ਵਾਤਾਵਰਣ ਦੀ ਸੰਭਾਲ ਲਈ ਕਲੱਬ ਨੇ ਲਾਏ 40 ਛਾਂਦਾਰ ਤੇ ਫਲਦਾਰ ਬੂਟੇ

ਕੋਟਕਪੂਰਾ, 25 ਜੁਲਾਈ (ਟਿੰਕੂ ਪਰਜਾਪਤ) :- ਲਾਇਨ ਕਲੱਬ ਕੋਟਕਪੂਰਾ ਰਾਇਲ ਵੱਲੋਂ ਸ਼ਹਿਰ ਅਤੇ ਇਲਾਕੇ ਨੂੰ ਪ੍ਰਦੂਸ਼ਣ ਰਹਿਤ ਕਰਨ ਤੇ ਵਾਤਾਵਰਣ ਸ਼ੁੱਧ ਰੱਖਣ ਲਈ ਸ਼ਹਿਰ ਦੀਆਂ ਸਾਂਝੀਆਂ ਥਾਵਾਂ ’ਤੇ ਛਾਂਦਾਰ ਤੇ ਫੁੱਲਦਾਰ ਬੂਟੇ ਲਾਏ ਗਏ। ਕਲੱਬ ਦੇ ਪ੍ਰਧਾਨ ਅਮਰਦੀਪ ਸਿੰਘ ਮੱਕੜ ਤੇ ਸਕੱਤਰ ਸੁਰਜੀਤ ਸਿੰਘ ਘੁਲਿਆਣੀ ਨੇ ਦੱਸਿਆ ਕਿ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ 40 ਛਾਂਦਾਰ ਤੇ ਫੁੱਲਦਾਰ ਬੂਟੇ ਲਾਉਣ ਲਈ ਡਾ ਚੰਦਾ ਸਿੰਘ ਮਰਵਾਹਾ ਸੀਨੀਅਰ ਸੈਕੰਡਰੀ ਸਕੂਲ, ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਦੀਆਂ ਢੁੱਕਵੀਆਂ ਥਾਵਾਂ ਦੀ ਚੋਣ ਕੀਤੀ ਗਈ।

ਸਕੂਲ ਪਿ੍ਰੰਸੀਪਲ ਜਰਨੈਲ ਕੌਰ ਸਮੇਤ ਸਮੂਹ ਸਟਾਫ ਨੇ ਕਲੱਬ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਵਾਤਾਵਰਣ ਦੀ ਸੰਭਾਲ ਲਈ ਅਜਿਹੇ ਉਦਮਾ ਦੀ ਬਹੁਤ ਲੋੜ ਹੈ। ਕਲੱਬ ਦੇ ਅਹੁਦੇਦਾਰਾਂ ਤਰਲੋਚਨ ਸਿੰਘ ਮੱਕੜ, ਵਿਜੈ ਝਾਂਜੀ, ਮਨਜੀਤ ਸਿੰਘ ਲਵਲੀ, ਵਿਨੋਦ ਮਿੱਤਲ ਆਦਿ ਨੇ ਸਕੂਲ ਦੇ ਬੱਚਿਆਂ ਨੂੰ ਪੇਸ਼ਕਸ਼ ਕੀਤੀ ਕਿ ਜੋ ਬੱਚਾ ਇਹਨਾ ਬੂਟਿਆਂ ਦੀ ਸੰਭਾਲ ਕਰੇਗਾ, ਉਸ ਨੂੰ ਢੁਕਵੇਂ ਸਮੇਂ ’ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੰਦੀਪ ਗੋਇਲ, ਮਨਜੀਤ ਸਿੰਘ ਔਲਖ, ਵਿਜੈ ਕੁਮਾਰ ਟੀਟੂ, ਪਵਨ ਗੋਇਲ ਸਮੇਤ ਸਮੂਹ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ।