ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ-ਇੰਦੌਰਾ

ਚੰਨੂਵਾਲਾ (ਮੋਗਾ) 31 ਜੁਲਾਈ(ਜਸ਼ਨ): ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਕਰਨਵੀਰ ਸਿੰਘ ਇੰਦੋਰਾ ਮੈਂਬਰ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਨੇ ਹਲਕਾ ਬਾਘਾਪੁਰਾਣਾ ਦੇ ਪਿੰਡ ਚੰਨੂਵਾਲਾ ਵਿਖੇ ਆਦਿ ਧਰਮ ਸਮਾਜ ਭਾਰਤ (ਆਧਸ) ਵੱਲੋਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਪੁਰਬ ‘ਤੇ ਕਰਵਾਏ ਗਏ ਚੇਤਨਾ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਸ੍ਰੀ ਕਰਨਵੀਰ ਸਿੰਘ ਇੰਦੌਰਾ ਨੇ ਸ਼ਹੀਦ ਬਾਬਾ ਜੀਵਨ ਸਿੰਘ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਉਹ ਇੱਕ ਨਿਧੜਕ, ਚੰਗੇ ਘੋੜ ਸਵਾਰ ਅਤੇ ਮਹਾਨ ਜੰਗੀ ਯੋਧੇ ਸਨ। ਉਹਨਾਂ ਕਿਹਾ ਕਿ ਬਾਬਾ ਜੀਵਨ ਸਿੰਘ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੇੜਲੇ ਸਾਥੀ ਸਨ। ਉਹਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਗਲਾਂ ਖਿਲਾਫ਼ ਅਨੇਕਾਂ ਲੜਾਈਆਂ ਲੜੀਆਂ ਅਤੇ ਸ੍ਰੀ ਚਮਕੌਰ ਸਾਹਿਬ ਵਿਖੇ ਯੁੱਧ ਦੌਰਾਨ ਸ਼ਹਾਦਤ ਪ੍ਰਾਪਤ ਕੀਤੀ।  ਉਹਨਾਂ ਨੂੰ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਦਿੱਲੀ ਤੋਂ ਦਲੇਰੀ ਨਾਲ ਸੀਸ ਲਿਆਉਣ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਰੰਗਰੇਟੇ ਗੁਰੂ ਕੇ ਬੇਟੇ‘ ਦੀ ਉਪਾਧੀ ਨਾਲ ਨਿਵਾਜ਼ਿਆ। ਇਸ ਮੌਕੇ ਉਹਨਾਂ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਦੀਆਂ ਲਗਭੱਗ 100 ਸ਼ਿਕਾਇਤਾਂ ਸੁਣੀਆਂ। ਉਹਨਾਂ ਮੌਕੇ ‘ਤੇ ਹੱਲ ਹੋਣ ਵਾਲੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਅਤੇ ਕਿਹਾ ਕਿ ਉਪਰਲੇ ਪੱਧਰ ਦੀਆਂ ਸ਼ਿਕਾਇਤਾਂ ਨਿਪਟਾਰੇ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਕੋਲ ਭੇਜੀਆਂ ਜਾਣਗੀਆਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਐਸ.ਸੀ ਭਾਈਚਾਰੇ ਦੀਆਂ ਮੁਸ਼ਕਲਾਂ ਦੇ ਨਿਪਟਾਰੇ ਅਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ। ਇਸ ਮੌਕੇ ਉਹਨਾਂ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਨੁਸੂਚਿਤ ਵਰਗ ਦੇ ਲੋਕਾਂ ਨੂੰ ਇਹਨਾਂ ਸਕੀਮਾਂ ਤੋਂ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਆਦਿ ਧਰਮ ਸਮਾਜ (ਰਜਿ) ਆਧਸ ਦੇ ਜ਼ਿਲ੍ਹਾ  ਪ੍ਰਧਾਨ ਅਰਜੁਨ ਕੁਮਾਰ, ਸੁਖਮੰਦਰਪਾਲ ਸਿੰਘ ਗਰੇਵਾਲ,    ਆਧਸ ਦੇ ਸੂਬਾ ਪ੍ਰਧਾਨ ਡਾ: ਦਿਲਬਾਗ ਰਾਏ, ਸੀਨੀਅਰ ਵਾਈਸ ਪ੍ਰਧਾਨ ਰਾਜੀਵ ਕੁਮਾਰ (ਟਿੰਕੂ) ਇਸ ਮੌਕੇ ਆਧਸ ਦੇ ਸਕੱਤਰ ਵਿਜੇ ਨਿਧਾਨੀਆਂ, ਉਪ ਪ੍ਰਧਾਨ ਅਜਮੇਰ ਸਿੰਘ, ਪ੍ਰਧਾਨ ਚੰਨੂਵਾਲਾ ਬਲਵੰਤ ਸਿੰਘ, ਮੈਂਬਰ ਸੁਖਵਿੰਦਰ ਸਿੰਘ ਬੁੱਧੂ, ਰੂਪ ਚੰਦ ਨਾਗਰ, ਮੇਹਰ ਸਿੰਘ, ਸੁਖਦੀਪ ਕੌਰ, ਪ੍ਰਦੀਪ ਕੌਰ ਅਤੇ ਐਸ.ਸੀ ਭਾਈਚਾਰੇ ਦੇ ਹੋਰ ਅਹੁਦੇਦਾਰ ਹਾਜ਼ਰ ਸਨ।