180 ਬੋਰੀਆਂ ਭੁੱਕੀ ਨਾਲ ਭਰੇ ਟਰੱਕ ਸਮੇਤ ਦੋ ਗਿ੍ਰਫਤਾਰ ,ਕੇਲਿਆਂ ਹੇਠ ਲੁਕੋਈ ਕਰੋੜਾਂ ਦੀ ਭੁੱਕੀ ਲਿਆ ਰਹੇ ਸਨ ਮੋਗਾ ਜ਼ਿਲੇ ਦੇ ਤਸਕਰ,ਦੌਲੇਵਾਲਾ ਪਿੰਡ ਇਕ ਵਾਰ ਫੇਰ ਸੁਰਖੀਆਂ ‘ਚ,ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਵੱਡੀ ਕਾਰਵਾਈ

ਜਲੰਧਰ/ਚੰਡੀਗੜ, 6 ਅਗਸਤ (ਪੱਤਰ ਪਰੇਰਕ)-ਨਸ਼ਿਆਂ ਦੇ ਖਿਲਾਫ਼ ਇਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਅੱਜ ਦੋ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਜੋ ਰਾਜਸਥਾਨ ਤੋਂ ਪੰਜਾਬ ਵਿੱਚ ਭੁੱਕੀ ਦੀ ਤਸਕਰੀ ਵਿੱਚ ਸ਼ਾਮਿਲ ਸਨ। ਦੋਵਾਂ ਦੋਸ਼ੀਆਂ ਦੀ ਪਹਿਚਾਣ ਧਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਲੰਡੇਕੇ ਜ਼ਿਲ੍ਹਾ ਮੋਗਾ ਅਤੇ ਗੁਰਵੀਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਰੱਤੀਆਂ ਮੋਗਾ ਵਜੋਂ ਹੋਈ ਹੈ ਅਤੇ ਉਹਨਾਂ ਕੋਲੋਂ 180 ਬੋਰੀਆਂ ਭੁੱਕੀ ਨਾਲ ਭਰਿਆ ਟਰੱਕ ਜਬਤ ਕਰ ਲਿਆ ਗਿਆ ਹੈ।     ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਏ.ਆਈ.ਜੀ.ਕਾਊਂਟਰ ਇੰਟੈਲੀਜੈਂਸ ਹਰਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਸ  ਤਸਕਰੀ ਦੇ ਮੁੱਖ ਸਰਗੱਨਾ ਜਗਦੇਵ ਸਿੰਘ ਉਰਫ਼ ਦੇਬਾ ਪੁੱਤਰ ਸੂਰਤ ਸਿੰਘ ਅਤੇ ਸ਼ਿੰਦਰ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਦੌਲੇਵਾਲਾ ਪਿੰਡ ਜ਼ਿਲ੍ਹਾ ਮੋਗਾ ਹਨ। ਉਨਾਂ ਦੱਸਿਆ ਕਿ ਇਹ ਦੋਵੇਂ ਮੋਗਾ ਜ਼ਿਲ੍ਹਾ ਦੇ ਪਿੰਡ ਚੜਿੱਕ ਦੇ ਬੂਟਾ ਸਿੰਘ ਪੁੱਤਰ ਮਡੇਰ ਸਿੰਘ ਦੇ ਨਾਲ ਮਿਲ ਕੇ ਲੰਬੇ ਸਮੇਂ ਤੋਂ ਭੁੱਕੀ ਦੀ  ਤਸਕਰੀ ਕਰਦੇ ਸਨ। ਉਨਾਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਦੌਲੇਵਾਲਾ ਦੇ ਇਨਾਂ ਸਮੱਗਲਰਾਂ ’ਤੇ ਪੈਨੀ ਨਜ਼ਰ ਰੱਖ ਰਿਹਾ ਸੀ। ਉਨਾਂ ਕਿਹਾ ਕਿ ਕਾਊਂਟਰ ਇੰਟੈਲੀਜੈਂਸ ਨੂੰ ਇਕ ਸੂਹ ਮਿਲੀ ਕੇ ਦੇਬਾ ਦੀ ਅਗਵਾਈ ਵਿਚ ਸਮੱਗਲਰ ਰਾਜਸਥਾਨ ਤੋਂ ਭਾਰੀ ਮਾਤਰਾ ਵਿੱਚ ਭੁੱਕੀ ਲਿਆ ਰਹੇ ਹਨ ਜਿਸ ਲਈ ਉਨਾਂ ਨੇ ਧਰਮਜੀਤ ਸਿੰਘ ਨੂੰ ਇਹ ਕੰਮ ਸੌਂਪਿਆ ਹੈ। ਧਰਮਜੀਤ ਸਿੰਘ ਨੇ ਇਹ ਖੇਪ ਰਾਜਸਥਾਨ ਦੇ ਚਿਤੌੜਗੜ੍ਹ ਤੋਂ ਸਬੰਧਿਤ ਭੁੱਕੀ ਦੇ ਠੇਕੇਦਾਰ ਰਾਹੁਲ ਪਾਸੋਂ ਇਕ ਵੱਡੇ ਟਰੱਕ ਵਿੱਚ ਖੇਪ ਹਾਸਿਲ ਕਰਨੀ ਹੈ । ਉਨਾਂ ਕਿਹਾ ਕਿ ਖੁਫ਼ੀਆਂ ਸੂਚਨਾ ਇਹ ਸੀ ਕਿ ਇਹ ਸਮੱਗਲਰ ਰਾਜਸਥਾਨ ਤੋਂ ਪੰਜਾਬ ਵਿੱਚ ਪੀ.ਬੀ.07 ਯੂ 1945 ਟਰੱਕ ਵਿੱਚ ਆ ਰਹੇ ਹਨ ਜੋ ਕਿ ਤਿਰਪਾਲ ਨਾਲ ਪੂਰੀ ਤਰਾਂ ਨਾਲ ਛੱਤਿਆ ਹੋਇਆ ਹੈ ਅਤੇ ਇਕ ਸਕੌਰਪੀਓ ਗੱਡੀ ਨੰਬਰ ਪੀ.ਬੀ 29 ਐਨ 9314 ਇਸ ਦੀ ਅਗਵਾਈ ਕਰ ਰਹੀ ਹੈ। ਉਨਾਂ ਕਿਹਾ ਕਿ ਇਹ ਸੂਚਨਾ ਫੌਰੀ ਤੌਰ ’ਤੇ ਮੋਗਾ ਜ਼ਿਲੇ ਦੇ ਐਸ.ਐਸ.ਪੀ.ਗੁਰਪ੍ਰੀਤ ਸਿੰਘ ਤੂਰ ਨਾਲ ਸਾਂਝੀ ਕੀਤੀ ਗਈ ਅਤੇ ਇਲਾਕੇ ਦੀ ਸਾਰੀ ਪੁਲਿਸ ਪਾਰਟੀਆਂ ਨੂੰ ਸੁਚੇਤ ਕਰ ਦਿੱਤਾ ਗਿਆ। ਉਨਾਂ ਦਸਿਆ ਕਿ ਪੁਲਿਸ ਥਾਣਾ ਮੈਹਣਾ ਦੇ ਥਾਣਾ ਮੁਖੀ ਦਿਲਬਾਗ ਸਿੰਘ ਬਾਘਾ ਪੁਰਾਣਾ ਨੇ ਜਗਰਾਓਂ ਸੜਕ ’ਤੇ ਇਸ ਟਰੱਕ ਨੂੰ ਸਮੱਗਲਰਾਂ ਅਤੇ ਖੇਪ ਦੇ ਨਾਲ ਕਾਬੂ ਕਰ ਲਿਆ। ਉਨਾਂ ਦੱਸਿਆ  ਕਿ ਹਨੇਰੇ ਦਾ ਫਾਇਦਾ ਲੈਂਦਿਆਂ ਜਗਦੀਸ਼ ਸਿੰਘ ਉਰਫ਼ ਦੇਬਾ, ਸ਼ਿੰਦਰ ਸਿੰਘ ਤੇ ਬੂਟਾ ਸਿੰਘ ਚਿੱਟੀ ਸਕੌਰਪੀਓ ਨੰਬਰ ਪੀ.ਬੀ.29 ਐਨ 9314 ਦੇ ਵਿੱਚ ਫਰਾਰ ਹੋ ਗਏ। ਉਨਾਂ ਦੱਸਿਆ ਕਿ ਪੁਲਿਸ ਨੇ ਇਸ ਸਬੰਧ ਵਿੱਚ ਐਫ.ਆਈ.ਆਰ.ਨੰਬਰ 79 ਮਿਤੀ 06 ਅਗਸਤ 2018 ਨੂੰ  ਐਨ.ਡੀ ਪੀ.ਐੱਸ.ਐਕਟ ਦੀ ਦਫ਼ਾ 15/25/29-61-85 ਦਰਜ ਕਰਕੇ ਦੇਬਾ,ਸ਼ਿੰਦਰ ਸਿੰਘ, ਬੂਟਾ ਸਿੰਘ ਤੇ ਹੋਰਨਾਂ ਨੂੰ ਫੜਨ ਲਈ ਕਾਰਵਾਈ ਆਰੰਭ ਕਰ ਦਿੱਤੀ ਹੈ। ਇਥੇ ਇਹ ਜ਼ਿਕਰ ਯੋਗ ਹੈ ਕਿ ਪੰਜਾਬ ਪੁਲਿਸ ਨੇ ਪਹਿਲਾਂ ਹੀ ਨਸ਼ੇ ਦੀ ਸਪਲਾਈ ਲਾਈਨ ਨੂੰ ਕੱਟ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ ਨਸ਼ਿਆਂ ਦੇ ਭਾਅ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਇਕ ਕਿਲੋ ਭੁੱਕੀ 3000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਰਹੀ ਹੈ ਜਿਸ ਕਾਰਨ ਇਸ 72.50 ਕੁਇੰਟਲ ਭੁੱਕੀ ਦੀ ਕੀਮਤ ਕਈ ਕਰੋੜਾਂ ਵਿੱਚ ਬਣਦੀ ਹੈ। ਇਸ ਮੌਕੇ ’ਤੇ ਸ੍ਰੀ ਖੱਖ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਮੱਗਲਰਾਂ ਵਲੋਂ ਆਪਣੇ ਰਾਜਸਥਾਨ ਦੇ ਸਾਥੀਆਂ ਨੂੰ ਹਵਾਲਾ ਰਾਹੀਂ ਖੇਪ ਦੀ ਅਦਾਇਗੀ ਕੀਤੀ ਜਾਂਦੀ ਸੀ ਜੋ ਕਿ ਇਸ ਤਸਕਰੀ ਦਾ ਇਕ ਨਵਾਂ ਢੰਗ ਹੈ। ਉਨਾਂ ਕਿਹਾ ਕਿ ਇਸ ਲਈ ਇਸ ਨਾਪਾਕ ਗੱਠਜੋੜ ਨੂੰ ਬੇਨਿਕਾਬ ਕਰਨ ਲਈ ਇਸ ਕੇਸ ਦੀ ਡੁੂੰਘਾਈ ਨਾਲ ਜਾਂਚ ਜਾਰੀ ਹੈ। ਉਨਾਂ ਦੱਸਿਆ ਕਿ ਭੁੱਕੀ ਦੇ ਮੁਸ਼ਕ ਨੂੰ ਦਬਾਉਣ ਲਈ ਇਨਾਂ ਸਮੱਗਲਰਾਂ ਨੇ ਇਹ ਖੇਪ ਕੇਲਿਆਂ ਦੇ ਹੇਠਾਂ ਛੁਪਾ ਕੇ ਲਿਆਂਦੀ ਸੀ।
ਜ਼ਿਕਰਯੋਗ ਹੈ ਕਿ ਨਸ਼ੇ ਦੇ ਤਸਕਰਾਂ ਦੀਆਂ ਸਰਗਰਮੀਆਂ ਵਾਲਾ  ਪਿੰਡ ਦੌਲੇਵਾਲਾ ਇਕ ਵਾਰ ਫੇਰ ਸੁਰਖੀਆਂ ’ਚ ਹੈ ਕਿਉਂਕਿ  ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਦੀ ਆਰੰਭਤਾ ਮੌਕੇ ਡੀ ਜੀ ਪੀ ਖੁਦ ਇਸ ਪਿੰਡ ਵਿਚ ਆਏ ਸਨ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਮੰਗ ਕੀਤੀ ਸੀ ਤਾਂ ਕਿ ਉਹ ਨਸ਼ਿਆਂ ਦੀ ਤਸਕਰੀ ਦੀ ਲਾਹਣਤ ਤੋਂ ਬਚ ਸਕਣ। ਪਿਛਲੇ ਮਹੀਨੇ ਪਿੰਡ ਦੇ ਉਸਾਰੂ ਸੋਚ ਵਾਲੇ ਨੌਜਵਾਨਾਂ ਨੇ ਮਰੋ ਜਾਂ ਵਿਰੋਧ ਕਰੋ ਮੁਹਿੰਮ ਤਹਿਤ ਨਸ਼ਿਆਂ ਖਿਲਾਫ਼ ਝੰਡਾ ਬੁਲੰਦ ਕੀਤਾ ਸੀ ਪਰ ਅੱਜ ਫੇਰ ਮੋਗਾ ਦੇ ਇਸ ਪਿੰਡ ਦਾ ਨਾਮ ਆਉਣ ਨਾਲ ਇਸ ਮੁਹਿੰਮ ਨੂੰ ਧੱਕਾ ਲੱਗਾ ਹੈ।