ਮਾਨਵਤਾ ਦੀ ਸੇਵਾ ਹੀ ਮਨੁੱਖ ਦੀ ਅਸਲ ਕਮਾਈ-ਤਰਸੇਮ ਮੰਗਲਾ ਇੰਚਾਰਜ ਜ਼ਿਲਾ ਤੇ ਸੈਸ਼ਨ ਜੱਜ

ਮੋਗਾ 31 ਜੁਲਾਈ(ਜਸ਼ਨ)-ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਿੱਥੇ ਗਰੀਬ ਵਰਗ ਦੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ, ਉੱਥੇ ਮਾਨਵਤਾ ਦੀ ਸੇਵਾ ਅਤੇ ਭਲਾਈ ਲਈ ਵੀ ਵਚਨਬੱਧ ਹੈ। ਇਹ ਪ੍ਰਗਟਾਵਾ ਕਰਦਿਆਂ ਮਾਣਯੋਗ ਸ੍ਰੀ ਤਰਸੇਮ ਮੰਗਲਾ ਇੰਚਾਰਜ਼ ਜ਼ਿਲਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਅਤੇ ਭਲਾਈ ਹੀ ਮਨੁੱਖ ਦੀ ਅਸਲ ਕਮਾਈ ਹੈ। ਉਨਾਂ ਦੱਸਿਆ ਕਿ ਕਿ ਮਿਤੀ 27 ਜੁਲਾਈ ਨੂੰ ਇੱਕ ਲਾਵਾਰਿਸ ਵਿਅਕਤੀ ਨੂੰ ਸਿਵਲ ਹਸਪਤਾਲ, ਮੋਗਾ ਵਿਖੇ ਇਲਾਜ ਕਰਵਾਉਣ ਲਈ ਦਾਖਿਲ ਕਰਵਾਇਆ ਗਿਆ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਵਿਨੀਤ ਕੁਮਾਰ ਨਾਰੰਗ, ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨੇ ਦੱਸਿਆ ਕਿ ਇਸ ਲਾਵਾਰਿਸ ਵਿਅਕਤੀ ਦੇ ਦੱਸਣ ਅਨੁਸਾਰ ਉਸ ਦਾ ਨਾਮ ਹਰਜਿੰਦਰ ਸਿੰਘ ਪੁੱਤਰ ਸ਼੍ਰੀ ਬੰਤ ਸਿੰਘ, ਜੱਟ ਸਿੱਖ, ਉਮਰ ਲਗਭੱਗ 55 ਸਾਲ ਹੈ ਅਤੇ ਉਹ ਜ਼ਿਲਾ ਮੋਗਾ ਦੇ ਪਿੰਡ ਨੱਥੂਆਣਾ ਜਦੀਦ ਦਾ ਰਹਿਣ ਵਾਲਾ ਹੈ। ਇਹ ਵਿਅਕਤੀ ਜ਼ਿਲ੍ਹਾ ਕਚਿਹਰੀਆਂ ਦੇ ਕੋਲ ਗਾਂਧੀ ਰੋਡ ਦੇ ਪੁਲ ਹੇਠਾਂ ਬੁਰੀ ਹਾਲਾਤ ਵਿੱਚ ਮਿਲਿਆ ਸੀ। ਇਸ ਵਿਅਕਤੀ ਨੂੰ ਸ੍ਰੀ ਤਰਸੇਮ ਮੰਗਲਾ, ਇੰਚਾਰਜ਼ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੇ ਆਦੇਸ਼ਾਂ ਅਨੁਸਾਰ ਸ੍ਰੀ ਵਿਨੀਤ ਕੁਮਾਰ ਨਾਰੰਗ, ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਪੈਰਾ ਲੀਗਲ ਵਲੰਟੀਅਰ ਵੀਰੂ ਧਾਲੀਵਾਲ, ਸੁਖਮੰਦਰ ਸਿੰਘ, ਸਵਿੰਦਰਪਾਲ ਸਿੰਘ ਅਤੇ ਪੁਲਿਸ ਮੁਲਾਜ਼ਮਾਂ ਦੀ ਤੁਰੰਤ ਡਿਊਟੀ ਲਗਾਈ ਗਈ ਕਿ ਇਸ ਲਾਵਾਰਿਸ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ, ਮੋਗਾ ਵਿਖੇ ਦਾਖਿਲ ਕਰਵਾਇਆ ਜਾਵੇ। ਸ੍ਰੀ ਨਾਰੰਗ ਨੇ ਦੱਸਿਆ ਕਿ ਇਸ ਵਿਅਕਤੀ ਨੂੰ 27 ਜੁਲਾਈ ਨੂੰ ਸ਼ਾਮ 6:00 ਵਜੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ, ਜਿੱਥੇ ਹੁਣ ਇਸ ਲਾਵਾਰਿਸ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ।