ਜਾਗੋ ਵੈਲਫੇਅਰ ਸੁਸਾਇਟੀ ਨੇ ਡੇਂਗੂ ਜਾਗਰੂਕਤਾ ਪੋਸਟਰ ਅਤੇ ਫਲੈਕਸ ਲਗਾਏ

ਮੋਗਾ 4 ਅਗਸਤ (ਜਸ਼ਨ) : ਜਾਗੋ ਵੈਲਫੇਅਰ ਸੁਸਾਇਟੀ, ਜੀਰਾ ਰੋਡ ਮੋਗਾ ਵੱਲੋਂ ਸਿਹਤ ਵਿਭਾਗ ਮੋਗਾ ਦੇ ਸਹਿਯੋਗ ਨਾਲ ਉਤਰੀ ਸੂਰਜ ਨਗਰ, ਗੁਰੂ ਅੰਗਦ ਦੇਵ ਨਗਰ, ਜੀਰਾ ਰੋਡ ਅਤੇ ਨਹਿਰ ਦੇ ਨਾਲ ਨਾਲ ਬਣੀਆਂ ਝੁੱਗੀਆਂ ਵਿੱਚ ਡੇਂਗੂ, ਮਲੇਰੀਆ ਸਬੰਧੀ ਜਾਗਰੂਕਤਾ ਪੈਦਾ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ । ਸੁਸਾਇਟੀ ਮੈਂਬਰਾਂ ਨੇ ਅੱਜ ਸਿਹਤ ਵਿਭਾਗ ਮੋਗਾ ਤੋਂ ਪ੍ਾਪਤ ਕੀਤੀਆਂ ਫਲੈਕਸਾਂ ਸਾਂਝੀਆਂ ਢੁਕਵੀਆਂ ਥਾਵਾਂ ਤੇ ਲਗਾਈਆਂ ਗਈਆਂ ਅਤੇ ਪੋਸਟਰ ਲਗਾਏ ਗਏ । ਸੁਸਾਇਟੀ ਮੈਂਬਰਾਂ ਵੱਲੋਂ ਘਰ ਘਰ ਜਾ ਕੇ ਡੇਂਗੂ ਜਾਗਰੂਕਤਾ ਸਬੰਧੀ ਪੈਂਫਲਿਟ ਵੀ ਵੰਡੇ ਗਏ । ਇਸ ਮੌਕੇ ਸੁਸਾਇਟੀ ਮੈਂਬਰ ਮਨਜੀਤ ਸਿੰਘ ਮਣਕੂ ਨੇ ਸਾਂਈਂ ਧਾਮ ਜੀਰਾ ਰੋਡ ਮੋਗਾ ਵਿਖੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਆਦਿ ਬਿਮਾਰੀਆਂ ਸਾਡੀ ਅਣਗਹਿਲੀ ਕਾਰਨ ਫੈਲਦੀਆਂ ਹਨ ਕਿਉਂਕਿ ਇਹ ਬਿਮਾਰੀਆਂ ਮੱਛਰ ਦੇ ਕੱਟਣ ਨਾਲ ਫੈਲਦੀਆਂ ਹਨ ਤੇ ਇਹ ਮੱਛਰ ਸਾਡੇ ਘਰਾਂ ਵਿੱਚ ਮੌਜੂਦ ਸਾਫ ਪਾਣੀ ਦੇ ਸਰੋਤਾਂ ਤੇ ਪੈਦਾ ਹੁੰਦਾ ਹੈ, ਜੇਕਰ ਅਸੀਂ ਹਰ ਹਫਤੇ ਪਾਣੀ ਦੇ ਸਰੋਤਾਂ ਨੂੰ ਖਾਲੀ ਕਰਕੇ ਕੱਪੜਾ ਮਾਰ ਕੇ ਸੁਕਾ ਦੇਈਏ ਤਾਂ ਮੱਛਰ ਦੇ ਪੈਦਾ ਹੋਣ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ। ਉਹਨਾਂ ਕਿਹਾ ਕਿ ਬੁਖਾਰ ਹੋਣ ਦੀ ਸੂਰਤ ਵਿੱਚ ਸਾਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਪਹੁੰਚ ਕੇ ਆਪਣੇ ਟੈਸਟ ਕਰਵਾਉਣੇ ਚਾਹੀਦੇ ਹਨ ਤੇ ਡਾਕਟਰ ਦੀ ਸਲਾਹ ਨਾਲ ਹੀ ਦਵਾਈ ਖਾਣੀ ਚਾਹੀਦੀ ਹੈ । ਉਹਨਾਂ ਸਿਹਤ ਵਿਭਾਗ ਦੇ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਵੱਲੋਂ ਸ਼ਹਿਰ ਵਾਸੀਆਂ ਨੂੰ ਡੇਂਗੂ ਤੋਂ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਮੂਹ ਸ਼ਹਿਰ ਵਾਸੀਆਂ ਨੂੰ ਉਹਨਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ । ਇਸ ਮੌਕੇ ਉਹਨਾ ਦੇ ਨਾਲ ਸੁਸਾਇਟੀ ਮੈਂਬਰ ਕੂਲਵਿੰਦਰ ਸਿੰਘ, ਪ੍ਕਾਸ਼ ਸਿੰਘ ਗਿੱਲ, ਰੋਸ਼ਨਪ੍ੀਤ ਸਿੰਘ, ਹਰਮਨ ਸਿੰਘ, ਬਿਕਰਮਜੀਤ ਸਿੰਘ, ਸੋਨੂੰ, ਅਸ਼ੋਕ ਕੁਮਾਰ, ਗੁਰਜੰਟ ਸਿੰਘ, ਪਾਲ ਸਿੰਘ ਦੇਬੀ, ਰਾਗੀ ਸੋਹਨ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ ।