ਸਿਹਤ ਵਿਭਾਗ ਵੱਲੋਂ ਡਰਾਈ ਡੇਅ ਮੌਕੇ ਕੂਲਰਾਂ ਅਤੇ ਢਾਬਿਆਂ ਦੀ ਕੀਤੀ ਗਈ ਚੈਕਿੰਗ,ਚੈਕਿੰਗ ਦੌਰਾਨ ਕੱਟੇ ਗਏ 9 ਚਲਾਨ-ਮਹਿੰਦਰ ਪਾਲ ਲੂੰਬਾ

ਮੋਗਾ 3 ਅਗਸਤ: (ਜਸ਼ਨ):‘ਤੰਦਰੁਸਤ ਪੰਜਾਬ ਮਿਸ਼ਨ‘ ਤਹਿਤ ਸਿਵਲ ਸਰਜਨ ਮੋਗਾ ਡਾ: ਸੁਸ਼ੀਲ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲਾ ਐਪੀਡੀਮੋਲੋਜਿਸਟ ਡਾ: ਮਨੀਸ਼ ਅਰੋੜਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਸਾਂਝੇ ਤੌਰ ‘ਤੇ ਡਰਾਈ ਡੇ ਮੌਕੇ ਜ਼ਿਲਾ ਅਦਾਲਤੀ ਕੰਪਲੈਕਸ ਵਿਖੇ ਵਕੀਲਾਂ ਦੇ ਚੈਂਬਰਾਂ ‘ਚ ਕੂਲਰਾਂ ਤੇ ਸਥਾਨਕ ਢਾਬਿਆਂ ਦੀ ਚੈਕਿੰਗ ਕੀਤੀ ਗਈ ਅਤੇ ਮੌਕੇ ‘ਤੇ 9 ਚਲਾਨ ਕੱਟੇ ਗਏ। ਇਸ ਮੌਕੇ ਸਿਹਤ ਵਿਭਾਗ ਦੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ, ਨਗਰ ਨਿਗਮ ਤੋਂ ਸੰਦੀਪ ਕਟਾਰੀਆ ਅਤੇ ਸੈਨੇਟਰੀ ਇੰਸਪੈਕਟਰ ਅਰਜਨ ਸਿੰਘ ਵੀ ਮੌਜੂਦ ਸਨ। ਸ੍ਰੀ ਮਹਿੰਦਰ ਪਾਲ ਲੂੰਬਾ ਹੈਲਥ ਸੁਪਰਵਾਈਜ਼ਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸ਼ਨ ਤਹਿਤ ਲੋਕਾਂ ਨੂੰ ਡੇਗੂ, ਮਲੇਰੀਆ ਅਤੇ ਹੋਰ ਬੀਮਾਰੀਆਂ ਤੋਂ ਬਚਾਉਣ ਲਈ ਮੱਛਰਾਂ ਦੇ ਬਰੀਡਿੰਗ ਪੁਆਇੰਟ ਚੈੱਕ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਵਕੀਲਾਂ ਦੇ ਚੈਂਬਰਾਂ ਦੀ ਕੀਤੀ ਗਈ ਚੈਕਿੰਗ ਦੌਰਾਨ ਕੂਲਰਾਂ ‘ਚ ਪਾਣੀ ਖੜਾ ਪਾਇਆ ਗਿਆ, ਜਿਸ ਕਾਰਣ 8 ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਰੋਡ ਮੋਗਾ ਸਥਿਤ ਢਾਬਾ ਮਾਲਕ ਜਗਦੀਸ਼ ਸਿੰਘ ਦਾ ਵੀ ਚਲਾਨ ਕੱਟਿਆ ਗਿਆ। ਉਨਾਂ ਦੱਸਿਆ ਕਿ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਨੂੰ ਟਾਇਰਾਂ ਵਿੱਚ ਪਾਣੀ ਖੜਾ ਹੋਣ ਕਾਰਣ ਕੁੱਝ ਦਿਨ ਪਹਿਲਾਂ ਸੁਚੇਤ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਟਾਇਰਾਂ ਨੂੰ ਖੁੱਲੇ ਵਿੱਚ ਨਾ ਰੱਖਿਆ ਜਾਵੇ, ਜਿਸ ‘ਤੇ ਉਨਾਂ ਵੱਲੋਂ ਟਾਇਰਾਂ ਦੀ ਚੁਕਵਾਈ ਤੇ ਸਾਫ਼-ਸਫ਼ਾਈ ਸ਼ੁਰੂ ਕਰਵਾ ਦਿੱਤੀ ਗਈ ਹੈ। ਉਨਾਂ ਕਿਹਾ ਕਿ ਸ਼ੁੱਕਰਵਾਰ ਦਾ ਦਿਨ ਡਰਾਈ ਡੇਅ ਦੇ ਤੌਰ ‘ਤੇ ਰੱਖਿਆ ਜਾਵੇ। ਉਨਾਂ ਲੋਕਾਂ ਨੂੰ ਡੇਗੂ ਅਤੇ ਮਲੇਰੀਆ ਬੀਮਾਰੀਆਂ ਤੋਂ ਬਚਾਅ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਕੂਲਰਾਂ ਅਤੇ ਗਮਲਿਆਂ ਦੀਆਂ ਟਰੇਆਂ ਵਿੱਚ ਖੜੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸਾਫ਼ ਕਰਨਾ ਚਾਹੀਦਾ ਹੈ। ਉਨਾਂ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਬੀਮਾਰੀਆਂ ਏਡੀਜ਼ ਨਾਂ ਦੇ ਮੱਛਰ, ਜੋ ਕਿ ਦਿਨ ਵੇਲੇ ਕੱਟਦਾ ਹੈ ਤੋਂ ਪੈਦਾ ਹੁੰਦੀਆਂ ਹਨ। ਉਨਾਂ ਕਿਹਾ ਕਿ ਛੱਤਾਂ @ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰਾਂ ਬੰਦ ਰੱਖੋ ਅਤੇ ਟੁੱਟੇ ਬਰਤਨਾਂ, ਡਰੰਮਾਂ ਤੇ ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਹੀਂ ਰੱਖਣਾ ਚਾਹੀਦਾ। ਕੱਪੜੇ ਅਜਿਹੇ ਪਹਿਨਣੇ ਚਾਹੀਦੇ ਹਨ, ਜਿਨਾਂ ਨਾਲ ਸਰੀਰ ਢੱਕਿਆ ਰਹੇ, ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰਨਾ ਚਾਹੀਦਾ ਹੈ।