‘ਆਪਣੀਆਂ ਜੜਾਂ ਨਾਲ ਜੁੜੋ’ ਪ੍ਰੋਗਰਾਮ; ਮੁੱਖ ਮੰਤਰੀ ਵੱਲੋਂ ਬਰਤਾਨੀਆ ਤੋਂ ਆਉਣ ਵਾਲੇ ਨੌਜਵਾਨਾਂ ਦੇ ਦੌਰੇ ਨੂੰ ਸਫਲ ਬਣਾਉਣ ਲਈ ਹਦਾਇਤਾਂ ਜਾਰੀ

ਚੰਡੀਗੜ, 4 ਅਗਸਤ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਆਪਣੀਆਂ ਜੜਾਂ ਨਾਲ ਜੁੜੋ’ ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਆਉਣ ਵਾਲੇ ਨੌਜਵਾਨਾਂ ਦੇ ਪਹਿਲੇ ਬੈਚ ਦੇ ਦੌਰੇ ਨੂੰ ਸਫਲ ਬਣਾਉਣ ਲਈ ਕਈ ਹਦਾਇਤਾਂ ਜਾਰੀ ਕੀਤੀਆਂ ਹਨ।ਪੰਜਾਬੀ ਮੂਲ ਦੇ 14 ਨੌਜਵਾਨਾਂ ਦਾ ਪਹਿਲਾ ਬੈਚ 7 ਤੋਂ 16 ਅਗਸਤ ਤੱਕ ਬਰਤਾਨੀਆ ਤੋਂ ਸੂਬੇ ਦੇ ਦੌਰੇ ’ਤੇ ਆ ਰਿਹਾ ਹੈ। ਇਸ ਗਰੁੱਪ ਵਿੱਚ 16-22 ਸਾਲ ਦੀ ਉਮਰ ਦੇ ਅੱਠ ਲੜਕੇ ਅਤੇ ਛੇ ਲੜਕੀਆਂ ਹਨ।ਇਹ ਨੌਜਵਾਨ ਜਲੰਧਰ, ਪਟਿਆਲਾ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਫਰੀਦਕੋਟ ਅਤੇ ਮੁਹਾਲੀ ਜ਼ਿਲਿਆਂ ਵਿੱਚ ਪੈਦੇਂ ਆਪਣੇ ਪੁਰਖਿਆਂ ਦੇ ਸਥਾਨ ’ਤੇ ਵੀ ਜਾਣਗੇ ਜਿੱਥੇ ਉਹ ਆਪਣੇ ਪਰਿਵਾਰ ਦੇ ਮੈਂਬਰਾਂ, ਦੋਸਤਾਂ ਅਤੇ ਮਾਪਿਆਂ ਅਤੇ ਬਜ਼ੁਰਗਾਂ ਦੇ ਰਿਸ਼ਤੇਦਾਰਾਂ ਨੂੰ ਮਿਲਣਗੇ ਜਿਸ ਨਾਲ ਉਨਾਂ ਨੂੰ ਆਪਣੇ ਪੁਰਖਿਆਂ ਦੀਆਂ ਜੜਾਂ ਨਾਲ ਜੁੜਨ ਦਾ ਮੌਕਾ ਮਿਲੇਗਾ।ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨਾਂ ਨੌਜਵਾਨਾਂ ਦੇ ਦੌਰੇ ਦੇ ਅਹਿਮ ਪਲਾਂ ਵਿੱਚ ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਵਿਖੇ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਸ਼ਿਰਕਤ ਕਰਨਾ ਹੈ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨਿੱਜੀ ਤੌਰ ’ਤੇ ਵੀ ਇਨਾਂ ਨੌਜਵਾਨਾਂ ਨੂੰ ਮਿਲਣਗੇ।ਮੁੱਖ ਮੰਤਰੀ ਨੇ ਐਨ.ਆਰ.ਆਈ. ਮਾਮਲਿਆਂ ਬਾਰੇ ਵਿਭਾਗ ਨੂੰ ਬਰਤਾਨੀਆ ਤੋਂ ਆਉਣ ਵਾਲੇ ਨੌਜਵਾਨਾਂ ਦੇ ਰਹਿਣ-ਸਹਿਣ ਦੇ ਪ੍ਰਬੰਧਾਂ ਤੋਂ ਇਲਾਵਾ ਪ੍ਰਮੁੱਖ ਥਾਵਾਂ ’ਤੇ ਜਾਣ ਅਤੇ ਹੋਰ ਪ੍ਰੋਗਰਾਮਾਂ ਲਈ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨਾਂ ਨੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਵੀ ਨਿਰਦੇਸ਼ ਦਿੱਤੇ ਕਿ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਤਾ ਵਾਲੀਆਂ ਵੱਖ-ਵੱਖ ਥਾਵਾਂ ’ਤੇ ਨੌਜਵਾਨਾਂ ਦੇ ਜਾਣ ਲਈ ਸੁਚਾਰੂ ਪ੍ਰਬੰਧ ਕੀਤੇ ਜਾਣ।ਇਨਾਂ ਨੌਜਵਾਨਾਂ ਦਾ ਅੰਮਿ੍ਰਤਸਰ ਵਿਖੇ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਰਾਮ ਤੀਰਥ, ਜਲਿਆਂਵਾਲਾ ਬਾਗ, ਜੰਗੀ ਯਾਦਗਾਰ, ਅਟਾਰੀ-ਵਾਹਗਾ ਬਾਰਡਰ ਅਤੇ ਗੋਬਿੰਦਗੜ ਕਿਲੇ ’ਤੇ ਵੀ ਜਾਣ ਦਾ ਪ੍ਰੋਗਰਾਮ ਹੈ।ਇਸੇ ਤਰਾਂ ਚੰਡੀਗੜ ਵਿਖੇ ਪੰਜਾਬ ਸਿਵਲ ਸਕੱਤਰੇਤ, ਪੰਜਾਬ ਵਿਧਾਨ ਸਭਾ ਅਤੇ ਰੌਕ ਗਾਰਡਨ, ਪਟਿਆਲਾ ਵਿਖੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ, ਨੈਸ਼ਨਲ ਇੰਸਟੀਚਿੳੂਟ ਆਫ ਸਪੋਰਟਸ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਿੱਚ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰ ’ਤੇ ਵੀ ਇਨਾਂ ਨੌਜਵਾਨਾਂ ਦਾ ਬੈਚ ਜਾਵੇਗਾ।ਇਹ ਨੌਜਵਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਖਾਲਸਾ ਵਿਰਾਸਤੀ ਕੰਪਲੈਕਸ ਵਿਖੇ ਵੀ ਜਾਣਗੇ। ਇਸੇ ਤਰਾਂ ਹੁਸ਼ਿਆਰਪੁਰ ਜ਼ਿਲੇ ਸਥਿਤ ਵਿੱਚ ਸ੍ਰੀ ਗੁਰੂ ਰਵਿਦਾਸ ਯਾਦਗਾਰ ਵਿਖੇ ਜਾਣ ਤੋਂ ਇਲਾਵਾ ਅਨੂਠੀ ਦਸਤਕਾਰੀ ਲਈ ਪ੍ਰਸਿੱਧ ਹੁਸ਼ਿਆਰਪੁਰ ਵਿਖੇ ਵੀ ਜਾਣਗੇ। ਇਹ ਬੈਚ ਜਲੰਧਰ ਵਿਖੇ ਵੱਖ-ਵੱਖ ਸਨਅਤੀ ਯੂਨਿਟਾਂ ਦਾ ਦੌਰਾ ਕਰਨ ਤੋਂ ਇਲਾਵਾ ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਵੀ ਜਾਵੇਗਾ।ਇਹ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਸਤੰਬਰ, 2017 ਨੂੰ ਲੰਡਨ ਤੋਂ ‘ਆਪਣੀਆਂ ਜੜਾਂ ਨਾਲ ਜੁੜੋ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਦੋ ਹਫਤਿਆਂ ਦੇ ਪ੍ਰੋਗਰਾਮ ਦੌਰਾਨ ਕਦੀ ਵੀ ਮੁਲਕ ਵਿੱਚ ਨਾ ਆਉਣ ਵਾਲੇ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਆਪਣੇ ਪੁਰਖਿਆਂ ਦੀਆਂ ਜੜਾਂ ਨਾਲ ਜੁੜਨ ਦਾ ਮੌਕਾ ਮਿਲੇਗਾ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ