ਹੁਸ਼ਿਆਰ ਬੱਚਿਆਂ ਸਮੇਤ ਕੁੱਲ 28 ਵਿਦਿਆਰਥੀ ਤੇ ਵਿਦਿਆਰਥਣਾਂ ਦਾ ਕੀਤਾ ਸਨਮਾਨ

ਕੋਟਕਪੂਰਾ, 4 ਅਗਸਤ (ਟਿੰਕੂ ਪਰਜਾਪਤੀ) :- ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਸੱਭਿਆਚਾਰਕ, ਵਾਤਾਵਰਣ ਅਤੇ ਖੇਡਾਂ ਦੇ ਖੇਤਰ ’ਚ ਉਤਸ਼ਾਹਿਤ ਕਰਨ ਲਈ ਸਨਮਾਨ ਸਮਾਰੋਹ ਕਰਦੀ ਆ ਰਹੀ ਜਥੇਬੰਦੀ ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦਬਾਜਾ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਛੇਵੀਂ ਤੋਂ ਬਾਰਵੀਂ ਤੱਕ ਦੇ 21 ਬੱਚਿਆਂ ਦੇ ਨਾਲ-ਨਾਲ ਅਨੁਸ਼ਾਸ਼ਨ, ਮਿਹਨਤੀ, ਹੁਸ਼ਿਆਰ, ਆਗਿਆਕਾਰ ਤੇ ਵਧੀਆ ਬੁਲਾਰੇ ਦੇ ਤੌਰ ’ਤੇ ਚੁਣੇ 7 ਹੋਰ ਬੱਚਿਆਂ ਸਮੇਤ ਕੁੱਲ 28 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਸੰਸਥਾਪਕ ਸੋਮਨਾਥ ਅਰੋੜਾ ਅਨੁਸਾਰ ਆਪਣੇ ਸੰਬੋਧਨ ਦੌਰਾਨ ਡਾ. ਰਮੇਸ਼ ਚੰਦਰ ਗਰਗ, ਕੁਲਵੰਤ ਸਿੰਘ ਚਾਨੀ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਬਚਪਨ ਤੋਂ ਜਵਾਨੀ ਦੀ ਦਹਿਲੀਜ ’ਤੇ ਕਦਮ ਰੱਖਣ ਜਾ ਰਹੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਸੁਚੇਤ ਕਰਦਿਆਂ ਆਖਿਆ ਕਿ ਉਨਾ ਦਾ ਕਈ ਵਾਰ ਅਣਗਹਿਲੀ, ਲਾਪ੍ਰਵਾਹੀ ਜਾਂ ਗਲਤੀ ਨਾਲ ਚੁੱਕਿਆ ਗਿਆ ਕਦਮ ਉਨਾ ਦੇ ਮਾਪਿਆਂ ਲਈ ਮੁਸੀਬਤ ਬਣ ਜਾਂਦਾ ਹੈ। ਇਸ ਲਈ ਸਮਾਜ ’ਚ ਵਿਚਰਦਿਆਂ ਸਾਨੂੰ ਹਰ ਪਹਿਲੂ ’ਤੇ ਵਿਚਾਰ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲੈਣਾ ਚਾਹੀਦਾ ਹੈ। ਉਨਾ ਉੱਘੇ ਸਮਾਜਸੇਵੀ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਅਗਵਾਈ ਵਾਲੀ ਟੀਮ ਵੱਲੋਂ ਸਮਾਜ ਦੇ ਹਰ ਖੇਤਰ ’ਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਬੁਲਾਰਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਵਾਲੇ 6 ਬੱਚਿਆਂ ਨੂੰ 100-100 ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪਿ੍ਰੰ. ਦਰਸ਼ਨ ਸਿੰਘ, ਤਰਸੇਮ ਨਰੂਲਾ ਅਤੇ ਇਕਬਾਲ ਸਿੰਘ ਮੰਘੇੜਾ ਨੇ ਦੱਸਿਆ ਕਿ ਪੜਾਈ ਤੋਂ ਇਲਾਵਾ ਦੂਜੀਆਂ ਗਤੀਵਿਧੀਆਂ ’ਚ ਮੱਲਾਂ ਮਾਰਨ ਵਾਲੇ 7 ਬੱਚਿਆਂ ਨੂੰ ਸੰਜੀਵ ਧੀਂਗੜਾ ਤੇ ਅਮਨਦੀਪ ਸਿੰਘ ਘੋਲੀਆ ਨੇ ਵੱਖਰੇ ਤੌਰ ’ਤੇ ਸਨਮਾਨਿਤ ਕੀਤਾ। ਉਦਯੋਗਪਤੀ ਮਹੇਸ਼ ਕਟਾਰੀਆ, ਗੁਰਚਰਨ ਸਿੰਘ ਮਾਨ ਅਤੇ ਹਾਕਮ ਸਿੰਘ ਨੇ ਦੱਸਿਆ ਕਿ ਅੰਤ ’ਚ ਸੁਸਾਇਟੀ ਵੱਲੋਂ ਪਿ੍ਰੰ. ਕਰਨਜੀਤ ਕੌਰ ਸਮੇਤ ਸਮੁੱਚੇ ਸਟਾਫ ਅਤੇ ਮੁੱਖ ਮਹਿਮਾਨ ਕਿਰਪਾਲ ਸਿੰਘ ਹਾਂਡਾ ਅਤੇ ਕੰਵਲਜੀਤ ਕੌਰ ਧੀਂਗੜਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।