ਮੁੱਖ ਮੰਤਰੀ ਵੱਲੋਂ ਚੀਨ ਦੀ ਆਰਥਿਕ ਚੁਣੌਤੀ ਦੇ ਟਾਕਰੇ ਲਈ ਸਰਹੱਦੀ ਪੱਟੀ ਨੂੰ ਸਨਅਤੀ ਧੁਰੇ ਵਜੋਂ ਵਿਕਸਤ ਕਰਨ ਵਾਸਤੇ ਕੇਂਦਰ ਸਰਕਾਰ ਨੂੰ ਵਿਆਪਕ ਨੀਤੀ ਬਣਾਉਣ ਦੀ ਅਪੀਲ

ਨਵੀਂ ਦਿੱਲੀ, 1 ਅਗਸਤ:(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਨ ਦੀ ਆਰਥਿਕ ਚੁਣੌਤੀ ਦੇ ਟਾਕਰੇ ਲਈ ਸਰਹੱਦੀ ਪੱਟੀ ਨੂੰ ਸਨਅਤੀ ਧੁਰੇ ਵਜੋਂ ਵਿਕਸਤ ਕਰਨ ਵਾਸਤੇ ਵਿਆਪਕ ਨੀਤੀ ਤਿਆਰ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਅਤੇ ਇਸੇ ਦੌਰਾਨ ਹੀ ਉਨਾਂ ਨੇ ਸਰਹੱਦੀ ਸੂਬਿਆਂ ਪੰਜਾਬ ਤੇ ਰਾਜਸਥਾਨ ਲਈ ਵਿਸ਼ੇਸ਼ ਪੈਕੇਜ ਦਿੱਤੇ ਜਾਣ ਦੀ ਮੰਗ ਵੀ ਦੁਹਰਾਈ ਹੈ। 
ਸੀ.ਆਈ.ਆਈ ਅਤੇ ਪੰਜਾਬ ਬਿੳੂਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਵੱਲੋਂ ਆਯੋਜਿਤ ਉੱਘੇ ਉਦਯੋਗਪਤੀਆਂ ਨਾਲ ਵਿਚਾਰ-ਵਟਾਂਦਰੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਾਲ ਸਰਹੱਦੀ ਇਲਾਕੇ ਵਿੱਚ ਖਾਸਕਰ ਪਠਾਨਕੋਟ ਤੋਂ ਲੈ ਕੇ ਪਾਕਿਸਤਾਨ ਦੀ ਸਰਹੱਦ ਦੇ ਨਾਲ-ਨਾਲ ਸਨਅਤੀ ਗਲਿਆਰਾ ਸਥਾਪਤ ਕਰਨ ਦਾ ਮੁੱਦਾ ਉਠਾਇਆ ਸੀ ਅਤੇ ਉਨਾਂ ਨੂੰ ਇਸ ਸਬੰਧ ਵਿੱਚ ਹਾਂ-ਪੱਖੀ ਹੁੰਗਾਰੇ ਦੀ ਉਮੀਦ ਹੈ। 
ਮੁੱਖ ਮੰਤਰੀ ਨੇ ਉਦਯੋਗ ਨੂੰ ਭਰੋਸਾ ਦਿਵਾਇਆ ਕਿ ਉਨਾਂ ਦਾ ਪੰਜਾਬ ਵਿੱਚ ਨਿਵੇਸ਼ ਪੂਰੀ ਤਰਾਂ ਸੁਰੱਖਿਅਤ ਰਹੇਗਾ ਅਤੇ ਉਨਾਂ ਦੀ ਸਰਕਾਰ ਸਨਅਤਕਾਰਾਂ ਨੂੰ ਹਰ ਸੰਭਵ ਸਹਾਇਤਾ ਦੇਵੇਗੀ। ਉਨਾਂ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਸੂਬੇ ਵਿੱਚ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਪਹਿਲਾਂ ਹੀ ਆ ਚੁੱਕਾ ਹੈ ਅਤੇ ਉਨਾਂ ਦੀ ਸਰਕਾਰ ਦਾ ਇਸ ਰਾਸ਼ੀ ਨੂੰ ਸਲਾਨਾ ਤਿੰਨ ਗੁਣਾ ਬਣਾਉਣ ਦਾ ਟੀਚਾ ਹੈ। 
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਉਦਯੋਗਾਂ ਨੂੰ ਹਰ ਸੁਵਿਧਾ ਮੁਹੱਈਆ ਕਰਵਾਏਗੀ ਅਤੇ ਨੀਤੀਆਂ ਤਿਆਰ ਕਰਦੇ ਸਮੇਂ ਉਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕੰਮ ਦਾ ਸੱਭਿਆਚਾਰ ਉਦਯੋਗ ਨੂੰ ਹੁਲਾਰਾ ਦੇਣ ਵਾਸਤੇ ਬਹੁਤ ਹੀ ਜ਼ਿਆਦਾ ਢੁਕਵਾਂ ਹੈ ਅਤੇ ਸੂਬੇ ਵਿੱਚ ਰੋਜ਼ਗਾਰ ਅਤੇ ਮਾਲੀਆ ਪੈਦਾ ਕੀਤੇ ਜਾਣ ਦੀ ਜ਼ਰੂਰਤ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ 55 ਸਾਲ ਦੀ ਸਿਆਸਤ ਦੌਰਾਨ ਪੰਜਾਬ ਦੇ ਉਦਯੋਗ ਵਿੱਚ ਕਿਸੇ ਵੀ ਤਰਾਂ ਦੇ ਵਿਘਨ ਨੂੰ ਕਦੀ ਵੀ ਨਹੀਂ ਦੇਖਿਆ ਕਿਉਂਕਿ ਇੱਥੇ ਬਹੁਤ ਹੀ ਵਧੀਆ ਕਿਰਤੀ ਹਨ। ਮੁੱਖ ਮੰਤਰੀ ਨੇ ਨਵੀਂ ਸਨਅਤੀ ਅਤੇ ਵਪਾਰਕ ਵਿਕਾਸ ਨੀਤੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਦਯੋਗ ਤੋਂ ਸੁਝਾਅ ਮੰਗੇ ਜੋ ਕਿ ਵਪਾਰ ਨੂੰ ਹੁਲਾਰਾ ਦੇਣ ਅਤੇ ਇਸ ਨੂੰ ਸੁਖਾਲਾ ਬਣਾਉਣ ਵਾਸਤੇ ਤਿਆਰ ਕੀਤੀ ਗਈ ਹੈ। ਉਨਾਂ ਨੇ ਪੰਜਾਬ ਨੂੰ ਦੇਸ਼ ਵਿੱਚ ਨਿਵੇਸ਼ ਵਾਲਾ ਸਭ ਤੋਂ ਪਸੰਦੀਦਾ ਸੂਬਾ ਬਣਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ। 
ਸਾਲ 1966 ਵਿੱਚ ਸੂਬੇ ਦੇ ਬਟਵਾਰੇ ਦੇ ਸਮੇਂ ਪੰਜਾਬ ਦੇ ਉਦਯੋਗ ਨੂੰ ਵੱਡਾ ਨੁਕਸਾਨ ਹੋਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਸੂਬੇ ਦੇ ਵਿਕਾਸ ਅਤੇ ਧਰਤੀ ਹੇਠਲੇ ਪਾਣੀ ਦੇ ਹੋਰ ਹੇਠਾਂ ਜਾਣ ਅਤੇ ਖੇਤੀਬਾੜੀ ਸੰਕਟ ਵਰਗੀਆਂ ਸੱਮਸਿਆਵਾਂ ਨਾਲ ਨਿਪਟਣ ਲਈ ਉਦਯੋਗ ਦੇ ਉਸਾਰੂ ਸਮਰਥਨ ਦੀ ਮੰਗ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਦੇ ਵਧੀਆ ਪ੍ਰਬੰਧਨ ਲਈ ਨੀਤੀ ਪਹਿਲਕਦਮੀਆਂ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨਾਂ ਨੇ ਸੂਬੇ ਵਿੱਚ ਪਾਣੀ ਦੀ ਗੰਭੀਰ ਸਥਿਤੀ ਅਤੇ ਫਸਲੀ ਵਿਭਿੰਨਤਾ ਸਬੰਧੀ ਸੱਮਸਿਆਵਾਂ ਵਿੱਚੋਂ ਨਿਕਲਣ ਅਤੇ ਖੇਤੀ ਆਮਦਨ ਵਿੱਚ ਸੁਧਾਰ ਲਿਆਉਣ ’ਤੇ ਵੀ ਜ਼ੋਰ ਦਿੱਤਾ। 
ਇਸੇ ਦੌਰਾਨ ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੇ ਹਾਲ ਹੀ ਵਿੱਚ ਸਨਅਤੀ ਨੀਤੀ ਲਾਗੂ ਕਰਨ ਵਾਸਤੇ ਅਮਲੀ ਦਿਸ਼ਾ-ਨਿਰਦੇਸ਼ਾਂ ਨੂੰ ਹਾਲ ਹੀ ਵਿੱਚ ਪ੍ਰਵਾਨਗੀ ਦਿੱਤੀ ਹੈ ਜਿਨਾਂ ਵਿੱਚ ਨਵਿਆਉਣਯੋਗ ਅਤੇ ਸੌਰ ੳੂਰਜਾ ’ਤੇ ਧਿਆਨ ਕੇਂਦਿ੍ਰਤ ਕੀਤਾ ਗਿਆ ਹੈ। ਇਨਵੈਸਟਮੈਂਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਨੇ ਕਿਹਾ ਕਿ ਸੂਬੇ ਵੱਲੋਂ ਇਮਾਰਤਾਂ ਦੀਆਂ ਛੱਤਾਂ ’ਤੇ ਪ੍ਰਾਜੈਕਟ ਲਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਰਿਆਇਤਾਂ ਦੇ ਆਧਾਰਿਤ ਭੌਂ ਪਟੇ ’ਤੇ ਮੁੱਹਈਆ ਕਰਾਈ ਜਾ ਰਹੀ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਪਹਿਲੇ ਪੜਾਅ ਦੌਰਾਨ ਕੰਪਿੳੂਟਰੀਕਰਨ ਲਈ 400 ਸਰਕਾਰੀ ਸਕੂਲਾਂ ਦੀ ਸ਼ਨਾਖਤ ਕੀਤੀ ਗਈ ਹੈ। ਆਉਂਦੇ ਸਾਲਾਂ ’ਚ 17000 ਤੋਂ ਵੱਧ ਸਕੂਲਾਂ ਦਾ ਕੰਪਿੳੂਟਰੀਕਰਨ ਕੀਤਾ ਜਾਵੇਗਾ। ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਾਂ ਕਾਰੋਬਾਰ ਸ਼ੁਰੂ ਕਰਨ (ਸਟਾਰਟ-ਅੱਪ) ਅਤੇ ਨਵੇਂ ਉਦਮਾਂ ਲਈ ਨਵੀਂ ਉਦਯੋਗਿਕ ਨੀਤੀ ਵਿੱਚ ਵਿਸਥਾਰ ਵਿੱਚ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਉਦਯੋਗ ਲਈ ਸੁਖਾਵਾਂ ਮਾਹੌਲ ਸਿਰਜਣ ਅਤੇ ਆਕਰਸ਼ਿਤ ਰਿਆਇਤਾਂ ਦੀ ਪੇਸ਼ਕਸ਼ ਕੀਤੀ ਹੈ ਅਤੇ ਉਨਾਂ ਦੀ ਸਰਕਾਰ ਨਿਵੇਸ਼ ਕਰਨ ਲਈ ਆਉਣ ਵਾਲੇ ਸਾਰੇ ਸਨਅਤਕਾਰਾਂ ਅਤੇ ਉੱਦਮੀਆਂ ਦਾ ਭਰਵਾਂ ਸਵਾਗਤ ਕਰਦੀ ਹੈ। ਇਸ ਤੋਂ ਪਹਿਲਾਂ ਸੀ.ਆਈ.ਆਈ. ਦੇ ਉੱਤਰੀ ਖਿੱਤੇ ਦੇ ਚੇਅਰਮੈਨ ਸਚਿਤ ਜੈਨ ਨੇ ਸਨਅਤੀ ਦਿੱਗਜ਼ਾਂ ਨਾਲ ਆਪਣੇ ਕਾਰੋਬਾਰੀ ਤਜਰਬੇ ਸਾਂਝੇ ਕੀਤੇ। ਉਨਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਜ਼ਿਆਦਾ ਉਤਪਾਦਨ, ਮਜ਼ਬੂਤ ਕੰਮ ਸੱਭਿਆਚਾਰ ਅਤੇ ਸਰਕਾਰ ਵੱਲੋਂ ਨਵੇਂ ਪ੍ਰਾਜੈਕਟਾਂ ਲਈ ਪ੍ਰਿਆ ਨੂੰ ਸੁਖਾਲਾ ਬਣਾਉਣ ’ਤੇ ਧਿਆਨ ਇਕਾਗਰ ਕਰਨ ਨਾਲ ਸਨਅਤਕਾਰਾਂ ਨੂੰ ਸੂਬੇ ਵਿੱਚ ਨਿਵੇਸ਼ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ।ਸ੍ਰੀ ਰਜਤ ਅਗਰਵਾਲ ਨੇ ਪੰਜਾਬ ਵਿੱਚ ਉਦਯੋਗਿਕ ਵਿਸ਼ੇਸ਼ਤਾਵਾਂ ’ਤੇ ਚਾਨਣਾ ਪਾਉਣ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਰਿਆਇਤਾਂ ਦਾ ਵੀ ਜ਼ਿਕਰ ਕੀਤਾ। ਉਨਾਂ ਕਿਹਾ ਕਿ ਦੇਸ਼ ਭਰ ਵਿੱਚੋਂ ਪੰਜਾਬ ’ਚ ਹੀ ਉਦਯੋਗਾਂ ਨੂੰ ਘੱਟ ਦਰਾਂ ’ਤੇ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਇਸ ਨਾਲ ਨਵੇਂ ਪ੍ਰਾਜੈਕਟਾਂ ਦੀ ਸਥਾਪਨਾ ਲਈ ਹੁਨਰਮੰਦ ਕਾਮੇ ਅਤੇ ਢੁਕਵੀਂ ਜ਼ਮੀਨ ਵੀ ਮੌਜੂਦਾ ਹੈ। ਉਨਾਂ ਕਿਹਾ ਕਿ ਪੰਜਾਬ ਕੋਲ ਬਿਹਤਰੀਨ ਹਵਾਈ ਅਤੇ ਸੜਕੀ ਢਾਂਚਾ ਵੀ ਮੌਜੂਦ ਹੈ।ਦਿ ਸੁਖਜੀਤ ਸਟਾਰਚ ਐਂਡ ਕੈਮੀਕਲ ਲਿਮਟਡ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਭਵਦੀਪ ਸਰਦਾਨਾ ਨੇ ਵਪਾਰ ਨੂੰ ਸੁਖਾਲਾ ਬਣਾਉਣ ਲਈ ਸੂਬਾ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸ੍ਰੀ ਸਰਦਾਨਾ ਨੇ ਕਿਹਾ ਕਿ ਪੰਜਾਬ ਵਿੱਚ ਸੱਤਾ ਦੀ ਤਬਦੀਲੀ ਤੋਂ ਬਾਅਦ ਸਨਅਤੀ ਮਾਹੌਲ ਵਿੱਚ ਵੀ ਵੱਡਾ ਬਦਲਾਅ ਹੋਇਆ ਹੈ ਜਿੱਥੇ ਹੁਣ ਕਾਰੋਬਾਰੀ ਹਿੱਤਾਂ ਲਈ ਸਬੰਧਤ ਅਥਾਰਟੀ ਤੱਕ ਪਹੁੰਚ ਸੁਖਾਲੀ ਹੋਣ, ਮਸਲਿਆਂ ਦੇ ਛੇਤੀ ਹੱਲ ਅਤੇ ਫੌਰੀ ਪ੍ਰਵਾਨਗੀਆਂ ਹਾਸਲ ਹੋਣ ਲੱਗੀਆਂ ਹਨ। ਸ੍ਰੀ ਸਰਦਾਨਾ ਜਿਨਾਂ ਦੀ ਕੰਪਨੀ ਵੱਲੋਂ ਸਾਲ 1943 ਤੋਂ ਸੂਬੇ ਵਿੱਚ ਮੱਕੀ ਅਧਾਰਿਤ ਸਭ ਤੋਂ ਪੁਰਾਣੇ ਅਤੇ ਵੱਡੇ ਯੂਨਿਟ ਚਲਾਏ ਜਾ ਰਹੀ ਹੈ,  ਵੱਲੋਂ ਹੁਣ ਫਗਵਾੜਾ ਨੇੜੇ ਮੈਗਾ ਫੂਡ ਪਾਰਕ ਦੀ ਸਥਾਪਤ ਕੀਤਾ ਜਾ ਰਿਹਾ ਹੈ। ਸੀ.ਆਈ.ਆਈ. ਦੇ ਵਾਈਸ ਚੇਅਰਮੈਨ ਵੀਰੇਨ ਪੋਪਲੀ ਨੇ ਉਦਯੋਗ ਨੂੰ ਘੱਟ ਦਰਾਂ ’ਤੇ ਬਿਜਲੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦੀ ਪ੍ਰਸੰਸਾ ਕੀਤੀ। ਉਨਾਂ ਨੇ ਮੁੱਖ ਮੰਤਰੀ ਅਤੇ ਉਨਾਂ ਦੀ ਟੀਮ ਵੱਲੋਂ ਸਨਅਤ ਅਤੇ ਇਸ ਨਾਲ ਜੁੜੇ ਮਸਲਿਆਂ ਅਤੇ ਚਿੰਤਾਵਾਂ ਨੂੰ ਸਮਝਣ ਅਤੇ ਉਦਯੋਗਪਤੀਆਂ ਦੇ ਹਿੱਤ ਵਾਲੀ ਨਵੀਂ ਸਨਅਤੀ ਨੀਤੀ ਲਿਆਉਣ ’ਤੇ ਉਨਾਂ ਦੀ ਸ਼ਲਾਘਾ ਕੀਤੀ। ਇਹ ਨੀਤੀ ਸਰਕਾਰ ਦੀ ਉਦਯੋਗ ਪ੍ਰਤੀ ਸਾਕਾਰਤਮਕ ਪਹੁੰਚ ਦਰਸਾਉਂਦੀ ਹੈ।ਇਸ ਤੋਂ ਬਾਅਦ ਮੁੱਖ ਮੰਤਰੀ ਨੇ ਕੁਝ ਸਨਅਤਕਾਰਾਂ ਨਾਲ ਵੱਖ-ਵੱਖ ਤੌਰ ’ਤੇ ਮੀਟਿੰਗਾਂ ਕਰਕੇ ਨਿਵੇਸ਼ ਅਤੇ ਸਹਿਯੋਗ ਦੇ ਵਿਸ਼ੇਸ਼ ਖੇਤਰਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ