ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਵੱਲੋਂ ਵਾਰਡ ਵਾਈਜ਼ ਕਰਵਾਇਆ ਜਾ ਰਿਹਾ ਹੈ ਮੱਛਰ ਤੇ ਨਦੀਨ ਮਾਰ ਦਵਾਈ ਦਾ ਛਿੜਕਾਅ

ਨਿਹਾਲ ਸਿੰਘ ਵਾਲਾ,31 ਜੁਲਾਈ(ਜਸ਼ਨ)- ਵੱਖ-ਵੱਖ ਵਿਭਾਗਾਂ ਵੱਲੋਂ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਰੱਖਣ, ਆਮ ਲੋਕਾਂ ਨੂੰ ਖਾਣ ਪੀਣ ਦੀਆਂ ਮਿਲਾਵਟ ਰਹਿਤ ਵਸਤਾਂ ਅਤੇ ਪੀਣ ਵਾਲਾ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਜ਼ਿਲੇ ਦੀਆਂ ਨਗਰ ਕੌਂਸਲਾਂ ਵੱਲੋਂ ਵੀ ‘ਤੰਦਰੁਸਤ ਪੰਜਾਬ‘ ਮਿਸ਼ਨ ਤਹਿਤ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਕਾਰਜਸਾਧਕ ਅਫ਼ਸਰ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਅਮਰਿੰਦਰ ਸਿੰਘ ਨੇ ਆਖਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਦੀ ਸਫ਼ਲਤਾ ਲਈ ਆਮ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਉਹਨਾਂ ਕਿਹਾ ਕਿ ਨਗਰ ਪੰਚਾਇਤ ਵੱਲੋਂ ਵਾਰਡ-ਵਾਈਜ਼ ਮੱਛਰ, ਬੇਲੋੜੇ ਨਦੀਨਾਂ ਘਾਹ ਅਤੇ ਗਾਜਰ ਬੂਟੀ ਆਦਿ ਨੂੰ ਮਾਰਨ ਲਈ ਦਵਾਈ ਦਾ ਛਿੜਕਾਅ ਕਰਵਾਇਆ ਜਾ ਰਿਹਾ ਹੈ, ਤਾਂ ਜੋ ਮਲੇਰੀਆ ਤੇ  ਡੇਂਗੂ ਆਦਿ ਮੌਸਮੀ ਬੀਮਾਰੀਆਂ ਤੋਂ ਬਚਾਅ ਹੋ ਸਕੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਦੀਆਂ ਗਲੀਆਂ, ਨਾਲੀਆਂ ਤੇ ਜਨਤਕ ਥਾਵਾਂ ਦੀ ਵੀ ਰੋਜ਼ਾਨਾ ਸਾਫ਼-ਸਫ਼ਾਈ ਕਰਵਾਈ ਜਾਂਦੀ ਹੈ। ਉਨਾਂ ਦੱਸਿਆ ਕਿ ਲੋਕਾਂ ਨੂੰ ਸਾਫ਼ ਸਫ਼ਾਈ ਰੱਖਣ, ਡੇਂਗੂ ਤੇ ਮਲੇਰੀਆ ਤੋਂ ਬਚਾਅ ਲਈ ਘਰਾਂ ਵਿੱਚ ਪਏ ਕੂਲਰਾਂ,ਟੁੱਟੇ ਭੱਜੇ ਬਰਤਨਾਂ ਤੇ ਗਮਲਿਆਂ ‘ਚ ਪਾਣੀ ਖੜਾ ਨਾ ਰੱਖਣ ਅਤੇ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਹਰ ਸ਼ਹਿਰ ਵਾਸੀ ਨੂੰ ਆਪਣੇ ਘਰ ਦੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਰੱਖਣੀ ਚਾਹੀਦੀ ਹੈ ਅਤੇ ਘਰ ਦਾ ਕੂੜਾ ਕਰਕੱਟ ਸੁੱਟਣ ਲਈ ਵੀ ਘਰ ਵਿੱਚ ਡਸਟਬਿਨ ਰੱਖਣਾ ਚਾਹੀਦਾ ਹੈ।