ਸਿਵਲ ਸਰਜਨ ਨੇ ਦੰਦਾਂ ਦੇ ਵਿਭਾਗ ਦੀ ਮਹੀਨਾਵਾਰ ਮੀਟਿੰਗ ਦੀ ਕੀਤੀ ਪ੍ਰਧਾਨਗੀ

ਮੋਗਾ 6 ਅਗਸਤ: (ਜਸ਼ਨ)-‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਸਿਹਤ ਵਿਭਾਗ ਮੋਗਾ ਵੱਲੋ ਲੋਕਾਂ ਨੂੰ ਤੰਦਰੁਸਤ ਜੀਵਨ ਸ਼ੈਲੀ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸਿਵਲ ਸਰਜਨ ਡਾ: ਸੁਸ਼ੀਲ ਜੈਨ ਨੇ ਜ਼ਿਲਾ ਡੈਂਟਲ ਸਿਹਤ ਵਿਭਾਗ ਦੀ ਹੋਈ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਡਾ: ਮਨੀਸ਼ ਅਰੋੜਾ ਜ਼ਿਲਾ ਐਪਡੀਮੋਲੋਜਿਸਟ ਨੇ ਵਿਸ਼ੇਸ ਤੌਰ ‘ਤੇ ਦੰਦਾਂ ਦੇ ਮਾਹਿਰ ਡਾਕਟਰ ਸਾਹਿਬਾਨਾਂ ਨੂੰ ਤਕਨੀਕੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਜਿੱਥੇ ਸਮੁੱਚੇ ਮਨੁੱਖੀ ਸਰੀਰ ‘ਤੇ ਮਾੜਾ ਅਸਰ ਪੈਦਾ ਹੈ, ਉਸ ਦੇ ਨਾਲ ਹੀ ਨਸ਼ੀਲੇ ਪਦਾਰਥਾਂ ਨਾਲ ਦੰਦਾਂ ਦੀਆਂ ਭਿਆਨਕ ਬਿਮਾਰੀਆਂ ਲੱਗ ਸਕਦੀਆ ਹਨ। ਉਨਾਂ ਦੱਸਿਆ ਕਿ ਜੇਕਰ ਪਹਿਲੀ ਸਟੇਜ ‘ਤੇ ਇਸ ਦਾ ਇਲਾਜ ਨਾ ਹੋਇਆ, ਤਾਂ ਇਹ ਲਾ-ਇਲਾਜ ਬਿਮਾਰੀਆ ਦਾ ਰੂਪ ਧਾਰਨ ਕਰ ਸਕਦੀਆਂ ਹਨ, ਜੋ ਮਨੁੱਖੀ ਜਿੰਦਗੀ ਲਈ ਖਤਰਨਾਕ ਸਿੱਧ ਹੋ ਸਕਦੀਆਂ ਹਨ।ਡਾ. ਅਰੋੜਾ ਨੇ ਇਹ ਵੀ ਦੱਸਿਆ ਕਿ ਕਿਹੜੇ-ਕਿਹੜੇ ਨਸ਼ੀਲੇ ਪਦਾਰਥ ਮੂੰਹ ਦੇ ਅੰਦਰਲੇ ਭਾਗ ‘ਤੇ ਕਿਵੇਂ ਅਸਰ ਕਰਦੇ ਹਨ ਅਤੇ ਇਸ ਦਾ ਸ਼ੁਰੂਆਤੀ ਦੌਰ ਵਿੱਚ ਕਿਵੇਂ ਪਤਾ ਲੱਗ ਸਕਦਾ ਹੈ। ਇਸ ਮੌਕੇ ਜ਼ਿਲਾ ਡੈਂਟਲ ਸਿਹਤ ਅਫ਼ਸਰ ਡਾ ਕਮਲਦੀਪ ਕੌਰ ਮਾਹਲ ਨੇ ਵੱਖ-ਵੱਖ ਬਲਾਕਾਂ ਵਿੱਚੋਂ ਆਏ ਡੈਂਟਲ ਵਿਭਾਗ ਦੇ ਮੈਡੀਕਲ ਅਫ਼ਸਰਾਂ ਦੀ ਮਹੀਨਾਵਾਰ ਰਿਪੋਰਟ ਚੈਕ ਕੀਤੀ ਅਤੇ ਹਰ ਮਹੀਨੇ ਸਲੱਮ ਖੇਤਰ ਵਿੱਚ ਦੰਦਾਂ ਦਾ ਚੈਕਅਪ ਕੈਂਪ ਲਗਾਉਣ ਦੀ ਵੀ ਹਦਾਇਤ ਜਾਰੀ ਕੀਤੀ।ਇਸ ਮੌਕੇ ਡਾ. ਵਰੁਣ ਗਰਗ, ਡਾ. ਸਮਰਪ੍ਰੀਤ ਕੌਰ, ਡਾ. ਗੌਤਮਵੀਰ ਸੋਢੀ ਅਤੇ ਜ਼ਿਲਾ ਮੀਡੀਆ ਕੋ-ਆਰਡੀਨੇਟਰ ਅੰਮਿ੍ਰਤ ਸ਼ਰਮਾ ਵੀ ਹਾਜ਼ਰ ਸਨ।


