਲੇਗਾ ।
ਵਰਨਣਯੋਗ ਹੈ ਕਿ ਗਗਨ ਧਾਲੀਵਾਲ ਦਾ ਪਿਤਾ ਗੁਰਚਰਨ ਸਿੰਘ ਧਾਲੀਵਾਲ ਐਬਸਫੋਰਡ ਵਿਖੇ ਖਾਲਸਾ ਦੀਵਾਨ ਸੁਸਾਇਟੀ ਦਾ ਪ੍ਰਧਾਨ ਰਹਿ ਚੁੱਕਾ ਹੈ ਅਤੇ ਇਸ ਪਰਿਵਾਰ ਦਾ ਕੈਨੇਡਾ ਵਿਖੇ ਚੰਗਾ ਨਾਮ ਅਤੇ ਮਾਣ ਸਤਿਕਾਰ ਹੈ। ਗਗਨ ਧਾਲੀਵਾਲ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਜਗਰਾਓਂ ਤੋਂ ਸ਼ਿਫਟ ਹੋ ਕੇ ਕੈਨੇਡਾ ਰਹਿ ਰਿਹਾ ਸੀ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


