ਸਰਦਾਰ ਨਗਰ ਵੈੱਲਫੇਅਰ ਸੁਸਾਇਟੀ ਨੇ ਸ਼ਹੀਦਾਂ ਦੀ ਯਾਦ ਵਿਚ ਲਗਾਏ ਰੁੱਖ

ਮੋਗਾ, 30 ਜੁਲਾਈ (ਜਸ਼ਨ) : ਸਵੱਛਤਾ ਤੰਦਰੁਸਤ ਸਮਾਜ ਦਾ ਆਧਾਰ ਹੈ ਅਤੇ ਇਸ ਨੂੰ ਆਪਣੇ ਜੀਵਨ ਵਿਚ ਅਪਣਾਉਣ ਨਾਲ ਅਸੀਂ ਅਨੇਕਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਵਾਤਾਵਾਰਣ ਦੀ ਸ਼ੁੱਧਤਾ ਲਈ ‘ਰੁੱਖ ਲਗਾਓ ਵਾਤਾਵਰਣ ਬਚਾਓ’ ਮੁਹਿੰਮ ਤਹਿਤ ਸਰਦਾਰ ਨਗਰ ਵੈਲਫੇਅਰ ਸੁਸਾਇਟੀ ਵੱਲੋਂ ਸ਼ਹੀਦ ੳੂਧਮ ਸਿੰਘ ਦੇ ਸ਼ਹੀਦੀ ਦਿਵਸ ਤੇ ਨਿੱਕੇ ਬੱਚਿਆਂ ਤੋਂ ਰੁੱਖ ਲਗਾ ਕੇ ਮਹਾਨ ਸ਼ਹੀਦ ੳੂਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਪ੍ਰਧਾਨ ਸੁਖਚੈਨ ਸਿੰਘ ਰਾਮੂੰਵਾਲੀਆ ਅਤੇ ਹਰਜੀਤ ਸਿੰਘ ਟੀਟੂ ਨੇ ਦੱਸਿਆ ਕਿ 31 ਜੁਲਾਈ 1940 ਈਸਵੀ ਨੂੰ ੳੂਧਮ ਸਿੰਘ ਨੂੰ ਲੰਡਨ ਵਿਚ ਸ਼ਹੀਦ ਕੀਤਾ ਗਿਆ ਸੀ ਅਤੇ ਇਨਾਂ ਮਹਾਂਨਾਇਕਾਂ ਕਰਕੇ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਅੱਜ ਸਮੇਂ ਦੀ ਲੋੜ ਅਨੁਸਾਰ ਅਸੀਂ ਦੇਸ਼ ਵਿਚ ਵੱਗ ਰਹੇ ਨਸ਼ਿਆਂ ਦੇ ਦਰਿਆਵਾਂ ਨੂੰ ਠੱਲ ਪਾ ਕੇ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਉਨਾਂ ਮਹਾਨ ਸ਼ਹੀਦਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਭੇਂਟ ਕਰੀਏ ਅਤੇ ਆਪਣੀਆਂ ਆਉਣ ਵਾਲੀਆਂ ਪੀੜੀ ਨੂੰ ਆਪਣੇ ਇਤਿਹਾਸ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕਰੀਏ। ਇਸ ਮੌਕੇ ਉਨਾਂ ਨਾਲ ਅਮਰੀਕ ਸਿੰਘ, ਹਰਜੀਤ ਸਿੰਘ ਕੰਡਾ, ਹਰਜੋਤ ਸਿੰਘ, ਹਰਮੀਤ ਸਿੰਘ, ਕਰਨ ਕੰਡਾ, ਪੰਕਜ ਸਚਦੇਵਾ, ਗੌਤਮ ਸਿੰਘ ਸਚਦੇਵਾ, ਹਰਮਨ ਸਿੰਘ, ਹਰਸ਼ਪ੍ਰੀਤ ਸਿੰਘ ਆਦਿ ਹਾਜ਼ਰ ਸਨ।