ਸਮਾਜਸੇਵੀ ਸੰਸਥਾ ‘ਨਵੀਂ ਸੋਚ ਨਵੀਂ ਜ਼ਿੰਦਗੀ’ ਨੇ ਪਹਿਲੇ ਗੇੜ ’ਚ 100 ਤੋਂ ਵੱਧ ਪੌਦੇ ਲਗਾਏ

ਕੋਟਕਪੂਰਾ, 30 ਜੁਲਾਈ (ਟਿੰਕੂ ਪਰਜਾਪਤ):- ਸਮਾਜਸੇਵੀ ਸੰਸਥਾ ‘ਨਵੀਂ ਸੋਚ ਨਵੀਂ ਜ਼ਿੰਦਗੀ’ ਨੇ ਸਥਾਨਕ ਰਾਮਬਾਗ ਮਾਰਗ ਦਾ ਪਹਿਲੇ ਗੇੜ ’ਚ ਨਿਰਮਾਣ ਕਰਵਾਇਆ ਤੇ ਦੂਜੇ ਪ੍ਰੋਜੈਕਟ ਤਹਿਤ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ 100 ਤੋਂ ਜਿਆਦਾ ਪੌਦੇ ਲਾਏ। ਇਸ ਪ੍ਰੋਗਰਾਮ ’ਚ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੇ 200 ਤੋਂ ਵੀ ਜਿਆਦਾ ਵਾਤਾਵਰਣ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੱਚਿਆਂ, ਨੌਜਵਾਨਾ ਦੇ ਨਾਲ-ਨਾਲ ਵਡੇਰੀ ਉਮਰ ਦੇ ਮਰਦ-ਔਰਤਾਂ ਨੇ ਵੀ ਬੂਟੇ ਲਾਉਣ ’ਚ ਖੂਬ ਦਿਲਚਸਪੀ ਦਿਖਾਈ। ਸੰਸਥਾ ਦੇ ਚੇਅਰਮੈਨ ਦੀਦਾਰ ਸਿੰਘ ਅਤੇ ਪ੍ਰਧਾਨ ਨਰੇਸ਼ ਕੁਮਾਰ ਬਾਬਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਕਤ ਰਸਤੇ ਦੀ ਹਾਲਤ ਬਹੁਤ ਹੀ ਨਾਜੁਕ ਤੇ ਤਰਸਯੋਗ ਸੀ ਪਰ ਜਦੋਂ ਇਸ ਰਸਤੇ ਨੂੰ ਠੀਕ ਕਰਨ ਲਈ ਕਿਸੇ ਵੀ ਸੰਸਥਾ ਜਾਂ ਜਥੇਬੰਦੀ ਨੇ ਮੂਹਰੇ ਆਉਣ ਦੀ ਜਰੂਰਤ ਨਾ ਸਮਝੀ ਤਾਂ ਨਵੀਂ ਸੋਚ ਨਵੀਂ ਜਿੰਦਗੀ ਸੰਸਥਾ ਨੂੰ ਉਕਤ ਕੰਮ ਆਪਣੇ ਹੱਥਾਂ ’ਚ ਲੈਣਾ ਪਿਆ। ਸਵਾਮੀ ਵਿਜੈ ਸ਼ਰਮਾ ਅਤੇ ਜੈ ਪ੍ਰਕਾਸ਼ ਸ਼ਰਮਾ ਨੇ ਮੰਨਿਆ ਕਿ ਜੇਕਰ ਇਨਸਾਨ ਇੱਛਾ ਸ਼ਕਤੀ ਨਾਲ ਕਿਸੇ ਵੀ ਕੰਮ ਨੂੰ ਹੱਥ ਪਾਉਂਦਾ ਹੈ ਤਾਂ ਮੁਸ਼ਕਿਲ ਕਾਰਜ ਵੀ ਸੋਖਾ ਅਰਥਾਤ ਸਰਲ ਜਾਪਣ ਲੱਗਦਾ ਹੈ। ਸਚਿਨ ਕੁਮਾਰ ਅਤੇ ਪ੍ਰਦੀਪ ਮਿੱਤਲ ਨੇ ਦੱਸਿਆ ਕਿ ਸੰਸਥਾ ਵੱਲੋਂ ਸ਼ਹਿਰ ’ਚ ਹਜਾਰਾਂ ਹੋਰ ਛਾਂਦਾਰ, ਫੁੱਲਦਾਰ ਅਤੇ ਫਲਦਾਰ ਬੂਟੇ ਲਾਉਣ ਦੀ ਤਜਵੀਜ ਹੈ। ਐਡਵੋਕੇਟ ਰਵੀ ਗੋਇਲ, ਰਜੇਸ਼ ਗੁਲਜਾਰ, ਨਿਸ਼ਾਂਤ ਬਾਂਸਲ, ਰਾਜ ਕੁਮਾਰ ਅਗਰਵਾਲ, ਸ਼ਾਮ ਲਾਲ ਚਾਵਲਾ ਅਤੇ ਪ੍ਰੀਤਮ ਸਿੰਘ ਮੱਕੜ ਨੇ ਦੱਸਿਆ ਕਿ ਰਾਮਬਾਗ ’ਚ ਸਥਿੱਤ ਸ਼ਮਸ਼ਾਨਘਾਟ ’ਚ ਆਉਣ ਵਾਲੇ ਲੋਕਾਂ ਨੂੰ ਇੱਥੋਂ ਲੰਘਣ ਮੌਕੇ ਕਾਫੀ ਪੇ੍ਰਸ਼ਾਨੀ ਹੁੰਦੀ ਸੀ, ਜਿਸ ਕਰਕੇ ਸੰਸਥਾ ਨੇ ਇਸ ਕੰਮ ਨੂੰ ਪਹਿਲ ਦੇ ਅਧਾਰ ’ਤੇ ਮੁਕੰਮਲ ਕਰਨ ਦਾ ਬੀੜਾ ਚੁੱਕਿਆ।