ਜ਼ਿਲ੍ਹਾ ਮੋਗਾ ‘ਚ ‘ਈ-ਪੋਸ’ ਮਸ਼ੀਨਾਂ ਰਾਹੀਂ ਕੀਤੀ ਗਈ ਰਾਸ਼ਨ ਦੀ ਵੰਡ,ਜਨਤਕ ਵੰਡ ਪ੍ਰਣਾਲੀ ਵਿੱਚ ਆਵੇਗੀ ਪਾਰਦਰਸ਼ਤਾ ਤੇ ਇਕਸਾਰਤਾ-ਡਾ: ਹਰਜੋਤ ਕਮਲ

ਮੋਗਾ 30 ਜੁਲਾਈ(ਜਸ਼ਨ)- ਜ਼ਿਲ੍ਹਾ ਮੋਗਾ ਵਿੱਚ ਰਾਸ਼ਨ ਦੀ ਵੰਡ ਹੁਣ ਨਵੇਂ ਸਿਸਟਮ ‘ਈ-ਪੋਸ’ (ਇਲੈਕਟ੍ਰੋਨਿਕ ਪੁਆਇੰਟ ਆਫ਼ ਸੇਲ) ਨਾਲ ਹੋਇਆ ਕਰੇਗੀ। ਅੱਜ ਇਸ ਪ੍ਰੋਜੈਕਟ ਤਹਿਤ ਵਿਧਾਇਕ ਮੋਗਾ ਡਾ: ਹਰਜੋਤ ਕਮਲ ਵੱਲੋਂ ਸ਼ਹਿਰ ‘ਚ ਡੀਪੂ ਹੋਲਡਰ ਮੁਨੀਸ਼ ਕੁਮਾਰ ਦੇ ਡੀਪੂ ਵਿਖੇ ਖਪਤਕਾਰਾਂ ਨੂੰ ਕਣਕ ਵੰਡੀ ਗਈ। ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਮੈਡਮ ਐਸ.ਦੇਵਗਨ, ਸਹਾਇਕ ਖੁਰਾਕ ਸਪਲਾਈ ਅਫ਼ਸਰ ਸ੍ਰੀਮਤੀ ਪੁਸ਼ਪਾ, ਸਮੂਹ ਨਿਰੀਖਕ ਖੁਰਾਕ ਤੇ ਸਪਲਾਈ ਵਿਭਾਗ ਮੋਗਾ ਅਤੇ ਹੋਰ ਕਾਂਗਰਸੀ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ: ਹਰਜੋਤ ਕਮਲ ਨੇ ਕਿਹਾ ਕਿ ਨੈਸ਼ਨਲ ਫੂਡ ਸਕਿਊਰਟੀ ਐਕਟ-2013 ਤਹਿਤ ਹੁਣ ਪੰਜਾਬ ਵਿੱਚ ਸਮਾਰਟ ਰਾਸ਼ਨ ਕਾਰਡ ਯੋਜਨਾ ਸ਼ੁਰੂ ਹੋ ਗਈ ਹੈ, ਜਿਸ ਨਾਲ ਜਨਤਕ ਵੰਡ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਇਕਸਾਰਤਾ ਆਉਣ ਲੱਗੀ ਹੈ। ਉਹਨਾਂ ਕਿਹਾ ਕਿ ਇਹ ਮਸ਼ੀਨਾਂ ਬਾਇਓਮੈਟਿ੍ਰਕ ਅਧਾਰਿਤ ਹਨ, ਜਿਸ ਨਾਲ ਬੋਗਸ ਗਾਹਕ ਦਿਖਾ ਕੇ ਮਨਮਰਜ਼ੀ ਦੀ ਵੰਡ ਦਾ ਕੰਮ ਖ਼ਤਮ ਹੋ ਜਾਵੇਗਾ। ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸ੍ਰੀਮਤੀ ਐਸ.ਦੇਵਗਨ ਨੇ ਦੱਸਿਆ ਕਿ ਜ਼ਿਲਾ ਮੋਗਾ ਵਿੱਚ ਇਸ ਵੇਲੇ ਲਗਭੱਗ 1.34 ਲੱਖ ਨੀਲਾ ਕਾਰਡ ਧਾਰਕ ਪ੍ਰੀਵਾਰ ਹਨ, ਜਿਹਨਾਂ ਨੂੰ ਰਾਸ਼ਨ ਦੀ ਵੰਡ ਹੁਣ ਇਸ ਸਿਸਟਮ ਰਾਹੀਂ ਹੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਹਰੇਕ ਨੀਲਾ ਕਾਰਡ ਧਾਰਕ ਨੂੰ ਪ੍ਰਤੀ ਮਹੀਨਾ ਪ੍ਰਤੀ ਮੈਂਬਰ ਪੰਜ ਕਿਲੋ ਕਣਕ ਮਿਲਿਆ ਕਰੇਗੀ। ਉਹਨਾਂ ਦੱਸਿਆ ਕਿ ਅੱਜ ਸਥਾਨਕ ਖਪਤਕਾਰਾਂ ਦੇ ਪ੍ਰ੍ਰੀਵਾਰਾਂ ਨੂੰ 2 ਕਿਲੋ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਛੇ ਮਹੀਨੇ ਦੀ ਕਣਕ ਵੰਡੀ ਗਈ ਹੈ।