ਟਰੈਫਿਕ ਪੁਲਿਸ ’ਚ ਭਿ੍ਰਸ਼ਟਾਚਾਰ ਦੀ ਸੰਭਾਵਨਾ ਨੂੰ ਖਤਮ ਕਰਨਗੀਆਂ ‘ਈ-ਚਲਾਨ ਮਸ਼ੀਨਾਂ’ : ਅਰੁਨਾ ਚੌਧਰੀ

ਚੰਡੀਗੜ, 24 ਜੁਲਾਈ: (ਪੱਤਰ ਪਰੇਰਕ):  ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਅਗਵਾਈ ਦੇ ਸੜਕ ਸੁਰੱਖਿਆ ਦੇ ਢੰਗ ਤਰੀਕਿਆਂ ਵਿੱਚ ਬਦਲਦੇ ਸਮੇਂ ਅਨੁਸਾਰ ਵੱਡਾ ਬਦਲਾਅ ਲਿਆਉਣ ਉੱਤੇ ਗੰਭੀਰਤਾ ਨਾਲ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ, ਜੋ ਕਿ ਸਮੇਂ ਦੀ ਮੁੱਖ ਲੋੜ ਹੈ। ਇਹ ਵਿਚਾਰ ਪੰਜਾਬ ਦੀ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇੱਥੇ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਗਟ ਕੀਤੇ। ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ‘ਈ-ਚਲਾਨ ਮਸ਼ੀਨਾਂ’ ਦਾ ਇਸਤੇਮਾਲ ਸ਼ੁਰੂ ਕੀਤਾ ਜਾਵੇਗਾ ਅਤੇ ਇਹ ਮਸ਼ੀਨਾਂ ਐਨ.ਆਈ.ਸੀ. ਦੇ ਸਾਫਟਵੇਅਰ ਅਤੇ ਇੰਟਰਨੈੱਟ ਨਾਲ ਜੁੜੀਆਂ ਹੋਣਗੀਆਂ ਜਿਸ ਨਾਲ ਫੀਲਡ ਸਟਾਫ ਦੇ ਪੱਧਰ ਉੱਤੇ ਭਿ੍ਰਸ਼ਟਾਚਾਰ ਦੀ ਸੰਭਾਵਨਾ ਨੂੰ ਨੱਥ ਪਵੇਗੀ। ਉਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਸ਼ਰਾਬ ਪੀ ਕੇ ਵਾਹਨ ਚਲਾਉਣ ਦੀ ਸਮੱਸਿਆ ਕਈ ਸੜਕੀ ਹਾਦਸਿਆਂ ਦਾ ਕਾਰਣ ਬਣਦੀ ਹੈ ਅਤੇ ਇਸਨੂੰ ਨੱਥ ਪਾਉਣ ਲਈ ‘ਸ਼ਰਾਬ ਦੀ ਮਾਤਰਾ ਮਾਪਣ ਵਾਲੇ ਯੰਤਰਾ‘ ਦੀ ਖਰੀਦ ਕੀਤੀ ਜਾਵੇਗੀ ਜੋ ਕਿ ਆਜ਼ਾਦਾਨਾ ਤੌਰ ਤੇ ਐਨ.ਆਈ.ਸੀ. ਸਰਵਰ ਦੀ ਈ-ਚਲਾਨ ਐਪਲੀਕੇਸ਼ਨ ਨਾਲ ਜੁੜੇ ਹੋਣਗੇ। ਸੜਕੀ ਹਾਦਸਿਆਂ ਵਿੱਚ ਮੌਤਾਂ ਦਾ ਇੱਕ ਹੋਰ ਵੱਡਾ ਕਾਰਨ ਤੇਜ਼ ਰਫਤਾਰੀ ਨੂੰ ਦੱਸਦੇ ਹੋਏ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ 6 ਮਾਰਗੀ ਕੌਮੀ ਸ਼ਾਹਰਾਹਾਂ ਉੱਤੇ ਵਾਹਨਾਂ ਦੀ ਰਫਤਾਰ ਨੂੰ ਮਾਪਣ ਲਈ ਅਤਿ-ਆਧੁਨਿਕ ਯੰਤਰਾਂ ਦੀ ਖਰੀਦ ਕੀਤੀ ਜਾਵੇਗੀ। ਉਨਾਂ ਅੱਗੇ ਕਿਹਾ ਕਿ ਲੋੜੀਂਦੇ ਸਥਾਨਾਂ ਉੱਤੇ ਰਫਤਾਰ  ਮਾਪਣ ਵਾਲੇ ਅਤੇ ਡਿਸਪਲੇਅ ਬੋਰਡਾਂ ਨੂੰ ਸਥਾਪਿਤ ਕਰਨ ਬਾਰੇ ਵੀ ਗਹਿਰਾਈ ਨਾਲ ਵਿਚਾਰ ਕੀਤਾ ਜਾਵੇਗਾ।ਓਵਰ-ਲੋਡਿੰਗ ਨੂੰ ਇੱਕ ਗੰਭੀਰ ਸਮੱਸਿਆ ਦੱਸਦੇ ਹੋਏ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਇਸ ਨਾਲ ਨਜਿੱਠਣ ਲਈ ਆਟੋਮੇਟਿਡ ਭਾਰ ਤੋਲਕ ਉਪਕਰਣ ਮਹੱਤਵਪੂਰਨ ਸਥਾਨਾਂ ਜਿਵੇਂ ਕਿ ਰੇਤਾ ਤੇ ਬਜਰੀ ਦੀਆਂ ਖੱਡਾਂ ਦੇ ਨੇੜੇ ਸਥਾਪਿਤ ਕੀਤੇ ਜਾਣਗੇ ਅਤੇ ਇਹ ਐਨ.ਆਈ.ਸੀ. ਨਾਲ ਜੁੜੇ ਹੋਣਗੇ। ਉਨਾਂ ਕਿਹਾ ਕਿ ਕਿਸੇ ਵੀ ਤਰਾਂ ਦੀ ਊਣਤਾਈ ਦੇ ਪਾਏ ਜਾਣ ਉੱਤੇ ਲੋੜ ਨਾਲੋਂ ਵੱਧ ਭਾਰ ਲੱਦ ਕੇ ਭੇਜਣ ਵਾਲੇ ਵਿਅਕਤੀ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਹਾਈ-ਵੇ ਪੈਟਰੋਲ ਵਾਹਨਾਂ, ਪੀ.ਸੀ.ਆਰ. ਵਾਹਨਾਂ ਨੂੰ ਅਤਿ-ਆਧੁਨਿਕ ਉਪਕਰਣਾਂ ਨਾਲ ਲੈਸ ਕਰਨ ਦੀ ਲੋੜ ਅਤੇ ਉਨਾਂ ਕੋਲ ਉਸ ਇਲਾਕੇ ਦੀ ਵੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਜਿੱਥੇ ਉਹ ਤਾਇਨਾਤ ਹਨ ਤਾਂ ਜੋ ਲੋਕਾਂ ਦੀ ਹਰ ਵੇਲੇ ਭਰਪੂਰ ਮਦਦ ਲਈ ਤਿਆਰ ਰਿਹਾ ਜਾ ਸਕੇ। ਮੀਟਿੰਗ ਵਿੱਚ ਕੈਮਰਿਆਂ ਅਤੇ ਹਾਦਸਿਆਂ ਦਾ ਸ਼ਿਕਾਰ ਬਣੇ ਵਾਹਨਾਂ ਨੂੰ ਕੱਟਣ ਲਈ ਆਧੁਨਿਕ ਉਪਕਰਣ ਖਰੀਦਣ ਬਾਰੇ ਵੀ ਗੰਭੀਰਤਾ ਨਾਲ ਵਿਚਾਰ ਚਰਚਾ ਹੋਈ।ਮੀਟਿੰਗ ਦੌਰਾਨ ਸ੍ਰੀਮਤੀ ਚੌਧਰੀ ਨੇ ਆਮ ਲੋਕਾਂ ਨੂੰ ਸੜਕੀ ਸੁਰੱਖਿਆ ਦੇ ਹਰ ਪਹਿਲੂ ਸਬੰਧੀ ਜਾਗਰੂਕ ਕਰਨ ਦੀ ਲੋੜ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਸਬੰਧੀ ਹਦਾਇਤਾਂ ਦਾ ਹਰ ਹਾਲਤ ਵਿੱਚ ਪਾਲਣ ਕੀਤਾ ਜਾਵੇ ਅਤੇ ਸੜਕੀ ਸੁਰੱਖਿਆ ਦੇ ਹਰ ਨੁਕਤੇ ਉੱਤੇ ਰੋਸ਼ਨੀ ਪਾਉਂਦੀ ਕਿਤਾਬ ਵੀ ਜਾਰੀ ਕੀਤੀ ਜਾਵੇ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪਿ੍ਰੰਸੀਪਲ ਸਕੱਤਰ, ਟਰਾਂਸਪੋਰਟ ਵਿਭਾਗ, ਪੰਜਾਬ ਸ੍ਰੀ ਸਰਵਜੀਤ ਸਿੰਘ, ਏ.ਡੀ.ਜੀ.ਪੀ. ਟ੍ਰੈਫਿਕ ਸ੍ਰੀ ਸ਼ਰਦ ਚੌਹਾਨ, ਪੰਜਾਬ ਪੁਲਿਸ ਦੇ ਟ੍ਰੈਫਿਕ ਸਲਾਹਕਾਰ ਸ੍ਰੀ ਨਵਦੀਪ ਅਸੀਜਾ ਅਤੇ ਲੁਧਿਆਣਾ ਦੀ ਸੰਭਵ ਫਾਊਂਡੇਸ਼ਨ ਦੇ ਸ੍ਰੀ ਰਾਹੁਲ ਵਰਮਾ ( ਦੋਵੇਂ ਮੈਂਬਰ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ) ਵੀ ਹਾਜ਼ਰ ਸਨ।