ਐਲ.ਪੀ.ਜੀ ਡਿਸਟ੍ਰੀਬਿਊਟਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ,ਲੀਗਲ ਮਿਟ੍ਰਲੌਜੀ ਵਿੰਗ ਵੱਲੋਂ ਲੁਧਿਆਣਾ ਚ 47 ਏਜੰਸੀਆਂ ਦੀ ਕੀਤੀ ਜਾਂਚ; ਮੌਕੇ ਤੇ ਕੀਤੇ 43 ਚਲਾਨ ਅਤੇ 3,24000 ਦੇ ਕਰੀਬ ਕੰਪਾਊਂਡਿੰਗ ਫੀਸ ਵੀ ਲਗਾਈ

ਚੰਡੀਗੜ੍ਹ/ਲੁਧਿਆਣਾ, 4 ਅਗਸਤ: (ਜਸ਼ਨ): ਸੂਬੇ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਨਿਰਦੇਸ਼ਾਂ ਅਨੁਸਾਰ ਵਿਭਾਗ ਦੇ ਲੀਗਲ ਮਿਟ੍ਰਲੌਜੀ ਵਿੰਗ ਵੱਲੋਂ ਲੁਧਿਆਣਾ ਦੇ ਐਲ.ਪੀ.ਜੀ. ਡਿਸਟ੍ਰੀਬਿਊਟਰਾਂ ਦੇ ਟਿਕਾਣਿਆਂ ਦੇ ਛਾਪੇਮਾਰੀ ਕੀਤੀ ਗਈ।ਦੋ ਦਿਨ ਚੱਲੀ ਇਸ ਕਾਰਵਾਈ ਦੌਰਾਨ ਵਿਭਾਗ ਦੀਆਂ ਟੀਮਾਂ ਵੱਲੋਂ ਕੁੱਲ 47 ਵੱਖ-ਵੱਖ ਥਾਵਾਂ ’ਤੇ ਜਾਂਚ ਕੀਤੀ ਗਈ ਅਤੇ ਲੀਗਲ ਮਿਟ੍ਰਲੌਜੀ ਐਕਟ ਤੇ ਧਾਰਾਵਾਂ ਤਹਿਤ 43 ਚਲਾਨ ਵੀ ਕੀਤੇ ਗਏ। ਜਿਨ੍ਹਾਂ ਵਿੱਚ 5 ਗੈਸ ਦੇ ਘੱਟ ਵਜ਼ਨ ਲਈ, 12 ਗ਼ੈਰ-ਪ੍ਰਮਾਣਿਤ ਮਾਪ ਦੇ ਪੈਮਾਨੇ ਲਈ, 5 ਜਾਂਚ ਸਰਟੀਫਿਕੇਟ ਦੀ ਅਣਹੋਂਦ ਕਰਕੇ, 13 ਪੈਕਜਿਡ ਕਮਾਡਟੀ ਰੂਲਜ਼(ਪੀ.ਸੀ.ਆਰ.) ਨੂੰ ਨਾ ਦਰਸਾਉਣ ਲਈ ਅਤੇ 8 ਚਲਾਨ ਨਿਸ਼ਚਿਤ ਮਾਪ (50 ਕਿੱਲੋ) ਨੂੰ ਮਾਪਣ ਲਈ ਇਲੈਕਟ੍ਰੋਨਿਕ ਭਾਰ-ਤੋਲਣ ਪੈਮਾਨਾ ਨਾ ਰੱਖਣ ਕਰਕੇ ਕੀਤੇ ਗਏ। ਿੲਸ ਤੋਂ ਇਲਾਵਾ 16 ਮਾਮਲਿਆਂ ਵਿੱਚ 92,000 ਰੁਪਏ ਦੀ ਕੰਪਾਊਂਡਿੰਗ ਫੀਸ ਵੀ ਮੌਕੇ ’ਤੇ ਹੀ ਇਕੱਠੀ ਕੀਤੀ ਗਈ ਅਤੇ ਇਸ ਸਬੰਧੀ ਹੋਰ ਚਲਾਨਾਂ ਤੋਂ 3,24000 ਰੁਪਏ ਦੇ ਕਰੀਬ ਕੰਪਾਊਂਡਿੰਗ ਫੀਸ ਇਕੱਠੀ ਹੋਣ ਦੀ ਆਸ ਹੈ।ਇਸ ਜਾਂਚ ਦੌਰਾਨ ਜੋ ਡਿਸਟ੍ਰੀਬਿਊਟਰ ਦੋਸ਼ੀ ਪਾਏ ਗਏ ਉਨ੍ਹਾਂ ਵਿੱਚ ਮੈਸ: ਅਵਤਾਰ ਫਲੇਮ ਲੁਧਿਆਣਾ-1, ਮੈਸ:ਜਸ਼ਨ ਐਚ.ਪੀ. ਸਾਹਨੇਵਾਲ, ਮੈਸ: ਤਲਵਾਰ ਗੈਸ ਸਰਵਿਸ ਕਾਲਜ ਰੋਡ, ਲੁਧਿਆਣਾ-2, ਮੈਸ: ਸਤਲੁਜ ਗੈਸ ਲੁਧਿਆਣਾ, ਲੁਧਿਆਣਾ-4 , ਮੈਸ: ਝੱਜ ਗੈਸ ਗ੍ਰਾਮੀਣ ਐਲਪੀਜੀ ਵਿਤ੍ਰਕ, ਹੰਬੜਾਂ, ਮੈਸ: ਤਲਵਾਰ ਗੈਸ ਸਰਵਿਸ ਕਾਲਜ ਰੋਡ, ਲੁਧਿਆਣਾ-4, ਮੈਸ: ਬੀ ਕੇ ਗੈਸ ਸਰਵਿਸ ਤਹਿਸੀਲ ਰੋਡ, ਜਗਰਾਉਂ, ਮੈਸ: ਸੁਮਿਤ ਪਾਲ ਗੈਸ ਸਰਵਿਸ, ਸਿਧਵਾਂ ਬੇਟ, ਮੈਸ: ਯੁਵਰਾਜ ਗੈਸ ਏਜੰਸੀ , ਪਾਇਲ, ਮੈਸ: ਅਕਾਲ ਐਚ.ਪੀ. ਗੈਸ  ਪਾਇਲ, ਮੈਸ: ਇਬਾਦਤ ਇਨਡੇਨ ਗੈਸ ਏਜੰਸੀ, ਖੰਨਾ ਅਤੇ ਮੈਸ: ਗਿਆਨ ਗੈਸ ਸਰਵਿਸ ਦੋਰਾਹਾ ਆਦਿ ਸ਼ਾਮਲ ਹਨ।ਗੌਰਤਲਬ ਹੈ ਕਿ ਪਹਿਲਾਂ ਵੀ ਲੀਗਲ ਮਿਟ੍ਰਲੌਜੀ ਵੱਲੋਂ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਸੜਕ-ਕੰਢੇ ਖੁੱਲ੍ਹੇ ਢਾਬਿਆਂ ਅਤੇ ਮਠਿਆਈ ਦੀਆਂ ਦੁਕਾਨਾਂ ਤੇ ਅਜਿਹੀ ਇੱਕ ਸੂਬਾ ਪੱਧਰੀ ਅਚਨਚੇਤ ਜਾਂਚ ਕੀਤੀ ਗਈ ਸੀ।ਇਸ ਸਬੰਧੀ ਸ੍ਰੀ ਆਸ਼ੂ ਨੇ ਕਿਹਾ ਮੌਜੂਦਾ ਜਾਂਚ ਆਮ ਆਦਮੀ ਨੂੰ ਸਮਾਜ ਵਿੱਚ ਪੱਸਰੀਆਂ ਧੋਖਾਧੜੀਆਂ ਤੇ ਧਾਂਦਲੀਆਂ ਤੋਂ ਬਚਾਉਣ ਦੇ ਮੱਦੇਨਜ਼ਰ ਵਿੱਢੀ ਗਈ ਹੈ। ਉਨ੍ਹਾਂ ਕਿਹਾ,‘‘ਇਹ ਸਿਰਫ ਇੱਕ ਸ਼ੁਰੂਆਤ ਹੈ ਤੇ ਅਜਿਹੀਆਂ ਛਾਪੇਮਾਰੀਆਂ ਤੇ ਜਾਂਚਾਂ ਨਿਰੰਤਰ ਸਾਲ ਚੱਲਦੀਆਂ ਰਹਿਣਗੀਆਂ , ਬਲਕਿ ਆਉਣ ਵਾਲੇ ਸਮੇਂ ਵਿੱਚ ਇਹ ਇੱਕ ਨਿਰੰਤਰ ਵਰਤਾਰਾ ਹੋ ਨਿਬੜੇਗਾ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ