ਜੀ ਟੀ ਬੀ ਗੜ ਨੂੰ ਵਿਕਾਸ ਪੱਖੋਂ ਇਲਾਕੇ ਦਾ ਮੋਹਰੀ ਪਿੰਡ ਬਣਾਉਣ ਦੀ ਇੱਛਾ- ਰਣਜੋਧ ਸਿੰਘ ਨੀਟੂ ਬਰਾੜ

ਸਮਾਲਸਰ, 04 ਅਗਸਤ (ਗਗਨਦੀਪ ਸ਼ਰਮਾ)- ਸਮਾਲਸਰ ਤੇ ਰੋਡੇ ਪਿੰਡ ਦੀਆਂ ਹੱਦਾਂ ਵਿਚਕਾਰ ਵਸਿਆ ਪਿੰਡ ਗੁਰੂ ਤੇਗ ਬਹਾਦਰ ਗੜ ਵਿਕਾਸ ਦੀ ਦੌੜ ਵਿੱਚ ਕਾਫੀ ਪਿੱਛੇ ਰਹਿ ਚੁੱਕਿਆ ਹੈ। ਜਿਲੇ ਦੇ ਵਿਕਸਿਤ ਪਿੰਡਾਂ ਦੀ ਬਰਾਬਰੀ ਕਰਨ ਲਈ ਜਰੂਰੀ ਹੈ ਕਿ ਇਸ ਵਾਰ ਗੁਰੂ ਤੇਗ ਬਹਾਦਰ ਗੜ ਦੀ ਵਾਗਡੋਰ ਕਿਸੇ ਨੌਜਵਾਨ ਤੇ ਹਿੰਮਤੀ ਆਗੂ ਨੂੰ ਦਿੱਤੀ ਜਾਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਯੂਥ ਕਾਂਗਰਸੀ ਆਗੂ ਰਣਜੋਧ ਸਿੰਘ ਨੀਟੂ ਬਰਾੜ ਨੇ ਕਿਹਾ ਕਿ ਮੇਰੀ ਦਿਲੀ ਇੱਛਾ ਤੇ ਮਜਬੂਤ ਸੋਚ ਹੈ ਕਿ ਜੀ ਟੀ ਬੀ ਗੜ ਨੂੰ ਵਿਕਾਸ ਪੱਖੋਂ ਇਲਾਕੇ ਦੇ ਮੋਹਰੀ ਪਿੰਡਾਂ ਵਿੱਚ ਗਿਣਿਆ ਜਾਵੇ ਅਤੇ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਹਮਾਇਤ ਹਾਸਿਲ ਉਮੀਦਵਾਰ ਸਰਪੰਚ ਬਣਾਇਆ ਜਾਵੇ। ਨੀਟੂ ਬਰਾੜ ਨੇ ਕਿਹਾ ਕਿ ਪਿੰਡ ਵਿੱਚ ਪੀਣ ਵਾਲੇ ਪਾਣੀ ਲਈ ਵਾਟਰ ਵਰਕਸ ਅਤੇ ਘਰਾਂ ਤੋਂ ਨਿਕਲਣ ਵਾਲੇ ਵਾਧੂ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕਰਨ ਦੀ ਤੁਰੰਤ ਲੋੜ ਹੈ। ਇਸ ਤੋਂ ਇਲਾਵਾ ਨੌਜਵਾਨਾਂ ਦੇ ਖੇਡਣ ਲਈ ਗਰਾੳੂਂਡ ਬਣਾਉਣ ਦੀ ਇੱਛਾ ਵੀ ਹੈ ਕਿਉਂਕਿ  ਉਹ ਖੁਦ ਕਬੱਡੀ ਖਿਡਾਰੀ ਰਹਿ ਚੁੱਕੇ ਹਨ, ਇਸ ਲਈ ਉਹ ਨੌਜਵਾਨਾਂ ਦੀ ਸਿਹਤ ਨੂੰ ਲੈ ਕੇ ਬੇਹੱਦ ਸੰਜੀਦਾ ਨੇ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 25 ਸਾਲਾਂ ਵਿੱਚ ਤਿੰਨ ਵਾਰ ਅਕਾਲੀ ਦਲ, ਇੱਕ ਵਾਰ ਕਾਂਗਰਸ ਤੇ ਹੁਣ ਨਵੀਂ ਪਾਰਟੀ ਦੀ ਪੰਚਾਇਤ ਕੰਮ ਕਰ ਰਹੀ ਹੈ। ਲੇਕਿਨ ਹਜੇ ਤੱਕ ਪਿੰਡ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ ਇਸ ਲਈ ਪਿੰਡ ਵਾਸੀਆਂ ਨੂੰ ਅਪੀਲ ਹੈ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਹੈ, ਹਲਕਾ ਵਿਧਾਇਕ ਕਾਂਗਰਸ ਪਾਰਟੀ ਦਾ ਹੈ ਸੋ ਸਰਪੰਚ ਵੀ ਕਾਂਗਰਸੀ ਹੋਣਾ ਚਾਹੀਦਾ ਹੈ। ਇਸ ਮੌਕੇ ਕਾਲਾ ਸਿੰਘ, ਗੋਰਾ ਸਿੰਘ, ਲਖਵੀਰ ਸਿੰਘ ਬਰਾੜ, ਗੁਰਦੀਪ ਸਿੰਘ, ਜਸਮੇਲ ਸਿੰਘ ਬਰਾੜ, ਰਾਜਿੰਦਰ ਸਿੰਘ ਰਾਜੂ, ਮਨਿੰਦਰ ਸਿੰਘ, ਹਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।