ਸਰਹੱਦੀ ਖੇਤਰ ਵਿੱਚ ਸਿੱਖਿਆ ਤੰਤਰ ਨੂੰ ਹੋਰ ਮਜ਼ਬੂਤ ਕਰਾਂਗੇ: ਸੋਨੀ

ਚੰਡੀਗੜ੍ਹ,3 ਅਗਸਤ(ਪੱਤਰ ਪਰੇਰਕ)-ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਸਰਹੱਦੀ ਖੇਤਰ ਵਿੱਚ ਸਿੱਖਿਆ ਤੰਤਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰ ਰਹੀ ਹੈ, ਜਿਸ ਦੇ ਸਾਰਥਕ ਸਿੱਟੇ ਵੀ ਸਾਹਮਣੇ ਆ ਰਹੇ ਹਨ ।ਸ੍ਰੀ ਸੋਨੀ ਨੇ ਕਿਹਾ ਕਿ ਪਿਛਲੀ ਸਰਕਾਰ ਸਮੇਂ ਸਰਹੱਦੀ ਖੇਤਰ ਦੇ ਬੱਚਿਆਂ ਦੇ ਭਵਿੱਖ ਨੂੰ ਬਿਲਕੁੱਲ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ ਅਤੇ ਸਰਹੱਦੀ ਖੇਤਰ ਵਿੱਚ ਅਧਿਆਪਕਾਂ ਦੀ ਗਿਣਤੀ ਬਹੁਤ ਘੱਟ ਗਈ ਸੀ, ਜਿਸ ਕਾਰਨ ਇਸ ਖੇਤਰ ਦੇ ਬੱਚਿਆਂ ਦੇ ਨਤੀਜੇ ਮਾੜੇ ਆਏ, ਸਗੋਂ ਪੰਜਾਬ ਦੀ ਤਰੱਕੀ ਵਿੱਚ ਰੁਕਾਵਟ ਪਈ।ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਟੀਚਾ ਮਿੱਥਿਆ ਹੈ ਕਿ ਸਾਰੇ ਸੂਬੇ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣੀ ਅਤੇ ਨਾਲ ਹੀ ਚੰਗਾ ਬੁਨਿਆਦੀ ਢਾਂਚਾ ਦੇਣਾ ਹੈ ਤਾਂ ਜੋ ਹਰ ਖੇਤਰ ਦਾ ਵਿਦਿਆਰਥੀ ਮੁਕਾਬਲੇ ਦੇ ਦੌਰ ਵਿੱਚ ਸਮੇਂ ਦੇ ਹਾਣ ਦੀ ਸਿੱਖਿਆ ਪ੍ਰਾਪਤ ਕਰ ਸਕੇ।ਸਿੱਖਿਆ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਯਤਨਾਂ ਸਦਕਾ ਸਰਹੱਦੀ ਖੇਤਰ ਵਿੱਚ ਪੈਂਦੇ ਜ਼ਿਲਿਆਂ ਵਿੱਚ ਹਾਲ ਹੀ ਵਿੱਚ ਪ੍ਰਾਇਮਰੀ ਜਮਾਤ ਦੇ 2282 ਅਧਿਆਪਕਾਂ ਨੂੰ ਤਰੱਕੀ ਦੇ ਕੇ ਬਤੌਰ ਮਾਸਟਰ ਤਰੱਕੀ ਦੇਣ ਮਗਰੋਂ ਤਾਇਨਾਤ ਕੀਤਾ ਗਿਆ ਹੈ, ਜਿਸ ਸਦਕੇ ਹੁਣ ਇਸ ਖੇਤਰ ਵਿੱਚ ਪੰਜਾਬੀ ਦੇ 85 ਫੀਸਦੀ, ਗਣਿਤ ਦੇ 82 ਅਤੇ ਸਾਇੰਸ ਦੀਆਂ 74 ਫੀਸਦੀ ਆਸਾਮੀਆਂ ਭਰੀਆਂ ਜਾ ਚੁੱਕੀਆਂ ਹਨ। ਉਨਾਂ ਕਿਹਾ ਕਿ ਪੰੰਜਾਬ ਦੇ ਸਕੂਲਾਂ ਵਿੱਚ 100 ਫੀਸਦੀ ਅਧਿਆਪਕ ਮੁਹੱਈਆ ਕਰਵਾਉਣ ਲਈ ਸਰਕਾਰ ਕੰਮ ਰਹੀ ਹੈ।ਸ੍ਰੀ ਸੋਨੀ ਨੇ ਕਿਹਾ ਕਿ ਸਰਹੱਦੀ ਖੇਤਰ ਲਈ ਅਧਿਆਪਕਾਂ ਦਾ ਵੱਖਰਾ ਕੇਡਰ ਕਾਇਮ ਕਰਨ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ।