ਅੱਜ ਪੂਰਾ ਰਾਸ਼ਟਰ ਕਾਰਗਿਲ ਸ਼ਹੀਦਾਂ ਪ੍ਰਤੀ ਨਤਮਸਤਕ ਹੋ ਰਿਹੈ- ਵਿਨੋਦ ਬਾਂਸਲ

ਮੋਗਾ,26 ਜੁਲਾਈ (ਜਸ਼ਨ)-ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਕੁਰਬਾਨੀ ਦੇ ਜ਼ਜਬੇ ਨੂੰ ਨਮਨ ਕਰਦਿਆਂ ਆਖਿਆ ਕਿ ਭਾਰਤੀ ਫ਼ੌਜ ਦੇ ਜੰਗਜੂਆਂ ਨੇ ਦੋ ਮਹੀਨੇ ਲਗਾਤਾਰ ਪਾਕਿਸਤਾਨੀ ਫ਼ੌਜ ਖਿਲਾਫ਼ ਜੰਗ ਲੜਦਿਆਂ ਅੱਜ ਦੇ ਦਿਨ ਮੁੜ ਤੋਂ ਕਾਰਗਿਲ ਦੀਆਂ ਪਹਾੜੀਆਂ ਵਿਚ ਤਿਰੰਗਾ ਲਹਿਰਾਇਆ ਸੀ । ਉਹਨਾਂ ਕਿਹਾ ਕਿ ਅੱਜ ਪੂਰਾ ਰਾਸ਼ਟਰ ਇਕਜੁੱਟ ਹੋ ਕੇ ਉਹਨਾਂ 500 ਤੋਂ ਵੀ ਜ਼ਿਆਦਾ ਵੀਰਗਤੀ ਪ੍ਰਾਪਤ ਕਰਨ ਵਾਲੇ ਯੋਧਿਆਂ ਪ੍ਰਤੀ ਨਤਮਸਤਕ ਹੋ ਰਿਹਾ ਹੈ ਜਿਹਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਪਾਕਿਸਤਾਨ ਦੇ ਮਨਸੂਬਿਆਂ ਨੂੰ ਨਾਕਾਮ ਕੀਤਾ ਸੀ। ਉਹਨਾਂ ਆਖਿਆ ਕਿ ਫ਼ੌਜੀ ਸੈਨਿਕਾਂ ਦੀ ਬਹਾਦਰੀ ਦੀ ਬਦੌਲਤ ਹੀ ਸਾਡੇ ਦੇਸ਼ ‘ਚ ਸੁਰੱਖਿਆ ਅਤੇ ਸ਼ਾਂਤੀ ਬਣੀ ਹੋਈ ਹੈ।ਉਹਨਾਂ ਆਖਿਆ ਕਿ ਸਾਇਬੇਰੀਆ ਵਰਗੇ ਠੰਡੇ ਦੇਸ਼ ਵਾਂਗ ਹੀ ਕਾਰਗਿਲ ਖੇਤਰ ਵਿਚ ਸਰਦੀਆਂ ਦੌਰਾਨ ਤਾਪਮਾਨ ਮਨਫ਼ੀ 45 ਡਿਗਰੀ ਹੋ ਜਾਂਦਾ ਹੈ ਅਤੇ 1998 ਦੌਰਾਨ ਭਾਰਤੀ ਫੌਜਾਂ ਵੱਲੋਂ ਅਜਿਹੀਆਂ ਚੋਟੀਆਂ ਨੂੰ ਠੰਡ ਕਾਰਨ ਖਾਲੀ ਕੀਤਾ ਗਿਆ ਸੀ ਪਰ ਪਾਕਿਸਤਾਨੀ ਫ਼ੌਜ ਨੇ ਘੁਸਪੈਠੀਆਂ ਦੇ ਰੂਪ ਵਿਚ ਭਾਰਤੀ ਇਲਾਕੇ ’ਤੇ ਕਬਜ਼ਾ ਕਰ ਲਿਆ ਪਰ ਮਹਾਨ ਦੇਸ਼ ਦੇ ਮਹਾਨ ਸੂਰਬੀਰਾਂ ਨੇ ਜਾਨ ਦੀ ਪਰਵਾਹ ਨਾ ਕਰਦਿਆਂ 26 ਜੁਲਾਈ 1999 ਨੂੰ ਮੁੜ ਭਾਰਤੀ ਚੌਕੀਆਂ ’ਤੇ ਤਿਰੰਗਾ ਲਹਿਰਾ ਕੇ ਦੁਸ਼ਮਣ ਨੂੰ ਸ਼ਿਕੱਸਤ ਦਿੱਤੀ । ਉਹਨਾਂ ਸਮੂਹ ਪੰਜਾਬੀ ਨੌਜਵਾਨਾਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕਰਦਿਆਂ ਆਜ਼ਾਦੀ ਤੋਂ ਬਾਅਦ ਸ਼ਹੀਦ ਹੋਣ ਵਾਲੇ ਸਮੂਹ ਸੈਨਿਕਾਂ ਦੇ ਜੀਵਨ ਤੋਂ ਸੇਧ ਲੈਣ ਦੀ ਅਪੀਲ ਕੀਤੀ।