1 ਅਗਸਤ ਤੋਂ 31 ਅਗਸਤ ਤੱਕ ਹੋਵੇਗਾ ਸਵੱਛਤਾ ਸਰਵੇਖਣ,ਸਵੱਛਤਾ ਪੱਖੋਂ ਸਰਬੋਤਮ ਪਿੰਡ ਨੂੰ ਦਿੱਤਾ ਜਾਵੇਗਾ 2 ਲੱਖ ਰੁਪਏ ਦਾ ਐਵਾਰਡ

ਮੋਗਾ 30 ਜੁਲਾਈ(ਜਸ਼ਨ)-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਮੇਰਾ ਪਿੰਡ-ਮੇਰਾ ਮਾਣ  ਮੁਹਿੰਮ ਤਹਿਤ ਸਮੂਹ ਵਿਭਾਗਾਂ ਦੇ ਅਧਿਕਾਰੀ ਸਵੱਛ ਸਰਵੇਖਣ ਗ੍ਰਾਮੀਣ-2018 ਵਿੱਚ ਆਪਣਾ ਬਣਦਾ ਯੋਗਦਾਨ ਪਾਉਣ, ਤਾਂ ਜੋ ਇਸ ਸਰਵੇਖਣ ਨੂੰ ਸਫ਼ਲਤਾ-ਪੂਰਵਿਕ ਨੇਪਰੇ ਚਾੜਿਆ ਜਾ ਸਕੇ। ਇਹ ਪ੍ਰੇਰਣਾ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ  ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਵੱਛ ਸਰਵੇਖਣ ਗ੍ਰਾਮੀਣ-2018 ਦੇ ਸਬੰਧ ਵਿੱਚ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨਾਂ ਕਿਹਾ ਕਿ ਇਸ ਸਰਵੇਖਣ ਦੀ ਕਾਮਯਾਬੀ ਲਈ ਲੋਕਾਂ ਦਾ ਸਵੱਛਤਾ ਅਤੇ ਸਵੱਛ ਸਰਵੇਖਣ ਦੇ ਉਦੇਸ਼ਾਂ ਬਾਰੇ ਜਾਗਰੂਕ ਹੋਣਾ ਅਤੀ ਜ਼ਰੂਰੀ ਹੈ। ਉਨਾਂ ਕਿਹਾ ਕਿ ਜ਼ਿਲੇ ਦੇ ਸਮ੍ਵਹ ਅਧਿਕਾਰੀਆਂ, ਗ੍ਰਾਮ ਪੰਚਾਇਤਾਂ ਅਤੇ ਆਮ ਲੋਕਾਂ ਨੂੰ ਜਨਤਕ ਸਥਾਨਾਂ, ਸਕੂਲਾਂ-ਕਾਲਜਾਂ, ਗਲੀਆਂ ਨਾਲੀਆਂ, ਧਰਮਸ਼ਾਲਾਵਾਂ ਅਤੇ ਸਮੂਹ ਸਰਕਾਰੀ/ਅਰਧ ਸਰਕਾਰੀ ਅਦਾਰਿਆਂ ਦੀ ਸਾਫ਼-ਸਫ਼ਾਈ ਲਈ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜੋ ‘ਤੰਦਰੁਸਤ ਪੰਜਾਬ ਮਿਸ਼ਨ‘ ਤਹਿਤ ਸਵੱਛ ਵਾਤਾਵਰਣ ਪੈਦਾ ਕਰਕੇ ਸਿਹਤਮੰਦ ਅਤੇ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ। ਇਸ ਮੌਕੇ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਮੋਗਾ ਜਸਵਿੰਦਰ ਸਿੰਘ ਚਹਿਲ ਵੱਲੋਂ ਮੀਟਿੰਗ ਵਿਚ ਆਏ ਅਧਿਕਾਰੀਆਂ ਨੂੰ ਮਿਤੀ 01 ਅਗਸਤ, 2018 ਤੋਂ 31 ਅਗਸਤ, 2018 ਤੱਕ ਹੋਣ ਵਾਲੇ ਸਵੱਛਤਾ ਸਰਵੇਖਣ-2018 ਸਬੰਧੀ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਇਸ ਸਰਵੇਖਣ ਤਹਿਤ ਪਿੰਡਾਂ ਤੋਂ ਇਲਾਵਾ ਪਿੰਡਾਂ ਦੇ ਸਕੂਲਾਂ, ਆਂਗਣਵਾੜੀ ਕੇਂਦਰਾਂ, ਪਬਲਿਕ ਹੈਲਥ ਸੈਂਟਰਾਂ, ਧਾਰਮਿਕ ਸਥਾਨਾਂ, ਸਾਂਝੀਆਂ ਥਾਵਾਂ ਅਤੇ ਮੰਡੀਆਂ ਆਦਿ ਦਾ ਮੁਆਇਨਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਦੇ ਵਸਨੀਕ ਮੋਹਤਬਰ ਪਿੰਡ ਵਾਸੀ ਅਤੇ ਕਲੱਬਾਂ ਦੇ ਮੈਬਰ, ਪਿੰਡ ਪੱਧਰੀ ਵੱਖ-ਵੱਖ ਸੰਸਥਾਂਵਾਂ ਅਤੇ ਆਮ ਲੋਕਾਂ ਤੋਂ ਭਾਰਤ ਸਰਕਾਰ ਦੁਆਰਾ ਚੱਲ ਰਹੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਸਬੰਧੀ ਸੁਝਾਅ ਲਏ ਜਾਣਗੇ।ਇਸ  ਉਪਰੰਤ ਕੀਤੇ ਗਏ ਸਰਵੇਖਣ ਦੇ ਅਧਾਰ ‘ਤੇ  ਪਿੰਡਾਂ ਦੀ ਦਰਜਾਬੰਦੀ ਕੀਤੀ ਜਾਵੇਗੀ ਅਤੇ ਦਰਜਾਬੰਦੀ ਅਨੁਸਾਰ ਜ਼ਿਲੇ ਵਿੱਚੋਂ ਪਹਿਲੇ ਨੰਬਰ ‘ਤੇ ਆਉਣ ਵਾਲੇ ਪਿੰਡ ਨੂੰ 2.00 ਲੱਖ ਰੁਪਏ ਅਵਾਰਡ ਵਜੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਹੋਰ ਪਿੰਡ ਪੱਧਰੀ ਸੰਸਥਾਵਾਂ ਜਿਵੇਂ ਕਿ ਸਰਬੋਤਮ ਸਵੱਛ ਆਂਗਣਵਾੜੀ ਸੈਂਟਰ ਨੂੰ 50 ਹਜ਼ਾਰ ਰੁਪਏ, ਸੀਨੀਅਰ ਸੈਕੰਡਰੀ ਸਕੂਲ ਨੂੰ 75 ਹਜ਼ਾਰ ਰੁਪਏ, ਮਿਡਲ/ਪ੍ਰਾਇਮਰੀ ਸਕੂਲ ਨੂੰ 50 ਹਜ਼ਾਰ ਰੁਪਏ, ਰੂਰਲ ਹੈਲਥ ਕੇਅਰ ਸੈਂਟਰ ਨੂੰ 75 ਹਜ਼ਾਰ ਰੁਪਏ ਅਵਾਰਡ ਵਜੋਂ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਆਪਣੇ-ਆਪਣੇ ਵਿਭਾਗ ਵਿੱਚ ਸਵੱਛਤਾ ਸਬੰਧੀ ਵਧੀਆ ਸੇਵਾਵਾਂ ਦੇਣ ਬਦਲੇ ਵੀ ਇਨਾਮ ਦਿੱਤੇ ਜਾਣਗੇ ਜਿਵਂੇ ਕਿ ਵਧੀਆ ਪੰਪ ਆਪਰੇਟਰ ਨੂੰ 5 ਹਜ਼ਾਰ ਰੁਪਏ, ਆਸ਼ਾ ਵਰਕਰ/ਏ.ਐਨ.ਐਮ. ਨੂੰ 5 ਹਜ਼ਾਰ ਰੁਪਏ, ਆਂਗਣਵਾੜੀ ਵਰਕਰ ਨੂੰ 5 ਹਜ਼ਾਰ ਰੁਪਏ, ਸਰਬੋਤਮ ਮੋਟੀਵੇਟਰ/ਮਾਸਟਰ ਮੋਟੀਵੇਟਰ ਨੂੰ 5 ਹਜ਼ਾਰ ਰੁਪਏ, ਆਈ.ਈ.ਸੀ.,ਸੀ.ਡੀ.ਐਸ. ਨੂੰ 15 ਹਜ਼ਾਰ ਰੁਪਏ, ਜੇ.ਈ./ਏ.ਈ ਨੂੰ 15 ਹਜ਼ਾਰ ਰੁਪਏ, ਐਸ.ਡੀ.ਈ. ਨੂੰ 25 ਹਜ਼ਾਰ ਰੁਪਏ,  ਪੰਚਾਇਤ ਸੈਕਟਰੀ ਨੂੰ 15 ਹਜ਼ਾਰ ਰੁਪਏ, ਪਿੰਡ ਪੱਧਰੀ ਸੰਸਥਾਵਾਂ ਜਿਵੇਂ ਕਿ ਐਨ.ਜੀ.ਓ., ਯੂਥ ਗਰੁੱਪ, ਮਹਿਲਾ ਮੰਡਲ ਨੂੰ ਵੀ ਬਲਾਕ, ਜ਼ਿਲਾ ਅਤੇ ਰਾਜ ਪੱਧਰ ਤੇ ਕ੍ਰਮਵਾਰ 25 ਹਜਾਰ ਰੁਪਏ, 1 ਲੱਖ ਰੁਪਏ ਅਤੇ 2 ਲੱਖ ਰੁਪਏ ਦੇ ਇਨਾਮ ਵੀ ਦਿੱਤੇ ਜਾਣਗੇ। ਇਸ ਤੋਂ ਇਲਾਵਾ ਰਾਸ਼ਟਰੀ ਪੱਧਰ ‘ਤੇ ਇਸ ਖੇਤਰ ਵਿੱਚ ਜ਼ਿਲਾ ਪੱਧਰੀ ਐਵਾਰਡ ਦੀ ਵਿਵਸਥਾ ਵੀ ਕੀਤੀ ਗਈ ਹੈ। ਉਨਾਂ ਦੱਸਿਆ ਕਿ 02 ਅਕਤੂਬਰ, 2018 ਨੂੰ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਇਨਾਮ ਦਿੱਤੇ ਜਾਣਗੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਲਖਵਿੰਦਰ ਸਿੰਘ ਰੰਧਾਵਾ, ਡਿਪਟੀ ਮੈਡੀਕਲ ਕਮਿਸ਼ਨਰ ਐਸ.ਕੇ.ਸੇਤੀਆ, ਜ਼ਿਲਾ ਪ੍ਰੋਗਰਾਮ ਅਫ਼ਸਰ ਮਨਜੀਤ ਕੌਰ, ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਸਿੱਖਿਆ ਵਿਭਾਗ ਤੋਂ ਜੈਵਲ ਜੈਨ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਵੀ ਹਾਜ਼ਰ ਸਨ।