ਡੀ ਵਰਮਿੰਗ ਡੇ ਤੇ ਬੱਚਿਆਂ ਨੂੰ ਪੇਟ ਦੇ ਕੀੜੇ ਖਤਮ ਕਰਨ ਲਈ ਦਿੱਤੀ ਜਾਵੇਗੀ ਦਵਾਈ-ਸਿਵਲ ਸਰਜਨ

ਮੋਗਾ 3 ਅਗਸਤ(ਜਸ਼ਨ) -ਸਿਵਲ ਸਰਜਨ ਮੋਗਾ ਡਾ: ਸੁਸ਼ੀਲ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਮੋਗਾ ਵੱਲੋਂ ਬੱਚਿਆਂ ਦੇ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ 10 ਅਗਸਤ, 2018 ਨੂੰ ਡੀ ਵਰਮਿੰਗ ਦਿਵਸ ਮਨਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ: ਸੁਸ਼ੀਲ ਜੈਨ ਨੇ ਦੱਸਿਆ ਕਿ 10 ਅਗਸਤ ਨੂੰ ਜ਼ਿਲ੍ਹੇ ਦੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਅਤੇ ਆਂਗਨਬਾੜੀ ਕੇਂਦਰਾਂ ਵਿੱਚ ਸਿਹਤ ਵਿਭਾਗ ਵੱਲੋਂ ਇੱਕ ਸਾਲ ਤੋਂ ਲੈ ਕੇ 19 ਸਾਲ ਤੱਕ ਦੇ ਬੱਚਿਆਂ ਦੇ ਪੇਟ ਦੇ ਕੀੜੇ ਮਾਰਨ ਵਾਲੀ ਗੋਲੀ (ਐਲਬੈਡਾਜੋਲ) ਦੀ ਖੁਰਾਕ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਹ ਖੁਰਾਕ ਹਰੇਕ ਬੱਚੇ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਹ ਖੁਰਾਕ ਕਿਸੇ ਵੀ ਬੀਮਾਰ ਬੱਚੇ ਅਤੇ ਖਾਲੀ ਪੇਟ ਵਾਲੇ ਬੱਚੇ ਨੂੰ ਨਹੀਂ ਦਿੱਤੀ ਜਾ ਸਕਦੀ। ਉਨਾਂ ਇਹ ਵੀ ਦੱਸਿਆ ਕਿ ਚਬਾਉਣ ਵਾਲੀ ਐਲਬੈਡਾਜੋਲ ਗੋਲੀ ਇੱਕ ਤੋਂ ਦੋ ਸਾਲ ਤੱਕ ਦੇ ਬੱਚੇ ਨੂੰ ਅੱਧੀ ਗੋਲੀ ਚੂਰਾ ਕਰਕੇ ਅਤੇ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਇੱਕ ਪੂਰੀ ਗੋਲੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਜੇਕਰ ਉਸ ਦਿਨ ਕੋਈ ਬੱਚਾ ਇਹ ਦਵਾਈ ਲੈਣ ਤੋਂ ਵਾਂਝਾ ਰਹਿ ਜਾਂਦਾ ਹੈ, ਤਾਂ ਉਸ ਨੂੰ ਮੋਪ-ਅਪ ਰਾਊਂਡ ਵਿੱਚ 17 ਅਗਸਤ ਨੂੰ ਐਲਬੈਡਾਜੋਲ ਦੀ ਖੁਰਾਕ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਸਬੰਧੀ ਕੋਈ ਵੀ ਜਾਣਕਾਰੀ ਲਈ ਨੇੜਲੇ ਸਿਹਤ ਕੇਂਦਰ ਵਿੱਚ ਸਿਹਤ ਵਿਭਾਗ ਦੇ ਕ੍ਰਮਚਾਰੀ ਨਾਲ ਸੰਪਰਕ ਕੀਤਾ ਜਾ ਕਦਾ ਹੈ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ: ਅਰਵਿੰਦਰ ਪਾਲ ਸਿੰਘ ਗਿੱਲ, ਮਾਸ ਮੀਡੀਆ ਅਫ਼ਸਰ ਕਿਸ਼ਨਾ ਸ਼ਰਮਾ ਅਤੇ ਅੰਮਿ੍ਰਤ ਪਾਲ ਸ਼ਰਮਾ ਵੀ ਹਾਜ਼ਰ ਸਨ।