ਦਵਿੰਦਰ ਬੰਬੀਹਾ ਸ਼ੂਟਰ ਗਰੁੱਪ ਦੇ 11 ਗੈਂਗਸਟਰ ਗਿ੍ਰਫ਼ਤਾਰ, ਪੰਜਾਬ ਪੁਲਿਸ ਨੇ ਗੈਂਗਸਟਰ ਸੁਖਪ੍ਰੀਤ ਬੁੱਢਾ,ਗੁਰਬਖ਼ਸ਼ ਸੇਵੇਵਾਲਾ ਤੇ ਦਿਲਪ੍ਰੀਤ ਨਾਲ ਸਬੰਧਿਤ ਹੋਣ ਦਾ ਕੀਤਾ ਦਾਅਵਾ

ਚੰਡੀਗੜ 30 ਜੁਲਾਈ (ਪੱਤਰ ਪਰੇਰਕ) :ਪੰਜਾਬ ਵਿੱਚ ਗੈਂਗਸਟਰਾਂ ਵਿਰੁੱਧ ਆਪਣੀ ਅਸਰਦਾਰ ਮੁਹਿੰਮ ਜਾਰੀ ਰੱਖਦਿਆਂ ਪੰਜਾਬ ਪੁਲਿਸ ਨੇ ਇੱਕ ਵੱਡੇ ਗੈਂਗਸਟਰਾਂ ਦੇ ਗਰੁੱਪ ਦਾ ਪਰਦਾਫਾਸ਼ ਕਰਕੇ ਵੱਡੀ ਪ੍ਰਾਪਤੀ ਕੀਤੀ ਹੈ। ਇੰਟੈਲੀਜੈਂਸ ਵਿੰਗ ਦੇ ਸੰਗਠਿਤ ਕਰਾਈਮ ਕੰਟਰੋਲ ਯੂਨਿਟ (ਆਕੂ) ਨੇ ਇਹ ਕਾਰਵਾਈ ਕਰਦਿਆਂ ਅਮਨ ਕੁਮਾਰ ਉਰਫ਼ ਅਮਨਾ ਜੈਤੋਂ ਅਤੇ ਯਾਦਵਿੰਦਰ ਸਿੰਘ ਉਰਫ਼ ਯਾਦੂ ਜੈਤੋਂ ਸਣੇ ਦਵਿੰਦਰ ਬੰਬੀਹਾ ਸ਼ੂਟਰ ਗਰੁੱਪ ਨਾਲ ਸਬੰਧਿਤ 9 ਹੋਰ ਗੈਂਗਸਟਰਾਂ ਨੂੰ ਗਿ੍ਰਫ਼ਤਾਰ ਕੀਤਾ ਹੈ ਜਿੰਨਾਂ ਕੋਲੋ ਵੱਖ ਵੱਖ ਤਰਾਂ ਦੇ 17 ਹਥਿਆਰ ਬਰਾਮਦ ਕੀਤੇ ਗਏ ਹਨ। ਅੱਜ ਇੱਥੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਸੰਗਠਿਤ ਕਰਾਈਮ ਕੰਟਰੋਲ ਯੂਨਿਟ ਦੇ ਆਈ.ਜੀ.ਪੀ. ਇੰਟੈਲੀਜੈਂਸ ਕੰਵਰ ਵਿਜੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਮੁੱਢਲੀ ਜਾਂਚ ਅਨੁਸਾਰ ਇਹ ਦੋਵੇਂ ਗੈਂਗਸਟਰ ਬੀਤੀ 17 ਜੂਨ ਨੂੰ ਰਾਮਪੁਰਾ ਫੂਲ, ਬਠਿੰਡਾ ਵਿਖੇ ਹਰਦੇਵ ਸਿੰਘ ਉਰਫ਼ ਗੋਗੀ ਜਟਾਣਾ ਨੂੰ ਉਸਦੇ ਹੀ ਪੋਲਟਰੀ ਫਾਰਮ ਵਿਚ ਕਤਲ ਕਰਨ ਦੇ ਦੋਸ਼ ਅਧੀਨ ਲੋੜੀਂਦੇ ਸਨ। ਇੰਨਾਂ ਖਿਲਾਫ਼ ਆਈ.ਪੀ.ਸੀ. ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਇਸ ਸਬੰਧੀ ਐਫ.ਆਈ.ਆਰ ਪਹਿਲਾਂ ਹੀ ਦਰਜ਼ ਸੀ।ਆਈ.ਜੀ.ਪੀ. ਇੰਟੈਲੀਜੈਂਸ ਨੇ ਦੱਸਿਆ ਕਿ ਇਹ ਕਤਲ ਕਥਿਤ ਤੌਰ ‘ਤੇ ਮੋਗਾ ਜ਼ਿਲੇ ਦੇ ਨਾਮੀ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਅਤੇ ਉਸਦੇ ਸਾਥੀ ਗੁਰਬਖ਼ਸ਼ ਸਿੰਘ ਸੇਵੇਵਾਲਾ, ਫ਼ਰੀਦਕੋਟ ਦੇ ਇਸ਼ਾਰੇ ’ਤੇ ਕੀਤਾ ਗਿਆ ਸੀ। ਇਸ ਕਤਲ ਤੋਂ ਬਾਅਦ ਸੁਖਪ੍ਰੀਤ ਬੁੱਢਾ ਨੇ ਇਸ ਕਤਲ ਦੀ ਜਿੰਮੇਵਾਰੀ ਲੈਣ ਲਈ ਇਸ ਹਮਲੇ ਵਿੱਚ ਆਪਣੇ ਕਥਿਤ ਤੌਰ ‘ਤੇ ਸ਼ਾਮਿਲ ਹੋਣ ਦਾ ਫੇਸਬੁੱਕ ਆਈ.ਡੀ. ’ਤੇ ਖੁਲਾਸਾ ਵੀ ਕੀਤਾ ਸੀ। ਹੋਰ ਗਿ੍ਰਰਫ਼ਤਾਰ ਗੈਂਗਸਟਰ ਵੀਨਾ ਬੁੱਟਰ ਉਰਫ਼ ਵਰਿੰਦਰ ਸਿੰਘ ਮੋਗਾ ਨੇ ਅਮਨ ਜੈਤੋਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ ਜੋ ਕਿ ਗੋਗੀ ਜਟਾਣਾ ਦੇ ਕਤਲ ਕਾਂਡ ਵਿੱਚ ਵਰਤੇ ਗਏ ਸਨ। ਉਹ ਵੀ ਇਸੇ ਤਰਾਂ ਦੀ ਸਾਜਿਸ਼ ਦੇ ਘੱਟੋ-ਘੱਟ 6 ਕੇਸਾਂ ਵਿੱਚ ਲੋੜੀਂਦਾ ਹੈ। ਉਨਾਂ ਕਿਹਾ ਕਿ ਇਸੇ ਗਰੁੱਪ ਦੇ ਗਿ੍ਰਫਤਾਰ ਕੀਤੇ ਮੈਂਬਰਾਂ ਵਿੱਚ ਬਿੱਟੂ ਮਹਿਲਕਲਾਂ ਉਰਫ਼ ਅਰਸ਼ਦੀਪ ਸਿੰਘ ਬਰਨਾਲਾ ਵੀ ਸ਼ਾਮਿਲ ਹੈ, ਜੋ ਕਿ ਚੋਰੀ, ਡਕੈਤੀ, ਕਾਰ ਚੋਰੀ ਆਦਿ ਵਰਗੇ ਕਰੀਬ 34 ਕੇਸਾਂ ਵਿੱਚ ਸ਼ਾਮਲ ਹੈ। ਇਸ ਗਰੁੱਪ ਦੇ ਬਾਕੀ ਮੈਂਬਰਾਂ ਵਿੱਚ ਰਜਤ ਕੁਮਾਰ ਉਰਫ਼ ਸਾਫੀ ਫ਼ਰੀਦਕੋਟ, ਕਰਨ ਮੰਗਲਾ ਬਰਨਾਲਾ, ਸੁੱਖਾ ਉਰਫ਼ ਵਿੱਕੀ ਫ਼ਰੀਦਕੋਟ, ਪਲਵਿੰਦਰ ਸਿੰਘ ਉਰਫ਼ ਲਿਖਾਰੀ ਮੋਗਾ, ਸੁਮਿਤ ਬਜਾਜ ਉਰਫ਼ ਲੰਢੀ ਫ਼ਰੀਦਕੋਟ, ਆਲਮ ਭੱਠਲ ਉਰਫ਼ ਕ੍ਰਾਂਤੀ ਬਰਨਾਲਾ ਅਤੇ ਲਖਵਿੰਦਰ ਸਿੰਘ ਫ਼ਰੀਦਕੋਟ ਸ਼ਾਮਿਲ ਹਨ। ਇਹ ਸਾਰੇ ਦੋਸ਼ੀ ਪੰਜਾਬ ਅਤੇ ਹਰਿਆਣਾ ਵਿੱਚ ਵੱਖ-ਵੱਖ ਕੇਸਾਂ ਜਿਵੇਂ ਕਤਲ, ਕਤਲ ਕਰਨ ਦੀ ਕੋਸ਼ਿਸ਼, ਫਿਰੌਤੀ, ਕਾਰ ਚੋਰੀ, ਨਸ਼ਾ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ ਦਾ ਲੈਣ-ਦੇਣ ਅਤੇ ਹੋਰ ਚੋਰੀਆਂ ਵਿੱਚ ਸ਼ਾਮਿਲ ਸਨ। ਕੰਵਰ ਵਿਜੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹਨਾਂ ਗੈਂਗ-ਮੈਂਬਰਾਂ ਪਾਸੋਂ ਕੁੱਲ 17 ਹਥਿਆਰ ਬਰਾਮਦ ਕੀਤੇ ਗਏ ਹਨ ਜਿਹਨਾਂ ਵਿੱਚ 9 ਪਿਸਤੌਲਾਂ, 5 ਰਿਵਾਲਵਰ, 1 ਰਾਈਫਲ ਅਤੇ 2 ਬੰਦੂਕਾਂ ਸ਼ਾਮਿਲ ਹਨ। ਇਹਨਾਂ ਵਿੱਚੋਂ ਕੁੱਝ ਵਿਦੇਸ਼ੀ ਹਥਿਆਰ ਵੀ ਸ਼ਾਮਿਲ ਹਨ। ਇਹਨਾਂ ਗੈਗਸਟਰਾਂ ਦੇ ਕਬਜੇ ‘ਚੋਂ 2 ਸਕਾਰਪੀਓ ਅਤੇ 1 ਹੁੰਡਾਈ ਕਰੇਟਾ ਕਾਰ ਵੀ ਬਰਾਮਦ ਕੀਤੀ ਗਈ ਹੈ। ਮੁੱਢਲੀ ਜਾਂਚ ਅਨੁਸਾਰ ਇਹ ਕਰੇਟਾ ਕਾਰ ਕੁਰੂਕਸ਼ੇਤਰ ਤੋਂ ਚੋਰੀ ਕੀਤੀ ਗਈ ਸੀ ਅਤੇ ਦਿਲਪ੍ਰੀਤ ਉਰਫ਼ ਬਾਬਾ ਅਤੇ ਸੁਖਪ੍ਰੀਤ ਉਰਫ਼ ਬੁੱਢਾ ਵੱਲੋਂ ਫਿਲਮ ਅਦਾਕਾਰ ਪਰਮੀਸ਼ ਵਰਮਾ ‘ਤੇ ਹਮਲੇ ਦੀ ਘਟਨਾ ਵਿੱਚ ਇਸੇ ਕਾਰ ਦੀ ਵਰਤੋਂ ਕੀਤੀ ਗਈ ਸੀ। ਉਨਾਂ ਦੱਸਿਆ ਕਿ ਇਸੇ ਸਾਲ ਮਾਰਚ ਮਹੀਨੇ ਨਗਰ ਕੌਂਸਲ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਦੀ ਟੋਏਟਾ ਇਨੋਵਾ ਕਾਰ ਸਾੜਨ ਲਈ ਵੀ ਇਹੀ ਗਰੁੱਪ ਜਿੰਮੇਵਾਰ ਸੀ। ਇਸ ਤੋਂ ਇਲਾਵਾ ਪਿਛਲੇ ਸਾਲ ਨਵੰਬਰ ਵਿੱਚ ਇੱਕ ਹੋਰ ਮਾਮਲੇ ਵਿੱਚ ਨਿੱਜੀ ਦੁਸ਼ਮਣੀ ਕਾਰਨ ਬਠਿੰਡਾ ਵਿਖੇ ਗੁਰਪ੍ਰੀਤ ਸਿੰਘ ਮਹਿਮਾ ਸਰਜਾ ਨੂੰ ਅਮਨ ਜੈਤੋ, ਜਸਪ੍ਰੀਤ ਸਿੰਘ ਉਰਫ਼ ਲਾਡੀ ਅਤੇ ਰਾਕੇਸ਼ ਉਰਫ਼ ਕਾਕੂ ਵੱਲੋਂ ਗੋਲੀ ਮਾਰ ਕੇ ਬੂਰੀ ਤਰਾਂ ਜਖਮੀ ਕਰ ਦਿੱਤਾ ਗਿਆ ਸੀ। ਮਾਰਚ 2018 ਵਿੱਚ ਅਮਨ ਜੈਤੋਂ, ਅਜੈ ਫ਼ਰੀਦਕੋਟੀਆ, ਜਸਪ੍ਰੀਤ ਉਰਫ਼ ਲਾਡੀ ਨੇ ਸਿਵਲ ਲਾਈਨਜ਼ ਬਠਿੰਡਾ ਇਲਾਕੇ ‘ਚੋਂ ਬੰਦੂਕ ਦੀ ਨੋਕ ‘ਤੇ ਇੱਕ ਬਲੀਨੋ ਕਾਰ ਵੀ ਚੋਰੀ ਕੀਤੀ ਸੀ। ਇਸ ਤੋਂ ਇਲਾਵਾ ਨਵੰਬਰ 2017 ਵਿੱਚ ਇੱਕ ਹੋਰ ਹਥਿਆਰਬੰਦ ਠੱਗੀ ਦੇ ਮਾਮਲੇ ‘ਚ ਅਮਨ ਜੈਤੋਂ, ਅਜੈ ਫ਼ਰੀਦਕੋਟੀਆ, ਮੰਨਾ ਮਹਿਲਕਲਾਂ, ਟਾਈਗਰ ਨੇ ਧੱਕੇ ਨਾਲ ਚੌਲਾਂ ਦੇ ਭਰੇ ਟਰੱਕ ਨੂੰ ਚੋਰੀ ਕਰਕੇ ਵੇਚ ਦਿੱਤਾ ਸੀ। ਇੰਨਾਂ ਗੈਂਗਸਟਰਾਂ ਨੇ ਨਵੰਬਰ 2017 ਵਿੱਚ ਅਮਨ ਜੈਤੋਂ ਨੇ ਮੰਨਾ ਮਹਿਲਕਲਾਂ ਅਤੇ ਹੋਰਨਾਂ ਨਾਲ ਸੰਗਰੂਰ ਜ਼ਿਲੇ ‘ਚੋਂ ਸਵਿਫਟ ਡਿਜ਼ਾਇਰ ਕਾਰ ਚੋਰੀ ਕੀਤੀ ਅਤੇ ਮਾਰਚ 2018 ਵਿੱਚ ਅਮਨ ਜੈਤੋਂ, ਅਜੈ ਫ਼ਰੀਦਕੋਟੀਆ, ਜਸਪ੍ਰੀਤ ਉਰਫ਼ ਲਾਡੀ ਨੇ ਜਗਰੂਪ ਸਿੰਘ ਉਰਫ਼ ਜੂਪਾ ਨੂੰ ਅੰਮਿ੍ਰਤਸਰ ਸ਼ਹਿਰ ਦੇ ਇਲਾਕੇ ਵਿੱਚ ਬੁਰੀ ਤਰਾਂ ਜਖ਼ਮੀ ਕਰ ਦਿੱਤਾ ਸੀ।ਆਈ.ਜੀ.ਪੀ. ਇੰਟੈਲੀਜੈਂਸ ਨੇ ਦੱਸਿਆ ਕਿ ਇਹ ਸਮੁੱਚਾ ਆਪ੍ਰੇਸ਼ਨ ਸੰਗਠਿਤ ਕਰਾਈਮ ਕੰਟਰੋਲ ਯੂਨਿਟ ਦੇ ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ ਅਤੇ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਚਲਾਇਆ ਜਾ ਰਿਹਾ ਹੈ ਅਤੇ ਸੰਗਠਿਤ ਕਰਾਈਮ ਕੰਟਰੋਲ ਯੂਨਿਟ ਦੀਆਂ ਵੱਖ-ਵੱਖ ਟੀਮਾਂ ਵੱਲੋਂ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ, ਸਬ-ਇੰਸਪੈਕਟਰ ਬਲਵਿੰਦਰ ਸਿੰਘ ਅਤੇ ਸਬ-ਇੰਸਪੈਕਟਰ ਸਿਮਰਜੀਤ ਸਿੰਘ ਦੀ ਅਗਵਾਈ ਹੇਠ ਅਗਲੇਰੀ ਕਾਰਵਾਈ ਚਲਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹਨਾਂ ਸਾਰੇ ਮੁਲਜ਼ਮਾਂ ਨੂੰ ਰਾਜਪੁਰਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 6 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਇਸ ਸਬੰਧੀ ਅਗਲੇਰੀ ਜਾਂਚ ਚੱਲ ਰਹੀ ਹੈ ਅਤੇ ਇਸ ਆਪ੍ਰੇਸ਼ਨ ਵਿੱਚ ਕਈ ਹੋਰ ਵੀ ਗਿ੍ਰਫ਼ਤਾਰੀਆਂ ਦੀ ਸੰਭਾਵਨਾ ਹੈ।ਉਨਾਂ ਕਿਹਾ ਕਿ ਪੰਜਾਬ ਪੁਲਿਸ ਇੰਨਾਂ ਗੈਂਗਸਟਰਾਂ ਦੇ ਮੁਕੱਦਮਿਆਂ ਦੀ ਅਦਾਲਤ ਵਿੱਚ ਪੂਰੀ ਪੈਰਵੀ ਕਰੇਗੀ ਦਾਂ ਜੋ ਇਹ ਸਜਾਵਾਂ ਤੋਂ ਬਚ ਨਾ ਸਕਣ। ਉਨਾਂ ਇਹ ਵੀ ਆਖਿਆ ਕਿ ਜੇਲਾਂ ਵਿੱਚੋਂ ਆਪਣੀਆਂ ਕਾਰਵਾਈਆਂ ਚਲਾ ਰਹੇ ਬੰਦੀ ਗੈਂਗਸਟਰਾਂ ਉਪਰ ਵੀ ਸਖਤ ਨਿਗਾਹ ਰੱਖੀ ਜਾ ਰਹੀ ਹੈ ਤਾਂ ਜੋ ਪੰਜਾਬ ਨੂੰ ਜੁਰਮਾਂ ਸਬੰਧੀ ਕਾਰਵਾਈਆਂ ਅਤੇ ਗੈਂਗਸਟਰਾਂ ਤੋਂ ਮੁਕਤ ਕੀਤਾ ਜਾ ਸਕੇ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ