ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾ ਨਸ਼ਿਆਂ ਦਾ ਮੁਕੰਮਲ ਖਾਤਮਾ ਸੰਭਵ ਨਹੀ : ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ

ਕੋਟਕਪੂਰਾ,4 ਅਗਸਤ (ਟਿੰਕੂ ਪਰਜਾਪਤੀ) :- ਨੇੜਲੇ ਪਿੰਡ ਮੌੜ ਵਿਖੇ ਸਮਾਜਸੇਵੀ ਨੰਬਰਦਾਰ ਕੁਲਦੀਪ ਸਿੰਘ (ਰਾਣਾ ਮੌੜ) ਵੱਲੋਂ ਸ਼ਹੀਦ ਭਗਤ ਸਿੰਘ ਕਲੱਬ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਕਰਵਾਏ ਗਏ ਨਸ਼ਾ ਵਿਰੋਧੀ ਸੈਮੀਨਾਰ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਰਾਜੀਵ ਪਰਾਸ਼ਰ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅੱਜ ਭਾਂਵੇ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਵੱਲੋਂ ਨਸ਼ਾ ਤਸਕਰਾਂ, ਨਸ਼ੇੜੀਆਂ ਅਤੇ ਇਹਨਾ ਦੀ ਸਰਪ੍ਰਸਤੀ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਬਹੁਤ ਸਖਤੀ ਵਰਤੀ ਜਾ ਰਹੀ ਹੈ ਪਰ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾ ਇਸ ਸਮੱਸਿਆ ਨਾਲ ਨਹੀਂ ਨਜਿੱਠਿਆ ਜਾ ਸਕਦਾ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਨੇ ਰਾਣਾ ਮੌੜ ਤੇ ਉਸ ਦੀ ਸਮੁੱਚੀ ਟੀਮ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਨਸ਼ੇ ਦੇ ਕੌਹੜ ਦੇ ਖਾਤਮੇ ਲਈ ਸਾਨੂੰ ਸ਼ੁਰੂਆਤ ਆਪਣੇ ਘਰ ਤੋਂ ਹੀ ਕਰਨੀ ਪਵੇਗੀ। ਬਲਜੀਤ ਸਿੰਘ, ਸ਼ਾਮ ਲਾਲ ਚਾਵਲਾ, ਹਰਦੀਪ ਸਿੰਘ  ਕਟਾਰੀਆ, ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਰੇਸ਼ਮ ਸਿੰਘ ਵੜਿੰਗ ਨੇ ਨਸ਼ਿਆਂ ਦੀ ਬਹੁਤਾਤ ਦੀ ਸਾਜਿਸ਼ ਅਤੇ ਨਸ਼ਾ ਤਸਕਰਾਂ ਦੀ ਆਮਦਨ ਤੋਂ ਇਲਾਵਾ ਹੋਰ ਵੱਖ-ਵੱਖ ਪਹਿਲੂਆਂ ’ਤੇ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਦੱਸਿਆ ਕਿ ਅੱਜ ਦੁਸ਼ਮਣ ਤਾਕਤਾਂ ਵੱਲੋਂ ਸਾਡੇ ਨੌਜਵਾਨਾ ਤੇ ਬੱਚਿਆਂ ਦੀ ਅਣਖ, ਗੈਰਤ ਅਤੇ ਜਮੀਰ ਮਾਰਨ ਦੀਆਂ ਜੋ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ, ਉਨਾ ਦਾ ਮੂੰਹ ਤੋੜ ਜਵਾਬ ਦੇਣ ਲਈ ਸੁਚੇਤ ਹੋਣਾ ਪਵੇਗਾ। ਰਾਣਾ ਮੌੜ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਬੜੇ ਮਾਣ ਨਾਲ ਦੱਸਿਆ ਕਿ ਇਸ ਪਿੰਡ ਵਿੱਚ ਚਿੱਟੇ ਜਾਂ ਕਿਸੇ ਹੋਰ ਸਿੰਥੈਟਿਕ ਨਸ਼ੇ ਦਾ ਇਕ ਵੀ ਨੌਜਵਾਨ ਆਦੀ ਨਹੀਂ। ਰਾਣਾ ਮੌੜ ਅਤੇ ਸ਼ਾਮ ਲਾਲ ਚਾਵਲਾ ਵੱਲੋਂ ਡਿਪਟੀ ਕਮਿਸ਼ਨਰ ਨੂੰ ਪਿੰਡ ਦੀਆਂ ਸਮੱਸਿਆਵਾਂ ਬਾਰੇ ਸੋਂਪੇ ਮੰਗ ਪੱਤਰ ਨੂੰ ਪੜਨ ਤੋਂ ਬਾਅਦ ਡੀ.ਸੀ. ਨੇ ਉੱਥੇ ਹਾਜਰ ਹਰਜੀਤ ਸਿੰਘ ਸੰਧੂ ਉਪ ਮੰਡਲ ਮੈਜਿਸਟ੍ਰੇਟ, ਮੈਡਮ ਕੁਸਮ ਅਗਰਵਾਲ ਬੀਡੀਪੀਓ, ਤਹਿਸੀਲਦਾਰ ਸੰਧੂਰਾ ਸਿੰਘ ਤੇ ਹੋਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਕਤ ਸਮੱਸਿਆਵਾਂ ਪਹਿਲ ਦੇ ਅਧਾਰ ’ਤੇ ਹੱਲ ਕੀਤੀਆਂ ਜਾਣ। ਉਨਾ ਵੱਲੋਂ ਨਰੇਗਾ ਮਜਦੂਰਾਂ ਦੀਆਂ ਸਮੱਸਿਆਵਾਂ ਜਲਦ ਹੱਲ ਕਰਨ ਦਾ ਭਰੋਸਾ ਦੇਣ ਦੇ ਨਾਲ-ਨਾਲ ਉਨਾ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਖਾਰਾ ਦੀ ਟੀਮ ਨੇ ਵੀ ਨਸ਼ਾ ਵਿਰੋਧੀ ਬੈਨਰ ਹੇਠ ਪ੍ਰੋਗਰਾਮ ’ਚ ਸ਼ਿਰਕਤ ਕੀਤੀ।