ਪੰਜਾਬ ਰੋਡਵੇਜ਼ ਵਰਕਸ਼ਾਪ ਵਿੱਚ ਸਿਹਤ ਵਿਭਾਗ ਨੇ ਫਿਰ ਕੀਤੀ ਚੈਕਿੰਗ, ਨੋਟਿਸ ਜਾਰੀ ਹੋਣ ਦੇ ਬਾਵਜੂਦ ਨਹੀਂ ਸੁਧਰੇ ਸਫਾਈ ਦੇ ਹਾਲਾਤ

ਮੋਗਾ,2 ਅਗਸਤ (ਜਸ਼ਨ) : ਸਿਹਤ ਵਿਭਾਗ ਮੋਗਾ ਵੱਲੋਂ ਪੰਜਾਬ ਰੋਡਵੇਜ਼ ਮੋਗਾ ਵਿੱਚ ਸਫਾਈ ਦੇ ਬਦਤਰ ਹਾਲਾਤਾਂ ਨੂੰ ਦੇਖ ਕੇ ਸਫਾਈ ਕਰਵਾਉਣ ਦਾ ਨੋਟਿਸ ਜਾਰੀ ਕੀਤੇ ਨੂੰ ਦੋ ਹਫਤੇ ਤੋਂ ਜਿਆਦਾ ਦਾ ਸਮਾਂ ਹੋ ਚੁੱਕਾ ਹੈ ਪਰ ਸਫਾਈ ਦੇ ਹਾਲਾਤ ਸੁਧਰਨ ਦੀ ਬਜਾਏ ਪਹਿਲਾਂ ਨਾਲੋਂ ਵੀ ਬਦਤਰ ਹੋ ਚੁੱਕੇ ਹਨ । ਅੱਜ ਸਿਹਤ ਵਿਭਾਗ ਮੋਗਾ ਦੀ ਟੀਮ ਵੱਲੋਂ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਫਿਰ ਪੰਜਾਬ ਰੋਡਵੇਜ਼ ਵਰਕਸ਼ਾਪ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਕਰੀਬ 300 ਟਾਇਰਾਂ, ਹੌਦੀਆਂ, ਡਰੰਮਾਂ ਅਤੇ ਵਰਕਸ਼ਾਪ ਦੀ ਚਾਰਦੀਵਾਰੀ ਅੰਦਰ ਬਹੁਤ ਸਾਰੀਆਂ ਥਾਵਾਂ ਤੇ ਬਾਰਿਸ਼ ਦਾ ਪਾਣੀ  ਖੜਾ ਮਿਲਿਆ, ਜਿਸ ਵਿੱਚ ਡੇਂਗੂ ਦਾ ਲਾਰਵਾ ਵੀ ਪਾਇਆ ਗਿਆ । ਜਿਕਰਯੋਗ ਹੈ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਮਾਨਸੂਨ ਦੀ ਬਾਰਿਸ਼ ਤੋਂ ਪਹਿਲਾਂ ਮਿਤੀ 9 ਜੁਲਾਈ ਨੂੰ ਰੋਡਵੇਜ਼ ਵਰਕਸ਼ਾਪ ਅਤੇ ਦਫਤਰਾਂ ਦੀ ਜਾਂਚ ਕੀਤੀ ਗਈ ਤੇ ਕਈ ਥਾਵਾਂ ਤੇ ਡੇਂਗੂ ਦਾ ਲਾਰਵਾ ਮਿਲਿਆ ਸੀ, ਜਿਸ ਨੂੰ ਲੈ ਕੇ ਸਿਹਤ ਵਿਭਾਗ ਮੋਗਾ ਵੱਲੋਂ ਪੱਤਰ ਜਾਰੀ ਕਰਕੇ ਖੁੱਲੇ ਅਸਮਾਨ ਥੱਲੇ ਪਏ ਸੈਂਕੜੇ ਟਾਇਰਾਂ ਛੱਤ ਹੇਠ ਰਖਵਾਉਣ, ਹਰ ਹਫਤੇ ਕੂਲਰਾਂ ਦੀ ਸਫਾਈ ਕਰਵਾਉਣ, ਪਾਣੀ ਰੁਕਣ ਵਾਲੀਆਂ ਥਾਵਾਂ ਨੂੰ ਮਿੱਟੀ ਪਾ ਕੇ ਸਮਤਲ ਕਰਵਾਉਣ ਅਤੇ ਹਰ ਸ਼ੁਕਰਵਾਰ ਨੂੰ ਵਰਕਸ਼ਾਪ ਵਿੱਚ ਖੜੇ ਪਾਣੀ ਤੇ ਡੀਜ਼ਲ ਦੀ ਸਪਰੇਅ ਕਰਵਾਉਣ ਦੀ ਤਾਕੀਦ ਕੀਤੀ ਗਈ ਸੀ ਪਰ ਸਥਿਤੀ ਵਿੱਚ ਕੋਈ ਸੁਧਾਰ ਨਾ ਹੋਣ ਤੇ ਅੱਜ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਅਤੇ ਕੁਲਬੀਰ ਸਿੰਘ ਢਿੱਲੋਂ ਨੇ ਜਨਰਲ ਮੈਨੇਜਰ ਰਾਜੇਸ਼ਵਰ ਸਿੰਘ ਗਰੇਵਾਲ ਅਤੇ ਟਰੈਫਿਕ ਮੈਨੇਜਰ ਸੁਖਜੀਤ ਸਿੰਘ ਗਰੇਵਾਲ ਨੂੰ ਮਿਲ ਕੇ ਮਾਮਲੇ ਦੀ ਗੰਭੀਰਤਾ ਬਾਰੇ ਜਾਣੂ ਕਰਵਾਇਆ ਤੇ ਅਗਲੇ 24 ਘੰਟਿਆਂ ਵਿੱਚ ਸਾਰੇ ਟਾਇਰ ਖਾਲੀ ਕਰਵਾ ਕੇ ਤਰਪਾਲ ਨਾਲ ਢਕਣ ਅਤੇ ਵਰਕਸ਼ਾਪ ਦੇ ਅੰਦਰ ਪਾਣੀ ਦੀ ਖੜੋਤ ਨੂੰ ਖਤਮ ਕਰਨ ਲਈ ਕਿਹਾ ਗਿਆ । ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜਨਰਲ ਮੈਨੇਜਰ ਦਾ ਚਲਾਨ ਕੱਟਿਆ ਜਾਵੇਗਾ, ਜਿਸ ਦੇ ਜੁਰਮਾਨੇ ਦੀ ਰਾਸ਼ੀ ਉਹਨਾ ਨੂੰ ਆਪਣੀ ਜੇਬ ਵਿੱਚੋਂ ਅਦਾ ਕਰਨੀ ਪਵੇਗੀ । ਇਸ ਮੌਕੇ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਸਾਰੀ ਵਰਕਸ਼ਾਪ ਵਿੱਚ ਭਾਰੀ ਮਾਤਰਾ ਵਿੱਚ ਲਾਰਵੀਸਾਈਡ ਦਾ ਛਿੜਕਾਅ ਕਰਕੇ ਲਾਰਵਾ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਸਾਰੇ ਟਾਇਰਾਂ ਵਿੱਚ ਸਪਰੇਅ ਕਰਨਾ ਸੰਭਵ ਨਹੀਂ ਸੀ, ਇਸ ਲਈ ਸਫਾਈ ਕਰਵਾਉਣਾ ਹੀ ਇੱਕੋ ਇੱਕ ਹੱਲ ਹੈ, ਜੋ ਜਨਰਲ ਮੈਨੇਜਰ ਨੂੰ ਮਿਲ ਕੇ ਕੱਲ ਤੱਕ ਸਫਾਈ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ । ਇਸ ਮੌਕੇ ਹੈਲਥ ਸੁਪਰਵਾਈਜਰ ਕੁਲਬੀਰ ਸਿੰਘ ਢਿੱਲੋਂ ਅਤੇ ਬਰੀਡ ਚੈਕਰਾਂ ਦੀ ਪੂਰੀ ਟੀਮ ਹਾਜਰ ਸੀ ।

ਜ਼ਿਕਰਯੋਗ ਹੈ ਕਿ ਕੱਲ ਵੀ ਸਿਹਤ ਵਿਭਾਗ ਮੋਗਾ ਵੱਲੋਂ ਬਰੀਡ ਚੈਕਰਾਂ ਦੀ ਪੂਰੀ ਟੀਮ ਨੇ ਦਸ਼ਮੇਸ਼ ਨਗਰ ਟੈਂਕੀ ਵਾਲੀ ਗਲੀ ਦੀਆਂ ਨਾਲੀਆਂ, ਜੀਰਾ ਰੋਡ ’ਤੇ ਸਥਿਤ ਗੳੂਸ਼ਾਲਾ ਤੋਂ ਇਲਾਵਾ ਵੱਖ ਵੱਖ ਥਾਵਾਂ ‘ਚ ਦਵਾਈ ਦਾ ਛਿੜਕਾਅ ਕੀਤਾ ਸੀ।