ਨਸ਼ੇ ਦੇ ਤਸਕਰ ਨੇ ਆਪਣੇ 17 ਸਾਲਾ ਬੇਟੇ ਦੀ ਕੀਤੀ ਹੱਤਿਆ, ਚਾਕੂ ਨਾਲ ਵੱਢਿਆ ਗਲਾ

ਅੰਬਾਲਾ ,2 ਅਗਸਤ (ਪੱਤਰ ਪਰੇਰਕ): ਅੰਬਾਲਾ ਸ਼ਹਿਰ ਦੇ ਜੱਗੀ ਕਾਲੌਨੀ ਫੇਜ਼-2 ਵਿਖੇ ਇਕ ਕਲਯੁੱਗੀ ਪਿਤਾ ਨੇ ਚਾਕੂ ਨਾਲ ਹਮਲਾ ਕਰਕੇ ਆਪਣੇ 17 ਸਾਲਾ ਬੇਟੇ ਦੀ ਹੱਤਿਆ ਕਰ ਦਿੱਤੀ। ਹੱਤਿਆ ਦੇ ਬਾਅਦ ਦੋਸ਼ੀ ਪਿਤਾ ਜ਼ੋਰਾਵਰ ਸਿੰਘ ਫਰਾਰ ਹੋ ਗਿਆ। ਥਾਣਾ ਬਲਦੇਵ ਨਗਰ ਵਿਚ ਮਿ੍ਰਤਕ ਦੀ ਮਾਤਾ ਕੁਲਵਿੰਦਰ ਕੌਰ ਦੀ ਸ਼ਿਕਾਇਤ ਤੇ ਉਸ ਦੇ ਪਤੀ ਜ਼ੋਰਾਵਰ ਸਿੰਘ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਜ਼ੋਰਾਵਰ ਸਿੰਘ ਮੁਰਾਦਾਬਾਦ ਜੇਲ ਵਿਚੋਂ ਨਸ਼ਾ ਤਸਕਰੀ ਦੇ ਮਾਮਲੇ ਵਿਚ ਪੰਜ ਸਾਲ ਦੀ ਸਜ਼ਾ ਭੁਗਤਕੇ ਆਇਆ ਸੀ। ਉਹ ਜਦ ਤੋਂ ਜੇਲ ਵਿਚੋਂ ਆਇਆ ਸੀ, ਉਸ ਦਿਨ ਤੋਂ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਅਕਸਰ ਆਪਣੀ ਮਾਂ ਦੀ ਦੇਖ ਭਾਲ ਨਾ ਕਰਨ ਦੇ ਦੋਸ਼ ਆਪਣੀ ਪਤਨੀ ’ਤੇ ਲਗਾਉਂਦਿਆਂ ਕਲੇਸ਼ ਕਰਦਾ ਸੀ। ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ ਬੀਤੀ ਰਾਤ ਉਸ ਦੇ ਪਤੀ ਨੇ ਨਸ਼ੇ ਦੀ ਹਾਲਤ ਵਿਚ ਝਗੜਾ ਸ਼ੁਰੂ ਕਰ ਦਿੱਤਾ। ਇਸ ਦੇ ਬਾਅਦ ਜ਼ੋਰਾਵਰ ਚਾਕੂ ਲੈ ਕੇ ਆਪਣੀ ਪਤਨੀ ਦੇ ਪਿੱਛੇ ਦੌੜਿਆ। ਬਚਾਅ ਕਰਨ ਆਏ ਉਸ ਦੇ ਪੁੱਤਰ ਨਵਜੋਤ ਉਰਫ ਹੈਰੀ ਨੂੰ ਉਸ ਦੇ ਪਿਤਾ ਨੇ ਪਹਿਲਾ ਦੀਵਾਰ ਨਾਲ ਪਟਕਿਆ ਤੇ ਉਸ ਦੇ ਬਾਅਦ ਗਲੇ ਤੇ ਚਾਕੂ ਨਾਲ ਵਾਰ ਕਰ ਦਿੱਤਾ। ਇਸ ਦੌਰਾਨ ਗੁਆਂਢ ਦੀ ਇਕ ਮਹਿਲਾ ਸਰਵਜੀਤ ਕੌਰ ਵੀ ਬਚਾਅ ਕਰਨ ਆਈ। ਉਸ ਦੇ ਤੁਰੰਤ ਬਾਅਦ ਨਵਜੋਤ ਨੂੰ ਉਸ ਦੀ ਮਾਤਾ ਇਕ ਨਿੱਜੀ ਹਸਪਤਾਲ ਲੈ ਕੇ ਗਈ, ਜਿੱਥੇ ਨਵਜੋਤ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ ਗਿਆ। ਪੁਲਿਸ ਵੱਲੋਂ ਦੋਸ਼ੀ ਨੂੰ ਗਿ੍ਰਫਤਾਰ ਕਰਨ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਗਈ ਹੈ।