ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ

ਧਰਮਕੋਟ,  26 ਜੁਲਾਈ (ਜਸ਼ਨ): ਕੱਲ ਦੇਰ ਰਾਤ ਮੋਗਾ ਜ਼ਿਲੇ ਦੇ ਪਿੰਡ ਨਸੀਰੇਵਾਲਾ ਵਿਖੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ  । ਘਟਨਾਕਰਮ ਮੁਤਾਬਕ ਨੌਜਵਾਨ ਦੀ ਲਾਸ਼ ਪਿੰਡ ਦੇ ਬਾਹਰ ਸੜਕ ਦੇ ਕਿਨਾਰੇ ਤੋਂ ਬਰਾਮਦ ਹੋਈ ਹੈ ਅਤੇ ਲਾਸ਼ ’ਤੇ ਬੁਰੀ ਤਰਾਂ ਕੱਟ ਵੱਢ ਦੇ ਨਿਸ਼ਾਨ ਹੋਣ ਕਰਕੇ ਦੁਰਘਟਨਾ ਜਾਂ ਕਤਲ ਬਾਰੇ ਸ਼ੰਕਾਵਾਂ ਪੈਦਾ ਹੋ ਗਈਆਂ ਹਨ । ਮਿ੍ਰਤਕ ਵਜੀਰ ਸਿੰਘ 34 ਸਾਲਾ ਉਮਰ ਦਾ ਨੌਜਵਾਨ ਸੀ ,ਜਿਸ ਦਾ ਦਸ ਸਾਲ ਪਹਿਲਾਂ ਮੁਕਤਸਰ ਸਾਹਿਬ ਵਾਸੀ ਮਨਜੀਤ ਕੌਰ ਨਾਲ ਵਿਆਹ ਹੋਇਆ ਸੀ ਤੇ ਉਹਨਾਂ ਦੀਆਂ ਦੋ ਛੋਟੀਆਂ ਲੜਕੀਆਂ ਹਨ । ਮਿ੍ਰਤਕ ਦੇ ਜੀਜੇ ਜਸਵੀਰ ਸਿੰਘ ਨੇ ਦੱਸਿਆ ਕਿ ਪਤੀ ਪਤਨੀ ਵਿਚ ਘਰੇਲੂ ਝਗੜਾ ਰਹਿੰਦਾ ਸੀ ਤੇ ਪਿਛਲੇ ਦਿਨੀਂ ਮਿ੍ਰਤਕ ਦੇ ਸਹੁਰੇ ਪਰਿਵਾਰ ਵਿਚ ਕਿਸੇ ਸਮਾਗਮ ਦੌਰਾਨ ਉਸ ਦੀ ਕੁੱਟਮਾਰ ਵੀ ਕੀਤੀ ਗਈ ਸੀ । ਉਹਨਾਂ ਦੱਸਿਆ ਕਿ ਵਜੀਰ ਸਿੰਘ ਬੀਤੀ ਸ਼ਾਮ ਆਪਣੀ ਸਕੂਟਰੀ ’ਤੇ ਪਿੰਡ ਦੀ ਝਿੜੀ ਵਿਚ ਮੱਥਾ ਟੇਕਣ ਗਿਆ ਸੀ ਅਤੇ ਉਸ ਨੂੰ ਉਸਦੀ ਪਤਨੀ ਨੇ ਫੋਨ ਕਰਕੇ ਵਾਪਸ ਵੀ ਬੁਲਾਇਆ ਸੀ ਪਰ ਉਹ ਘਰੇ ਨਹੀਂ ਪਹੰੁਚਿਆ ਅਤੇ ਪਿੰਡ ਨੇੜਿਓਂ ਸੜਕ ਕਿਨਾਰੇ ’ਤੇ ਉਸ ਦੀ ਲਾਸ਼ ਬਰਾਮਦ ਹੋਈ ਹੈ। ਉਸ ਨੇ ਆਖਿਆ ਕਿ ਮਿ੍ਰਤਕ ਦੇ ਮੂੰਹ ਅਤੇ ਸਿਰ  ’ਤੇ ਕਿਸੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਹਨ ਜਿਸ ਤੋਂ ਉਸ ਨੂੰ ਕਤਲ ਕੀਤੇ ਜਾਣ ਦਾ ਖਦਸ਼ਾ ਪੈਦਾ ਹੰੁਦਾ ਹੈ। ਉਹਨਾਂ ਸ਼ੱਕ ਜ਼ਾਹਰ ਕੀਤਾ ਕਿ ਵਜੀਰ ਨੂੰ ਕਤਲ ਕਰਕੇ ਕਾਤਲਾਂ ਨੇ ਹਾਦਸੇ ਦਾ ਰੂਪ ਦੇਣ ਦਾ ਅਸਫ਼ਲ ਯਤਨ ਕੀਤਾ ਹੈ। ਧਰਮਕੋਟ ਪੁਲਿਸ ਨੇ ਮਿ੍ਰਤਕ ਦੇ ਪਿਤਾ ਕੁਲਵੰਤ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਤਫ਼ਤੀਸ਼ ਆਰੰਭ ਦਿੱਤੀ ਹੈ।