ਐਕਰਿੰਗ ਦੇ ਗਗਨ ਦਾ ਧਰੂਹ ਤਾਰਾ 'ਗਗਨਦੀਪ ਸੋਂਧੀ', ਅੱਜ ਦਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਐਂਕਰ

 

ਟੀ.ਵੀ. 'ਤੇ ਡੀ ਡੀ ਪੰਜਾਬੀ ਚੱਲ ਰਿਹਾ ਹੁੰਦੈ..। ਸ਼ੁੱਕਰਵਾਰ ਦਾ ਦਿਨ ਹੁੰਦਾ..। ..ਤੇ ਵੱਜਦੇ ਨੇ ਸਵੇਰ ਦੇ ਸਾਢੇ ਅੱਠ। ਇਕ ਪੰਜਾਬਣ ਮੁਟਿਆਰ ਦੇ ਨਾਲ ਇਕ ਸਿਹਤਮੰਦ, ਹੱਸਮੁੱਖ, ਸੁੰਦਰ ਚਿਹਰਾ ਆਪਣੇ ਦੋਵੇਂ ਹੱਥ ਜੋੜ ਕੇ ਬਹੁਤ ਹੀ ਹਲੀਮੀ ਨਾਲ ਦੁਆ ਸਲਾਮ ਕਰਦੈ। ਉਸ ਦੇ ਚਿਹਰੇ 'ਤੇ ਪ੍ਰਵੇਸ਼ ਅਤੇ ਭਾਵਪੂਰਤ ਆਵਾਜ਼ ਨਾਲ ਦਿਲ ਦੀਆਂ ਫੁੱਲ-ਕਲੀਆਂ ਖਿੜੁ ਉਠਦੀਆਂ ਨੇ ਤੇ ਉੱਧਰੋ ਇਸ ਆਵਾਜ਼ ਦੀ ਦਸਤਕ ਨਾਲ ਹੀ ਨਾਲ ਦੇ ਕਮਰੇ ਵਿਚ ਨਾਸ਼ਤਾ ਜਾਂ ਚਾਹ ਦੀਆਂ ਚੁਸਕੀਆਂ ਲੈ ਰਹੇ ਘਰ ਦੇ ਜੀਅ ਟੀ.ਵੀ. ਸਾਹਮਣੇ ਤੁਰੰਤ ਆ ਬੈਠਦੇ ਨੇ। ਆਖਰ ਇਹ ਕਿਹੜੀ ਚੁੰਬਕੀ ਸਖਸ਼ੀਅਤ ਹੈ ਜਿਸ ਦੀ ਕਲਾ ਨੂੰ ਵੇਖਣ-ਸੁਣਨ ਲਈ ਐਨੀ ਉਤਸੁਕਤਾ ਦਾ ਮਾਹੌਲ ਸਿਰਜ ਜਾਂਦੈ। ਇਹ ਪ੍ਰਤਿਭਾਸ਼ਾਲੀ ਗੱਭਰੂ ਹੈ ਜੋ ਆਪਣੀ ਮਾਖਿਓਂ ਮਿੱਠੀ ਮੋਹ ਭਿੱਜੀ ਪੰਜਾਬੀ ਵਿਰਸੇ, ਵਿਰਾਸਤ, ਅਮੀਰ ਸੱਭਿਆਚਾਰ ਦੀ ਬਾਤ ਪਾ ਕੇ ਕਲਾ ਦੇ ਗਗਨ ਮੰਡਲ 'ਤੇ ਧਰੂ ਤਾਰਾ ਬਣ ਚਮਕ ਰਿਹਾ ਹੈ। ਜੋ ਕਿਸੇ ਵੀ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ। ਮੇਰੀ ਮੁਰਾਦ ਹੈ ਰੇਡੀਓ-ਟੀ ਵੀ, ਸਿਨੇਮਾ, ਰੰਗਮੰਚ ਯਾਨਿ ਮੀਡੀਆ ਵਿਚ ਐਂਕਰ ਤੋਂ ਲੈ ਕੇ ਸਕਰਿਪਟ ਲੇਖਕ, ਸਟੇਜ ਸਕੱਤਰ, ਉੱਘੇ ਭੰਗੜਚੀ ਤੇ ਫਿਰ ਗਾਇਕ ਤੱਕ ਦਾ ਸਫਰ ਤੈਅ ਕਰਦਾ, ਆਪਣੇ ਸ਼ਬਦਾਂ ਨਾਲ ਖੇਡਦਾ, ਦਰਸ਼ਕਾਂ/ਸਰੋਤਿਆਂ ਦਾ ਚਹੇਤਾ ਕਲਾਕਾਰ ਗਗਨਦੀਪ ਸੋਂਧੀ। ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਅਮਰੀਕਾ, ਕਨੇਡਾ, ਆਸਟਰੇਲੀਆ, ਇੰਗਲੈਂਡ, ਦੁਬਈ ਆਦਿ ਅਨੇਕਾਂ ਮੁਲਕਾਂ ਵਿਚ ਰੇਡੀਓ ਹੋਵੇ ਜਾਂ ਟੀ.ਵੀ. ਦਰਸ਼ਕ/ਸਰੋਤੇ ਇਸ ਦੀ ਆਵਾਜ਼ ਸੁਣਕੇ ਆਪਣੇ ਕੰਨ ਖੜ੍ਹੇ ਕਰ ਲੈਂਦੇ ਹਨ। ਇਸੇ ਕਰਕੇ ਉਹ ਅਜੋਕੇ ਦੌਰ ਦਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਟੀ.ਵੀ. ਐਂਕਰ, ਰੇਡੀਓ ਜੌਕੀ ਤੇ ਸਟੇਜ ਸਕੱਤਰ ਹੈ। ਕਹਿੰਦੇ ਹਨ ਜੇਕਰ ਭੋਜਨ ਨੂੰ ਵਧੀਆ ਢੰਗ ਨਾਲ ਪਰੋਸਿਆ ਜਾਵੇ ਤਾਂ ਉਸ ਨਾਲ ਖਾਣੇ ਦੀ ਖਿੱਚ, ਭੁੱਖ ਅਤੇ ਪਚਣ ਸ਼ਕਤੀ ਕੁਦਰਤੀ ਤੌਰ 'ਤੇ ਵਧ ਜਾਂਦੀ ਹੈ, ਇਸੇ ਤਰਾਂ ਹੀ ਬਹੁਤ ਸਾਰੇ ਮੇਲਿਆਂ ਦੀ ਸ਼ਾਨ ਬਣ ਚੁੱਕੇ ਗਗਨਦੀਪ ਸੋਂਧੀ ਮੀਡੀਆ ਦੇ ਪ੍ਰੋਗਰਾਮਾਂ ਨੂੰ ਪਰੋਸ ਕੇ ਪ੍ਰੋਗਰਾਮਾਂ ਦੀ ਲੱਜ਼ਤ ਕਈ ਗੁਣਾ ਵਧਾ ਦਿੰਦੈ ਤੇ ਇਸ ਦਾ ਸਹਾਰਾ ਬਣਦੀ ਹੈ ਉਸ ਦੀ ਕਾਵਿ ਕਲਾ ਜੋ ਬਹੁਤੀਆਂ ਗੱਲਾਂ ਨੂੰ ਲਮਕਾ ਕੇ ਕਰਨ ਦੀ ਬਜਾਏ ਇਸ ਨੂੰ ਸਮੇਟਦੀ ਹੋਈ ਇਕ ਹੀ ਸ਼ੇਅਰ ਵਿਚ ਬਹੁਤ ਕੁਝ ਕਹਿ ਜਾਂਦੀ ਹੈ ਤੇ ਬਣ ਜਾਂਦਾ ਹੈ ਰੰਗ ਹੋਰ ਵੀ ਚੋਖਾ। 10000 ਸ਼ੇਅਰ ਤੇ ਹਜ਼ਾਰਾਂ ਚੁਟਕਲੇ ਸਾਡੇ ਮਨੋਰੰਜਨ ਦਾ ਸਭ ਤੋਂ ਮਹਿੰਗਾ ਖਜ਼ਾਨਾ ਉਸ ਕੋਲ ਹੈ। ਕੁਦਰਤ ਵਲੋਂ ਉਸ ਨੂੰ ਦਾਤ ਮਿਲੀ ਹੈ ਗੱਲ ਨਾਲ ਕਵਿਤਾ ਦੇ ਦੋ ਬੰਦ ਕਹਿ ਕੇ ਰੌਚਿਕਤਾ ਦੇ ਹਾਣੀ ਬਣਾਉਣਾ ਇਹ ਸਭ ਕੁਝ ਉਸ ਦੀ ਬੇਹੱਦ ਤਿਆਰੀ ਅਤੇ ਮਿਹਨਤ ਦੀ ਨਤੀਜਾ ਤਾਂ ਹੈ ਹੀ ਪਰ ਅਸਲ ਵਿਚ ਮੌਕੇ 'ਤੇ ਹੀ ਗੱਲ ਫੁਰਨੀ ਅਤੇ ਕਵਿਤਾ ਰਚਣੀ ਰੱਬੀ ਦਾਤ ਹੈ। ਰੇਡੀਓ ਨੇ ਮੀਡੀਆ ਦੇ ਹੋਰ ਕਈ ਵਸੀਲਿਆਂ ਦਾ ਟਾਕਰਾ ਕਰਨ ਲਈ ਸਰੋਤਿਆਂ ਲਈ ਉਨ੍ਹਾ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾ ਦੇ ਮਨਪਸੰਦ ਗੀਤ ਸੁਣਾਉਣ ਦਾ ਸਿਲਸਿਲਾ ਸ਼ੁਰੂ ਕਰ ਕੇ ਕਾਫੀ ਸਫਲਤਾ ਤੇ ਵਾਹ-ਵਾਹ ਖੱਟੀ ਹੈ। 2016-17 ਦੇ 'ਵਰਲਡ ਮੀਡੀਆ ਐਵਾਰਡਜ਼ ਸਮਾਰੋਹ' ਨੂੰ ਹੋਸਟ ਕਰ ਕੇ ਆਪਣੀ ਕਲਾ ਦਾ ਸਬੂਤ ਦਿੱਤਾ। 2016 ਦੇ ਸਪੈਸ਼ਲ ਉਲੰਪਿਕਸ ਨੂੰ ਹੋਸਟ ਕਰਨ ਦੀ ਜ਼ਿੰਮੇਵਾਰੀ ਗਗਨਦੀਪ ਸੋਂਧੀ ਨੇ ਬਾਖੂਬੀ ਨਿਭਾਈ। ਡੀ.ਡੀ. ਪੰਜਾਬੀ ਦੇ 2017 ਦੇ ਸਥਾਪਨਾ ਦਿਵਸ ਸਮਾਰੋਹ ਨੂੰ ਪੇਸ਼ ਕਰਦਿਆਂ ਉਸਨੇ ਅੱਜ ਤੱਕ ਦੇ ਸਫਰ ਦੀ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ।  ਇਸ ਵੱਡੀ ਚੁਣੌਤੀ ਦੇ ਮੈਦਾਨ ਵਿਚ ਗਗਨਦੀਪ ਸੋਂਧੀ ਦਾ ਬਹੁਤ ਵੱਡਾ ਹਿੱਸਾ ਹੈ ਤੇ ਇਸ ਮੈਦਾਨ ਦਾ ਬਹੁਤ ਵੱਡਾ ਖਿਡਾਰੀ ਬਣ ਗਿਆ ਹੈ। 102.7 ਐਫ ਐਮ ਰੇਨਬੋ,    100.8 ਐਫ ਐਮ, 100.9 ਐਫ ਐਮ, ਡੀ. ਟੀ. ਐੱਚ.  ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਜ਼ਰੀਏ ਸਰੋਤਿਆਂ ਦੀਆਂ ਕਾਲਾਂ ਦੀ ਮਿੱਠੀ ਆਵਾਜ਼ ਵਿਚ ਜਬਾਵਦੇਹੀ ਬਹੁਤ ਵੱਡਾ ਸੁਹਜ ਸਵਾਦ ਬਣਾਇਆ ਹੈ ਗਗਨਦੀਪ ਸੋਂਧੀ ਨੇ। ਫਿਰ ਦੇਖੋ ਅੱਜ ਦੀ ਪੀੜ੍ਹੀ ਦਾ ਇਹ ਨਵਾਂ ਕਲਾਕਾਰ ਸਾਡੇ ਸੱਭਿਆਚਾਰ ਦੇ ਪੁਰਾਣੇ ਤਵਿਆਂ ਦੇ ਗੀਤਾਂ ਨੂੰ ਕਿਵੇਂ ਪਿਆਰਦਾ ਹੈ ਤੇ ਸਰੋਤਿਆਂ ਦੀ ਮੰਗ ਤੇ ਕਿਵੇਂ ਪੂਰਾ ਉੱਤਰਦਾ ਹੈ। ਅੱਜ-ਕੱਲ੍ਹ ਆਕਾਸ਼ਵਾਣੀ ਜਲੰਧਰ ਦੇ ਲਾਈਵ ਪ੍ਰੋਗਰਾਮਾਂ ਵਿਚ 'ਸਵੇਰੇ-ਸਵੇਰੇ', 'ਚਿੱਠੀਆਂ-ਮਿੱਠੀਆਂ', 'ਧਮਕ ਜਲੰਧਰ ਪੈਂਦੀ', 'ਚੱਕ ਦੇ ਢੋਲੀਆ' ਅਤੇ ਕਈ ਹੋਰ ਪ੍ਰੋਗਰਾਮ ਬਹੁਤ ਹੀ ਦਿਲਚਸਪੀ ਨਾਲ ਸੁਣੇ ਜਾਂਦੇ ਹਨ ਤੇ ਸਾਡਾ ਗਗਨਦੀਪ ਸੋਂਧੀ  ..ਵਾਹ ਜੀ ਵਾਹ ਉੱਪਰਲੇ ਸਵੇਰ ਤੋਂ ਦੁਪਿਹਰ ਤੱਕ ਦੇ ਪ੍ਰੋਗਰਾਮ ਵਿਚ ਆਪਣੇ ਸ਼ਬਦਾਂ ਦੀਆਂ ਅਜਿਹੀਆਂ ਪੈਲਾਂ ਪਾਉਦਾ ਹੈ ਕਿ ਸਰੋਤੇ ਅਸ਼-ਅਸ਼ ਕਰ ਉੱਠਦੇ ਹਨ। ਗਗਨਦੀਪ ਸੋਂਧੀ ਨੇ ਜਿੱਥੇ ਆਪਣੀ ਕਲਾ ਦਾ ਜਲਵਾ ਦਿਖਾਇਆ, ਉੱਥੇ ਦੂਰਦਰਸ਼ਨ ਯਾਨਿ ਡੀ ਡੀ ਪੰਜਾਬੀ 'ਤੇ ਵੀ ਆਪਣੀ ਆਵਾਜ਼ ਤੇ ਚਿਹਰੇ ਦੀਆਂ ਮਸਤ ਆਦਾਵਾਂ ਨਾਲ ਆਪਣੀ ਬਹੁਤ ਵੱਡੀ ਥਾਂ ਬਣਾ ਲਈ ਹੈ। ਅੱਜ ਦਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਪਰੋਗਰਾਮ 'ਸੁਨੇਹੇ' ਉਸਦੀ ਕਲਾ ਦਾ ਹੀ ਨਤੀਜਾ ਹੈ। 'ਗੱਲਾਂ ਤੇ ਗੀਤ', 'ਇਮਾਰਤਸਾਜ਼ੀ' ਤੇ ਕਈ ਹੋਰ ਪ੍ਰੋਗਰਾਮ ਵਿਚ ਮਾਹਰਾਂ ਨਾਲ ਇੰਟਰਵਿਊ ਕਰਨੀ ਹੋਵੇ ਜਾਂ 'ਸੁਨੇਹੇ' ਪ੍ਰੋਗਰਾਮ ਵਿਚ ਕਿਸੇ ਵੀ ਵਿਸ਼ੇ 'ਤੇ ਗੱਲ ਕਰਨੀ ਹੋਵੇ ਜਾਂ ਫਿਰ ਇਸ ਪ੍ਰੋਗਰਾਮ ਵਿਚ ਮੁਬਾਰਕਾਂ ਦੇਣੀਆਂ ਹੋਣ ਤਾਂ ਉਹ ਆਪਣੀ ਕਲਾ ਤੇ ਅਦਾ ਨਾਲ ਮੋਹ ਲੈਦਾ ਹੈ ਤੇ ਇਸ ਦੇ ਨਾਲ-ਨਾਲ ਦੂਰਦਰਸ਼ਨ ਦੇ ਰੰਗਾਰੰਗ ਪ੍ਰੋਗਰਾਮਾਂ ਐਂਕਰ ਦੀ ਭੂਮਿਕਾ ਨਿਭਾ ਕੇ ਸਮਾਂ ਬੰਨ੍ਹ ਦਿੰਦਾ ਹੈ। ਗਗਨਦੀਪ ਸੋਂਧੀ ਦੀ ਇਸ ਜ਼ਿਕਰਯੋਗ ਕਾਰਗੁਜ਼ਾਰੀ ਵਿਚ ਉਸ ਨੂੰ ਪਰਿਵਾਰ ਵਲੋਂ ਮਿਲੇ ਸੰਸਕਾਰ, ਉੱਚ-ਵਿਦਿਆ, ਗੁੜੁਤੀ ਅਤੇ ਉਸ ਦੀ ਪ੍ਰਤਿਭਾ ਨੇ ਉਸ ਨੂੰ ਮੀਡੀਆ ਸਟਾਰ ਬਣਾ ਦਿੱਤਾ। ਗਗਨਦੀਪ ਸੋਂਧੀ ਨੂੰ ਸਟੇਜ ਦਾ ਸ਼ੌਂਕ ਸਕੂਲ ਤੋਂ ਹੀ ਪੈ ਗਿਆ ਤੇ ਆਕਾਸ਼ਵਾਣੀ ਜਲੰਧਰ ਵਿਚ 'ਬਾਲ ਜਗਤ' ਪ੍ਰੋਗਰਾਮ ਵਿਚ ਬਤੌਰ ਕਲਾਕਾਰ ਆਪਣੇ ਜੌਹਰ ਵਿਖਾਉਣ ਲੱਗਾ। ਇਸੇ ਹੀ ਤਰਾਂ ਉਸ ਨੇ 'ਯੁਵਬਾਣੀ' ਪ੍ਰੋਗਰਾਮ ਵਿਚ ਇਸ ਦੇ ਚਰਚਿਤ ਪ੍ਰੋਗਰਾਮ 'ਹੈਲੋ ਜੀਨੀਅਸ', 'ਵਿਰਸਾ ਬੋਲ ਪਿਆ', 'ਚ ਐਕਰਿੰਗ ਵਿਚ ਪੂਰੀ ਵਾਹ-ਵਾਹ ਖੱਟੀ। ਦੂਰਦਰਸ਼ਨ ਜਲੰਧਰ ਵਿਚ 'ਪੰਜ ਵਜੇ ਲਾਈਵ' ਸ਼ੁਰੂ ਹੋਇਆ ਤਾਂ ਸੋਂਧੀ ਨੇ ਆਪਣੀ ਕਲਾ ਦੀ ਸ਼ਿਰਕਤ ਨਾਲ ਫਿਰ ਧਮਕ ਪਾ ਦਿੱਤੀ। 'ਸਟਾਰ ਕਲਾਕਾਰ', '5 ਵਜੇ ਲਾਈਵ' 'ਜੀ ਆਇਆ ਨੂੰ', 'ਸੁਰਮਾ ਪੰਜ ਰੱਤੀਆਂ' ਅਤੇ ਇਸ ਤੋਂ ਬਾਅਦ 'ਹੈਲੋ ਦੂਰਦਰਸ਼ਨ' ਵਿਚ ਆਪਣੀ ਕਲਾਕਾਰੀ ਦਾ ਦੀਪ ਜਗਾਇਆ। ਇਸ ਦੇ ਨਾਲ ਹੀ 'ਲਿਸ਼ਕਾਰਾ', ਸੁਰ ਸਾਂਝ' 'ਸਾਂਝ ਸੁਰਾਂ ਦੀ' ਅਤੇ ਹੋਰ ਕਈ ਪ੍ਰੋਗਰਾਮਾਂ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਉਸ ਦੇ ਸ਼ਬਦਾਂ ਦੀ ਰਵਾਨਗੀ ਝਰਨੇ ਦੇ ਸੰਗੀਤ ਨੂੰ ਮਾਤ ਪਾਉਦੀ ਹੈ ਤੇ ਜੀ ਕਰਦਾ ਹੈ ਕਿ ਇਸ ਕਲਾਕਾਰ ਨੂੰ ਸੋਨੇ ਦੀ ਡੱਬੀ ਵਿਚ ਰੱਖ ਲਈਏ। ਉਹ ਇੱਕੋ ਹੀ ਵੇਲੇ ਸਕਰਿਪਟ ਰਾਈਟਰ, ਗਾਇਕ, ਕੁਮੈਂਟਟੇਟਰ ਹੈ ਤੇ ਉਸ ਤੋਂ ਇਲਾਵਾ ਉਸ ਦੀ ਨਿਰਾਲੀ ਅਲਬੇਲੀ ਆਵਾਜ਼ ਕਿਸੇ ਤੋਂ ਛੁਪੀ ਨਹੀ ਹੈ। ਪੰਜਾਬੀ ਸਾਹਿਤ ਦਾ ਇਹ ਸਰਵਣ ਪੁੱਤ ਸਰਬਕਲਾ ਸਮਰੱਥ ਹੈ, ਉਹ ਕੰਪਿਊਟਰ ਟਾਈਪਿੰਗ ਸ਼ਾਰਟਹੈਂਡ ਅਤੇ ਹੋਰ ਆਧੁਨਿਕ ਕੰਮਾਂ ਵਿਚ ਉਸ ਦੀ ਬਹੁਤ ਵੱਡੀ ਸਪੀਡ ਹੈ। ਜਲੰਧਰ ਦੇ ਪਿੰਡ ਸੱਤੋਵਾਲੀ ਵਿਖੇ ਗਗਨਦੀਪ ਸੋਂਧੀ ਨੇ ਆਪਣੀ ਮੁੱਢਲੀ ਵਿਦਿਆ, ਸਰਕਾਰੀ ਹਾਈ ਸਕੂਲ ਰੋਹਜੜੀ ਤੋਂ ਦਸਵੀਂ ਪਾਸ ਕੀਤੀ। ਜਿੱਥੇ ਉਸ ਨੇ ਪੜ੍ਹਾਈ ਤੋਂ ਇਲਾਵਾ ਖੇਡਾਂ ਵਿਚ ਸਰਦਾਰੀ ਕਾਇਮ ਕੀਤੀ ਤੇ ਸਰਕਾਰੀ ਸਕੂਲ ਕਾਲਾ ਬੱਕਰਾ ਤੋਂ ਬਾਰਵੀਂ ਪਾਸ ਕੀਤੀ। ਫਿਰ ਬੀ.ਏ. ਸਰਕਾਰੀ ਕਾਲਜ ਟਾਂਡਾ ਤੋਂ ਤੇ ਐੱਮ.ਏ. ਅੰਗਰੇਜ਼ੀ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਕੀਤੀ, ਜਿੱਥੇ ਯੂਥ ਫੈਸਟੀਵਲਾਂ ਅਤੇ ਹੋਰ ਸਟੇਜਾਂ ਵਿਚ ਆਪਣੀ ਕਲਾ ਨੂੰ ਪ੍ਰਵਾਨ ਚੜ੍ਹਾ ਕੇ ਆਪਣੇ ਮਾਤਾ ਜੀ ਕੁਲਵਿੰਦਰ ਕੌਰ ਤੇ ਪਿਤਾ ਜੀ ਗੁਰਮੇਜ ਸੋਂਧੀ ਦਾ ਬਹੁਤ ਮਾਣ ਵਧਾਇਆ। ਉਸ ਦੇ ਅੰਦਰ ਅਧਿਆਪਨ ਦੀ ਚਿਣਗ ਕਾਰਨ ਹੀ ਤਾਂ ਉਸ ਨੇ ਸਟੇਟ ਕਾਲਜ ਪਟਿਆਲਾ ਤੋਂ ਬੀ ਐੱਡ ਤੇ ਟੀ.ਈ.ਟੀ. ਦੇ ਸਾਰੇ ਪੇਪਰ ਪਾਸ ਕੀਤੇ। ਉਪਰੋਕਤ ਡਿਗਰੀਆਂ ਤੋਂ ਇਲਾਵਾ ਉਸ ਦੀ ਸਖਸ਼ੀਅਤ ਦੇ ਹੋਰ ਵੀ ਕਈ ਪੱਖ ਹਨ ਜੋ ਇਸ ਛੋਟੇ ਜਿਹੇ ਲੇਖ ਵਿਚ ਅੰਕਿਤ ਕਰਨੇ ਔਖੇ ਲੱਗਣੇ ਨੇ। ਸ਼ਾਲਾ! ਕੋਈ ਵੀ ਮੰਚ ਉਸਦੀ ਐਕਰਿੰਗ ਤੋਂ ਇਲਾਵਾ ਸੰਪੂਰਨ ਨਹੀਂ ਜਾਪਦਾ।  ਗਗਨਦੀਪ ਸੋਂਧੀ ਨੂੰ ਸੱਭਿਆਚਾਰਕ ਪ੍ਰੋਗਰਾਮਾਂ ਲਈ 9814945435 'ਤੇ ਸੰਪਰਕ ਕੀਤਾ ਜਾ ਸਕਦੈ। ਉਹ ਗਗਨ ਦਾ ਸਿਤਾਰਾ ਬਣ ਕੇ ਆਪਣੇ ਚਾਨਣ ਨਾਲ ਕਲਾ ਨੂੰ ਚਮਕਾਉਦਾ ਰਹੇ ਤੇ ਫੁੱਲ ਬਣਕੇ ਖੁਸ਼ਬੋਆਂ ਵੰਡਦਾ ਰਹੇ।

ਪੇਸ਼ਕਸ਼: ਤੇਜਿੰਦਰ ਸਿੰਘ ਜਸ਼ਨ   

 98727-54321