ਮੁਫਤ ਮਿਲਣਗੇ ਰਜਿਸਟਰੀਆਂ ਨਾਲ ਸਬੰਧਤ ਦਸਤਾਵੇਜ਼ -ਸਰਕਾਰੀਆ

ਚੰਡੀਗੜ, 4 ਅਗਸਤ: (ਜਸ਼ਨ): ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਤਹਿਸੀਲਾਂ ਵਿਚ ਜ਼ਮੀਨ-ਜਾਇਦਾਦ ਦੀ ਰਜਿਸਟਰੀ ਲਈ ਆਮ ਲੋਕਾਂ ਦੀ ਵਰਤੋਂ ਵਿਚ ਆਉਣ ਵਾਲੇ 19 ਦਸਤਾਵੇਜ਼ਾਂ ਨੂੰ ਆਨ ਲਾਈਨ ਕਰ ਦਿੱਤਾ ਗਿਆ ਹੈ। ਇਹ ਦਸਤਾਵੇਜ਼ ਵਿਭਾਗ ਦੀ ਵੈੱਬਸਾਈਟ ਤੋਂ ਬਿਲਕੁਲ ਮੁਫਤ ਅਤੇ ਆਸਾਨੀ ਨਾਲ ਡਾਊਨਲੋਡ ਕੀਤੇ ਜਾ ਸਕਦੇ ਹਨ। ਇਨਾਂ ਦਸਤਾਵੇਜ਼ਾਂ ਵਿਚ ਲੋੜ ਮੁਤਾਬਿਕ ਸੋਧ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਬ-ਰਜਿਸਟਰਾਰ (ਤਹਿਸੀਲਦਾਰ) ਦੇ ਦਫਤਰਾਂ ਵਿਚ ਕੰਮ ਕਰਵਾਉਣ ਲਈ ਜਾਣ ਵਾਲੇ ਲੋਕਾਂ ਦੇ ਜ਼ਿਹਨ ਵਿਚ ਜੋ ਸਵਾਲ ਹੁੰਦੇ ਹਨ, ਅਜਿਹੇ 23 ਸਵਾਲਾਂ ਦੇ ਜਵਾਬ ਵੀ ਵੈੱਬਸਾਈਟ ’ਤੇ ਅੱਪਲੋਡ ਕਰ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਾ ਆਵੇ ਅਤੇ ਉਹ ਆਪਣਾ ਕੰਮ ਆਸਾਨੀ ਨਾਲ ਕਰਵਾ ਸਕਣ। ਸ੍ਰੀ ਸਰਕਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਪਾਰਦਰਸ਼ੀ ਅਤੇ ਭਿ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਇਸ ਲਈ ਉਹ ਸਾਰੀਆਂ ਸਹੂਲਤਾਂ ਆਨ ਲਾਈਨ ਕੀਤੀਆਂ ਜਾ ਰਹੀਆਂ ਹਨ ਜਿਨਾਂ ਕਰਕੇ ਲੋਕਾਂ ਨੂੰ ਕਈ ਵਾਰ ਕਾਫੀ ਮੁਸ਼ਕਿਲਾਂ ਝੱਲਣੀਆਂ ਪੈਂਦੀਆਂ ਸਨ ਅਤੇ ਸਮਾਂ ਵੀ ਖਰਾਬ ਹੁੰਦਾ ਸੀ। ਉਨਾਂ ਕਿਹਾ ਕਿ ਮਾਲ ਵਿਭਾਗ ਦਾ ਅਤਿ ਆਧੁਨਿਕੀਕਰਣ ਕਰਨਾ ਉਨਾਂ ਦੀ ਪਹਿਲ ਹੈ ਤਾਂ ਜੋ ਲੋਕਾਂ ਨੂੰ ਸਾਫ-ਸੁਥਰੀਆਂ ਅਤੇ ਮੁਸ਼ਕਿਲ ਰਹਿਤ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਲੋਕਾਂ ਵੱਲੋਂ ਰਜਿਸਟਰੀ ਨਾਲ ਸਬੰਧਤ ਜਿਹੜੇ ਦਸਤਾਵੇਜ਼ ਸਬ ਰਜਿਸਟਰਾਰ ਦਫਤਰਾਂ ਵਿਚ ਤਸਦੀਕ ਕਰਵਾਉਣ ਲਈ ਪੇਸ਼ ਕੀਤੇ ਜਾਂਦੇ ਹਨ, ਉਹ ਡੀਡ ਰਾਈਟਰਾਂ (ਵਸੀਕਾ ਨਵੀਸਾਂ) ਜਾਂ ਵਕੀਲਾਂ ਕੋਲੋਂ ਲਿਖਵਾਏ ਜਾਂਦੇ ਹਨ। ਅਜਿਹੇ 19 ਦਸਤਾਵੇਜ਼ ਨੂੰ ਹੁਣ ਵਿਭਾਗ ਦੀ ਵੈੱਬਸਾਈਟ .... ’ਤੇ ਪਾ ਦਿੱਤਾ ਗਿਆ ਹੈ। ਉਪਭੋਗਤਾ ਵੈੱਬਸਾਈਟ ਤੋਂ ਇਨਾਂ ਦਸਤਾਵੇਜ਼ਾਂ ਨੂੰ ਮੁਫਤ ਡਾਊਨਲੋਡ ਕਰ ਸਕਦਾ ਹੈ ਅਤੇ ਇਨਾਂ ਨੂੰ ਖੁਦ ਭਰ ਸਕਦਾ ਹੈ। ਇਸ ਨਾਲ ਲੋਕਾਂ ਦੀ ਵਸੀਕਾ ਨਵੀਸਾਂ ਉੱਤੇ ਨਿਰਭਰਤਾ ਘਟੇਗੀ ਅਤੇ ਉਨਾਂ ਦਾ ਖਰਚਾ ਵੀ ਘਟੇਗਾ। ਆਨ ਲਾਈਨ ਕੀਤੇ ਇਨਾਂ ਦਸਤਾਵੇਜ਼ਾਂ ਵਿਚ ਵਿਕਰੀ ਨਾਮਾ/ਬੈ ਨਾਮਾ, ਮੁਖਤਿਆਰ ਨਾਮਾ ਆਮ, ਗਹਿਣੇ ਨਾਮਾ ਬਿਲਾ ਕਬਜ਼ਾ, ਫਲੋਰ ਵਾਈਜ਼/ਫਲੈਟ ਦੀ ਰਜਿਸਟਰੀ, ਮਨਸੂਖੀ ਵਸੀਅਤ ਨਾਮਾ, ਮਨਸੂਖੀ ਮੁਖਤਾਰ ਨਾਮਾ ਆਮ, ਹਿਬਾ/ਦਾਨ ਪਾਤਰ ਨਾਮਾ, ਗਹਿਣੇ/ਰਹਿਣ ਨਾਮਾ ਕਬਜ਼ਾ, ਇਕਰਾਰ ਨਾਮਾ, ਤਕਸੀਮ ਨਾਮਾ, ਸੋਧ ਰਜਿਸਟਰੀ ਨਾਮਾ, ਵਸੀਅਤ ਨਾਮਾ, ਵਿਕਰੀ ਨਾਮਾ ਗਹਿਣੇ ਅਧੀਨ/ਬੈ ਬਕਾਇਦਗੀ ਰਹਿਣ, ਵਿਕਰੀ ਨਾਮਾ (ਗਹਿਣੇ ਦੇ ਹੱਕ), ਤਬਾਦਲਾ ਨਾਮਾ, ਪੱਟਾ/ਕਿਰਾਇਆ/ਰੈਂਟ ਨਾਮਾ ਅਤੇ ਗੋਦ ਨਾਮਾ ਪ੍ਰਮੁੱਖ ਹਨ।ਉਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਆਮ ਲੋਕਾਂ ਦੀ ਸਹੂਲਤਾਂ ਲਈ ਅਜਿਹੇ 23 ਸਵਾਲਾਂ ਦੇ ਜਵਾਬ ਵੀ ਵੈੱਬਸਾਈਟ ’ਤੇ ਪਾ ਦਿੱਤੇ ਗਏ ਹਨ ਜੋ ਰਜਿਸਟਰੀ ਸਮੇਂ ਲੋਕਾਂ ਦੇ ਦਿਮਾਗ ਵਿਚ ਹੁੰਦੇ ਹਨ। ਜਿਵੇਂ ਕਿ ਸਬ-ਰਜਿਸਟਰਾਰ ਦਫਤਰ ਵਿਚ ਜਾਣ ’ਤੇ ਉਹ ਆਪਣਾ ਕੀ-ਕੀ ਕੰਮ ਕਰਵਾ ਸਕਦੇ ਹਨ, ਕਿੰਨੀ ਫੀਸ ਹੈ, ਫੀਸ ਜਮਾਂ ਕਿਵੇਂ ਕਰਵਾਉਣੀ ਹੈ, ਤਸਦੀਕ ਲਈ ਕਿਹੜੇ ਵਿਅਕਤੀ ਅਤੇ ਕਿਸ ਕੰਮ ਲਈ ਕਿਹੜੇ ਦਸਤਾਵੇਜ਼ਾਂ ਦੀ ਜ਼ਰੂਰਤ ਹੁੰਦੀ ਹੈ। ਉਨਾਂ ਕਿਹਾ ਕਿ ਮਾਲ ਵਿਭਾਗ ਆਮ ਲੋਕਾਂ ਦੀ ਸਹੂਲਤ ਅਤੇ ਸਰਲੀਕਰਨ ਲਈ ਕਈ ਤਰਾਂ ਦੇ ਸੁਧਾਰ ਕਰ ਰਿਹਾ ਹੈ ਅਤੇ ਵਿਭਾਗ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੰਪਿਊਟਰੀਕਿ੍ਰਤ ਕੀਤਾ ਜਾ ਰਿਹਾ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ