ਸਰਬੱਤ ਦਾ ਭਲਾ ਟਰੱਸਟ ਨੇ ਪਿੰਡ ਸੇਖਾ ਕਲਾਂ ਵਿਖੇ ਸਿਲਾਈ ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ

ਮੋਗਾ,31 ਜੁਲਾਈ (ਜਸ਼ਨ)-ਕਿਸੇ ਵੀ ਕਿੱਤੇ ਦੀ ਮੁਹਾਰਤ ਇਨਸਾਨ ਨੂੰ ਭੁੱਖਾ ਨਹੀਂ ਮਰਨ ਦਿੰਦੀ ਕਿਉਂਕਿ ਹੱਥਾਂ ਦਾ ਹੁਨਰ ਇਨਸਾਨ ਦੇ ਹਮੇਸ਼ਾ ਨਾਲ ਰਹਿੰਦਾ ਹੈ ਤੇ ਕਿਸੇ ਵੀ ਹਾਲਾਤ ਵਿੱਚ ਉਹ ਆਪਣੇ ਹੱਥਾਂ ਦੇ ਹੁਨਰ ਸਹਾਰੇ ਜਿੰਦਗੀ ਬਤੀਤ ਕਰ ਸਕਦੇ ਹਨ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਰਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਗੁਰਦੁਆਰਾ ਸੁਰਗਾਪੁਰੀ ਪਿੰਡ ਸੇਖਾ ਕਲਾਂ ਵਿਖੇ ਸਰਬੱਤ ਦਾ ਭਲਾ ਮੋਗਾ ਵੱਲੋਂ ਯੰਗ ਸਪੋਰਟਸ ਐਂਡ ਵੈਲਫੇਅਰ ਕਲੱਬ ਸੇਖਾ ਕਲਾਂ ਦੇ ਸਹਿਯੋਗ ਨਾਲ ਸੰਪੰਨ ਹੋਏ ਛੇ ਮਹੀਨੇ ਦੇ ਮੁਫਤ ਸਿਲਾਈ ਕੇਂਦਰ ਦੇ ਬੱਚਿਆਂ ਨੂੰ ਸਰਟੀਫਿਕੇਟ ਵੰਡ ਸਮਾਗਮ ਵਿੱਚ ਆਪਣੇ ਸੰਬੋਧਨ ਦੌਰਾਨ ਕੀਤਾ । ਉਹਨਾ ਦੱਸਿਆ ਕਿ ਟਰੱਸਟ ਦੀ ਮੋਗਾ ਇਕਾਈ ਵੱਲੋਂ ਮੋਗਾ ਜਿਲ੍ਹੇ ਵਿੱਚ ਪੰਜ ਮੁਫਤ ਸਿਲਾਈ ਸੈਂਟਰ ਅਤੇ ਤਿੰਨ ਮੁਫਤ ਕੰਪਿਊਟਰ ਸੈਂਟਰ ਪਿਛਲੇ ਚਾਰ ਸਾਲ ਤੋਂ ਚਲਾਏ ਜਾ ਰਹੇ ਹਨ, ਜਿਨਾਂ ਵਿੱਚ ਹੁਣ ਤੱਕ ਪੰਜ ਹਜ਼ਾਰ ਦੇ ਕਰੀਬ ਬੱਚੇ ਮੁਫਤ ਸਿਖਲਾਈ ਲੈ ਚੁੱਕੇ ਹਨ । ਉਹਨਾਂ ਦੱਸਿਆ ਕਿ ਇਹਨਾ ਬੱਚਿਆਂ ਨੂੰ ਟਰੱਸਟ ਵੱਲੋਂ ਆਈ.ਐਸ.ਓ. ਸਰਟੀਫਾਈਡ ਸਰਟੀਫਿਕੇਟ ਦਿੱਤੇ ਜਾਂਦੇ ਹਨ, ਜਿਸ ਦੇ ਆਧਾਰ ਤੇ ਇਹ ਬੱਚੇ ਬੈਂਕਾਂ ਤੋਂ ਕਰਜ ਲੈ ਕੇ ਜਾਂ ਖੁਦ ਆਪਣੇ ਪੱਧਰ ਤੇ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਦੇ ਹਨ, ਪ੍ਰਾਈਵੇਟ ਸੈਕਟਰ ਜਾਂ ਵਿਦੇਸ਼ਾਂ ਵਿੱਚ ਨੌਕਰੀ ਕਰ ਸਕਦੇ ਹਨ । ਉਹਨਾਂ ਸਫਲਤਾਪੂਰਵਕ ਸਿਖਲਾਈ ਪੂਰੀ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੰਦਿਆਂ ਉਹਨਾ ਦੇ ਬਿਹਤਰ ਭਵਿੱਖ ਦੀ ਕਾਮਨਾ ਵੀ ਕੀਤੀ । ਇਸ ਮੌਕੇ ਬਲਾਕ ਐਨ.ਜੀ.ਓ. ਬਾਘਾ ਪੁਰਾਣਾ ਦੇ ਪ੍ਧਾਨ ਅਵਤਾਰ ਸਿੰਘ ਘੋਲੀਆ ਨੇ ਸਿਖਲਾਈ ਪ੍ਰਾਪਤ ਬੱਚਿਆਂ ਨੂੰ ਵਧਾਈ ਦਿੰਦਿਆਂ ਕੈਂਪ ਦੀ ਸਫਲਤਾ ਲਈ ਯੰਗ ਸਪੋਰਟਸ ਕਲੱਬ ਦੇ ਪ੍ਧਾਨ ਮਨਪ੍ਰੀਤ ਸਿੰਘ ਅਤੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਕਲੱਬ ਪ੍ਧਾਨ ਮਨਪ੍ਰੀਤ ਸਿੰਘ ਸੇਖਾ ਨੇ ਡਾ ਐਸ.ਪੀ. ਸਿੰਘ ਉਬਰਾਏ ਅਤੇ ਟਰੱਸਟ ਦੀ ਮੋਗਾ ਇਕਾਈ ਦੇ ਸਮੂਹ ਅਹੁਦੇਦਾਰਾਂ ਦਾ ਕੈਂਪ ਦਾ ਆਯੋਜਨ ਕਰਨ ਲਈ ਧੰਨਵਾਦ ਕੀਤਾ ਅਤੇ ਸਫਲ ਬੱਚਿਆਂ ਨੂੰ ਵਧਾਈ ਵੀ ਦਿੱਤੀ । ਇਸ ਮੌਕੇ ਟਰੱਸਟੀ ਰਣਜੀਤ ਸਿੰਘ ਮਾੜੀ ਮੁਸਤਫਾ, ਅਵਤਾਰ ਸਿੰਘ ਘੋਲੀਆ, ਡਾ ਬਲਰਾਜ ਸਿੰਘ ਰਾਜੂ, ਦੀਪਕ ਅਰੋੜਾ ਸਮਾਲਸਰ, ਸਿਲਾਈ ਟੀਚਰ ਮੈਡਮ ਸੁਖਵਿੰਦਰ ਕੌਰ, ਚਰਨਜੀਤ ਕੌਰ, ਦਰਸ਼ਨ ਸਿੰਘ, ਜਸਪ੍ਰੀਤ ਸਿੰਘ, ਗੁਰਦੀਪ ਸਿੰਘ, ਪਵਨਦੀਪ ਸਿੰਘ ਅਤੇ ਗੁਰਜੀਤ ਸਿੰਘ ਆਦਿ ਹਾਜ਼ਰ ਸਨ ।