ਸਰਵਸੰਮਤੀ ਨਾਲ ਕਾਂਗਰਸੀ ਆਗੂ ਅਮਰਜੀਤ ਯਮਲਾ ਨੂੰ ਸਮਾਲਸਰ ਦਾ ਸਰਪੰਚ ਉਮੀਦਵਾਰ ਬਣਾਇਆ

ਸਮਾਲਸਰ, 31 ਜੁਲਾਈ (ਗਗਨਦੀਪ ਸ਼ਰਮਾ):- ਪੰਜਾਬ ਸਰਕਾਰ ਦੁਆਰਾ ਪੰਚਾਇਤੀ ਚੋਣਾਂ ਦਾ ਐਲਾਨ ਕੀਤੇ ਜਾਣ ਤੋਂ ਤੁਰੰਤ ਬਾਅਦ ਪਿੰਡਾਂ ਅੰਦਰ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸੇ ਲੜੀ ਤਹਿਤ ਜਿਲ੍ਹਾ ਮੋਗਾ ਦੇ ਵਿਸ਼ਾਲ ਪਿੰਡ ਸਮਾਲਸਰ ਦੇ ਗੁਰਦਵਾਰਾ ਬਾਬਾ ਜੀਵਨ ਸਿੰਘ ਵਿਖੇ ਸਰਪੰਚੀ ਦੇ ਉਮੀਦਵਾਰ ਦੀ ਚੋਣ ਬਾਬਤ ਵਿਸ਼ਾਲ ਇੱਕਤਰਤਾ ਕੀਤੀ ਗਈ। ਜਿਸ ਵਿੱਚ ਪਾਰਟੀਬਾਜੀ ਨੂੰ ਦਰਕਿਨਾਰ ਕਰਕੇ ਪਿੰਡ ਦੇ ਵਿਕਾਸ ਨੂੰ ਪ੍ਰਮੁੱਖਤਾ ਦਿੰਦੇ ਹੋਏ ਸਾਬਕਾ ਸਰਪੰਚ ਹਰਮੇਸ਼ ਸਿੰਘ, ਸਰਪੰਚ ਸੁਖਮੰਦਰ ਸਿੰਘ ਨੀਲਾ ਕੋਠੇ ਸਮਾਲਸਰ, ਬੀਬੀ ਕਿ੍ਰਸ਼ਨਾ ਦੇਵੀ, ਪੰਚ ਨਿਰਮਲ ਸਿੰਘ, ਪੰਚ ਦਰਸ਼ਨ ਸਿੰਘ, ਪੰਚ ਬਲਜੀਤ ਸਿੰਘ ਆਦਿ ਮੋਹਤਬਰ ਵਿਅਕਤੀਆਂ ਨੇ ਜਨਤਾ ਦੀ ਰਾਇ ਨਾਲ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਨਜਦੀਕੀ ਅਤੇ ਤੇਜ ਤਰਾਰ ਦਲਿਤ ਕਾਂਗਰਸੀ ਆਗੂ ਅਮਰਜੀਤ ਸਿੰਘ ਯਮਲਾ ਦੀ ਕਾਰਗੁਜਾਰੀ ਨੂੰ ਦੇਖਦੇ ਹੋਏ ਯਮਲਾ ਨੂੰ ਆਪਣਾ ਉਮੀਦਵਾਰ ਚੁਣ ਕੇ ਸਰਪੰਚੀ ਚੋਣ ਦਾ ਬਿਗੁਲ ਵਜਾ ਦਿੱਤਾ। ਜ਼ਿਕਰਯੋਗ ਹੈ ਕਿ ਪਿਛਲੀਆਂ ਸਰਪੰਚੀ ਚੋਣਾਂ ਵੇਲੇ ਸਮਾਲਸਰ ਦੇ ਚੋਣ ਪਿੜ ਵਿੱਚ ਕਈ ਉਮੀਦਵਾਰਾਂ ਨੇ ਆਪਣੀ ਕਿਸਮਤ ਅਜਮਾਈ ਸੀ ਤੇ ਯਮਲਾ ਸਮੇਤ ਬਾਕੀ ਉਮੀਦਵਾਰਾਂ ਨੂੰ ਪਛਾੜਦੇ ਹੋਏ ਅਮਰਜੀਤ ਕੌਰ ਬਹੁਮਤ ਨਾਲ ਸਰਪੰਚ ਚੁਣੀ ਗਈ ਸੀ। ਪਿਛਲੇ ਮੁਕਾਬਲੇ ਤੋਂ ਸਿੱਖਿਆ ਲੈਂਦੇ ਹੋਏ ਐਂਤਕੀ ਕਾਂਗਰਸੀ ਧੜੇ ਨੇ ਆਪਣੇ ਮਜਬੂਤ ਉਮੀਦਵਾਰ ਅਮਰਜੀਤ ਯਮਲਾ ਦੇ ਹੱਕ ਵਿੱਚ ਸ਼ੁਰੂਆਤ ਵਿੱਚ ਹੀ ਹਮਾਇਤ ਹਾਸਿਲ ਕਰ ਲਈ ਹੈ ਲੇਕਿਨ ਇਹ ਹਮਾਇਤ ਕੁਝ ਸ਼ਰਤਾਂ ‘ਤੇ ਟਿਕੀ ਹੋਈ ਹੈ। ਦੂਜੇ ਪਾਸੇ ਇੱਕ ਹੋਰ ਦਲਿਤ ਉਮੀਦਵਾਰ ਸੋਮਾ ਸਿੰਘ ਪੰਚ ਨੇ ਵੀ ਸਰਪੰਚੀ ਲਈ ਆਪਣਾ ਦਾਅਵਾ ਪੇਸ਼ ਕਰਨ ਦੀ ਗੱਲ ਆਖੀ ਹੈ। ਸੋਮਾ ਸਿੰਘ ਦਾ ਕਹਿਣਾ ਹੈ ਕਿ ਸਾਬਕਾ ਸਰਪੰਚ ਹਰਮੇਸ਼ ਸਿੰਘ ਸਮੇਤ ਕੁਝ ਹੋਰ ਮੋਹਤਬਰ ਆਗੂ ਪਹਿਲਾਂ ਮੇਰੇ ਹੱਕ ਵਿੱਚ ਖੜੇ ਸਨ ਲੇਕਿਨ ਇਹਨਾਂ ਆਗੂਆਂ ਦਾ ਯਮਲਾ ਦੇ ਸਮੱਰਥਣ ਵਿੱਚ ਚਲੇ ਜਾਣਾ ਮੇਰੇ ਲਈ ਹੈਰਾਨੀ ਵਾਲੀ ਗੱਲ ਹੈ। ਪ੍ਰੰਤੂ ਯਮਲਾ ਦੇ ਨਜਦੀਕੀਆਂ ਦਾ ਕਹਿਣਾ ਹੈ ਉਹ ਕਿਸੇ ਵੀ ਕੀਮਤ ‘ਤੇ ਸੋਮਾ ਸਿੰਘ ਪੰਚ ਦੇ ਗਿਲੇ ਸ਼ਿਕਵੇ ਦੂਰ ਕਰਕੇ ਉਸ ਨੂੰ ਆਪਣੀ ਪੰਚਾਇਤ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹਨ ਕਿਉਕਿਂ ਸੋਮਾ ਸਿੰਘ ਇਮਾਨਦਾਰ ਤੇ ਮਿਹਨਤੀ ਦਲਿਤ ਆਗੂ ਹਨ। ਇਸ ਮੌਕੇ ਗੁਰਜੰਟ ਸਿੰਘ ਨੰਬਰਦਾਰ, ਗੁਰਦੇਵ ਸਿੰਘ ਬਰਾੜ, ਹਰਬੰਸ ਸਿੰਘ, ਮਾਸਟਰ ਸੁਰਿੰਦਰ ਸਿੰਘ, ਵੀਰਪਾਲ ਸਿੰਘ ਕਵੀਸ਼ਰ ਪ੍ਰਧਾਨ ਗੁਰਦਵਾਰਾ ਬਾਬਾ ਜੀਵਨ ਸਿੰਘ, ਦਵਿੰਦਰਪਾਲ ਰਾਜਾ, ਕੁਲਦੀਪ ਸਿੰਘ ਬਰਾੜ, ਪ੍ਰੀਤਮ ਸਿੰਘ ਕਬਾੜੀਆ ਆਦਿ ਸਮੇਤ ਵੱਡੀ ਗਿਣਤੀ ਸਮੱਰਥਕ ਵੀ ਹਾਜਰ ਸਨ।