ਵਾਤਾਵਰਣ ਮੰਤਰੀ ਨੇ ਡੇਰਾਬੱਸੀ ਦੀਆਂ ਦੋ ਫੈਕਟਰੀਆਂ ਵਿੱਚ ਮਾਰਿਆ ਛਾਪਾ,ਟਰੀਟਮੈਂਟ ਪਲਾਂਟਾਂ ਦੀ ਕੀਤੀ ਜਾਂਚ; ਦੱਸ ਦਿਨਾਂ ਵਿੱਚ ਸਾਰੇ ਮਾਪਦੰਡ ਪੂਰੇ ਕਰਨ ਦੇ ਨਿਰਦੇਸ਼

ਚੰਡੀਗੜ, 24 ਜੁਲਾਈ(ਪੱਤਰ ਪਰੇਰਕ):ਸਨਅਤੀ ਇਕਾਈਆਂ ਦਾ ਪ੍ਰਦੂਸ਼ਿਤ ਪਾਣੀ ਕੁਦਰਤੀ ਜਲ ਸਰੋਤਾਂ ਵਿੱਚ ਪੈਣ ਤੋਂ ਰੋਕਣ ਦੇ ਮਕਸਦ ਨਾਲ ਵਾਤਾਵਰਣ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਡੇਰਾਬੱਸੀ ਦੀਆਂ ਦੋ ਵੱਡੀਆਂ ਫੈਕਟਰੀਆਂ ਫੈਡਰਲ ਐਗਰੋ ਪ੍ਰਾਈਵੇਟ ਇੰਡਸਟਰੀਜ਼ ਲਿਮੀਟਿਡ ਅਤੇ ਨੈਕਟਰ ਲਾਈਫ ਸਾਇੰਸਜ਼ ਲਿਮੀਟਿਡ ਵਿੱਚ ਛਾਪਾ ਮਾਰਿਆ। ਛਾਪੇ ਦੌਰਾਨ ਦੋਵੇਂ ਸਨਅਤੀ ਇਕਾਈਆਂ ਦੇ ਪਾਣੀ ਸੋਧਣ ਵਾਲੇ ਪਲਾਂਟਾਂ (ਈਟੀਪੀ) ਵਿੱਚ ਕੁੱਝ ੳੂਣਤਾਈਆਂ ਪਾਈਆਂ ਗਈਆਂ, ਜਿਸ ਉਤੇ ਸ੍ਰੀ ਸੋਨੀ ਨੇ ਦੋਵਾਂ ਫੈਕਟਰੀਆਂ ਦੇ ਪ੍ਰਬੰਧਕਾਂ ਨੂੰ 10 ਦਿਨਾਂ ਦਾ ਸਮਾਂ ਦੇ ਕੇ ਪ੍ਰਦੂਸ਼ਣ ਰੋਕਣ ਸਬੰਧੀ ਲੋੜੀਂਦੇ ਮਾਪਦੰਡ ਪੂਰੇ ਕਰਨ ਲਈ ਆਖਿਆ। ਇਸ ਮਗਰੋਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਵਾਤਾਵਰਣ ਮੰਤਰੀ ਨੇ ਵਾਤਾਵਰਣ ਵਿਭਾਗ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੁਦਰਤੀ ਜਲ ਸਰੋਤਾਂ ਨੂੰ ਦੂਸ਼ਿਤ ਹੋਣ ਤੋਂ ਰੋਕਣ ਲਈ ਸਨਅਤੀ ਇਕਾਈਆਂ ਉਤੇ ਕਰੜੀ ਨਿਗਾ ਰੱਖਣ। ਉਨਾਂ ਕਿਹਾ ਕਿ ਉਹ ਸਨਅਤੀ ਇਕਾਈਆਂ ਦਾ ਦੂਸ਼ਿਤ ਪਾਣੀ ਕੁਦਰਤੀ ਜਲ ਸਰੋਤਾਂ ਵਿੱਚ ਸੁੱਟਣ ਨੂੰ ਬਰਦਾਸ਼ਤ ਨਹੀਂ ਕਰਨਗੇ। ਉਹ ਦੋ ਮਹੀਨੇ ਪਹਿਲਾਂ ਵੀ ਘੱਗਰ ਦਾ ਦੌਰਾ ਕਰ ਕੇ ਗਏ ਸਨ। ਉਸ ਸਮੇਂ ਵੀ ਸਨਅਤੀ ਇਕਾਈਆਂ ਵੱਲੋਂ ਦੂਸ਼ਿਤ ਪਾਣੀ ਬਿਨਾਂ ਟਰੀਟ ਕੀਤੇ ਸੁੱਟਿਆ ਜਾ ਰਿਹਾ ਸੀ। ਇਸ ਨੂੰ ਕਿਸੇ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹੁਣ ਫਿਰ ਉਹ ਇੱਥੋਂ ਦਾ ਦੌਰਾ ਕਰ ਕੇ ਸਥਿਤੀ ਬਾਰੇ ਜਾਨਣ ਆਏ ਹਨ। ਉਨਾਂ ਆਖਿਆ ਕਿ ਜੇ ਕਿਸੇ ਸਨਅਤ ਨੇ ਸਰਕਾਰੀ ਹਦਾਇਤਾਂ ਦੀ ਪਾਲਣਾ ਨਾ ਕੀਤੀ ਅਤੇ ਦੂਸ਼ਿਤ ਪਾਣੀ ਦਰਿਆ ਵਿੱਚ ਸੁੱਟਣਾ ਜਾਰੀ ਰੱਖਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਨਅਤੀ ਇਕਾਈਆਂ ਆਪਣੇ ਟਰੀਟਮੈਂਟ ਪਲਾਂਟ ਬਾਕਾਇਦਾ ਚੱਲਣੇ ਯਕੀਨੀ ਬਣਾਉਣ ਅਤੇ ਜਿਨਾਂ ਇਕਾਈਆਂ ਵਿੱਚ ਪਲਾਂਟ ਬੰਦ ਪਏ ਹਨ, ਉਹ ਚਲਾਏ ਜਾਣ ਤਾਂ ਕਿ ਦਰਿਆਵਾਂ ਵਿੱਚ ਸੁੱਟਣ ਤੋਂ ਪਹਿਲਾਂ ਪਾਣੀ ਨੂੰ ਟਰੀਟ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਵਾਤਾਵਰਣ ਵਿਭਾਗ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਉਨਾਂ ਅਧੀਨ ਆਉਂਦੇ ਇਲਾਕਿਆਂ ਵਿੱਚ ਸਨਅਤਾਂ ਕਿਸੇ ਵੀ ਤਰਾਂ ਪ੍ਰਦੂਸ਼ਣ ਨਾ ਫੈਲਾਉਣ। ਚੰਡੀਗੜ ਤੇ ਹਰਿਆਣਾ ਦੀਆਂ ਸਨਅਤਾਂ ਵੱਲੋਂ ਘੱਗਰ ਦਰਿਆ ਵਿੱਚ ਪਾਣੀ ਸੁੱਟਣ ਬਾਰੇ ਸਵਾਲ ਉਤੇ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਬਾਰੇ ਹਰਿਆਣਾ ਸਰਕਾਰ ਤੇ ਚੰਡੀਗੜ ਪ੍ਰਸ਼ਾਸਨ ਨੂੰ ਲੋੜੀਂਦੀ ਕਾਰਵਾਈ ਹਿੱਤ ਲਿਖ ਦਿੱਤਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਾਤਾਵਰਣ ਨੂੰ ਸੁਧਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ਇਸ ਦਿਸ਼ਾ ਵਿੱਚ ਜੰਗੀ ਪੱਧਰ ਉਤੇ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਨਅਤਕਾਰਾਂ ਦੀ ਵੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਨਅਤਾਂ ਦਾ ਦੂਸ਼ਿਤ ਪਾਣੀ ਕੁਦਰਤੀ ਜਲ ਸਰੋਤਾਂ ਵਿੱਚ ਨਾ ਸੁੱਟਣ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਪ੍ਰਦੂਸ਼ਣ ਰੋਕਣ ਵਿੱਚ ਆਪਣਾ ਯੋਗਦਾਨ ਪਾਉਣ। ਉਨਾਂ ਕਿਹਾ ਕਿ ਉਹ ਅੱਗੇ ਵੀ ਛਾਪੇ ਜਾਰੀ ਰੱਖਣਗੇ ਤਾਂ ਕਿ ਜ਼ਮੀਨੀ ਹਕੀਕਤ ਦਾ ਪਤਾ ਚੱਲੇ ਅਤੇ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਉਨਾਂ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਚੇਅਰਮੈਨ ਪ੍ਰੋ. ਸਤਵਿੰਦਰ ਸਿੰਘ ਮਰਵਾਹਾ ਅਤੇ ਵਾਤਾਵਰਣ ਵਿਭਾਗ ਦੇ ਪਟਿਆਲਾ ਦੇ ਮੁੱਖ ਇੰਜਨੀਅਰ ਗੁਲਸ਼ਨ ਰਾਏ ਹਾਜ਼ਰ ਸਨ।