ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐਸ.ਸੀ. ਵਿਦਿਆਰਥੀਆਂ ਦੀਆਂ ਫੀਸਾਂ ਨੂੰ ਲੈ ਕੇ ਡੀ.ਐਮ. ਕਾਲਜ ਅੱਗੇ ਸੰਘਰਸ਼ ਜਾਰੀ

ਮੋਗਾ,24 ਜੁਲਾਈ (ਜਸ਼ਨ): ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਡੀ.ਐਮ. ਕਾਲਜ ਅੱਗੇ ਪੀ.ਟੀ.ਏ. ਫੰਡ ਦੀ ਆੜ ਵਿਚ ਭਰਵਾਈਆਂ ਜਾਣ ਵਾਲੀਆਂ ਨਾ ਮੋੜਨਯੋਗ ਫੀਸਾਂ ਦੇ ਵਿਰੋਧ ਵਿਚ ਲਗਾਏ ਗਏ ਪੱਕੇ ਧਰਨੇ ਦੇ ਦੂਜੇ ਦਿਨ ਵੀ ਐਸ.ਸੀ. ਵਿਦਿਆਰਥੀਆਂ ਵੱਲੋਂ ਸੰਘਰਸ਼ ਜਾਰੀ ਹੈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਜਿਲਾ ਖ਼ਜ਼ਾਨਚੀ ਜਗਵੀਰ ਕੌਰ ਮੋਗਾ ਅਤੇ ਜਿਲਾ ਆਗੂ ਸੁਖਵਿੰਦਰ ਕੌਰ ਨੇ ਕਿਹਾ ਕਿ ਸਿੱਖਿਆ ਵਿਭਾਗ ਦੁਆਰਾ ਭੇਜੀਆਂ ਗਈਆਂ ਅਰਜ਼ੀਆਂ ਵਿਚ ਪੋਸਟ ਮੈਟਿ੍ਰਕ ਸਕਾਲਰਸ਼ਿਪ ਦੀਆਂ ਹਦਾਇਤਾਂ ਨੂੰ ਜਾਰੀ ਕੀਤਾ ਗਿਆ, ਪ੍ਰੰਤੂ ਕਾਲਜਾਂ ਦੁਆਰਾ ਇਨਾਂ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਨਾਂ ਹਦਾਇਤਾਂ ਵਿਚ ਕਿਹਾ ਗਿਆ ਹੈ ਕਿ ਐਸ.ਸੀ. ਦਲਿਤ ਵਿਦਿਆਰਥੀਆਂ ਦੀਆਂ ਦਾਖਲਾ ਫੀਸਾਂ ਨੂੰ ਉਨਾਂ ਦੀ ਪੋਸਟ ਮੈਟਿ੍ਰਕ ਸਕਾਲਰਸ਼ਿਪ ਆਉਣ ਤੱਕ ਰੋਕਿਆ ਜਾ ਸਕਦਾ ਹੈ। ਉਨਾਂ ਦੀਆਂ ਫੀਸਾਂ ਦੀ ਤਾਰੀਕ ਉਦੋਂ ਤੱਕ ਵਧਾਈ ਜਾ ਸਕਦੀ ਹੈ।  ਪ੍ਰੰਤੂ ਡੀ.ਐਮ. ਕਾਲਜ ਵੱਲੋਂ ਕ੍ਰਮਵਾਰ ਬੀ.ਏ., ਬੀ.ਐਸ.ਸੀ., ਬੀ.ਕਾਮ ਅਤੇ ਐਮ.ਏ. ਦੀਆਂ ਫੀਸਾਂ 18124, 26034, 25690 ਭਰਵਾਈਆਂ ਜਾ ਰਹੀਆਂ ਹਨ। ਉਨਾਂ ਮੰਗ ਕੀਤੀ ਕਿ 17/7/2018 ਨੂੰ ਜਾਰੀ ਪੱਤਰ ਦੀਆਂ ਹਦਾਇਤਾਂ ਅਨੁਸਾਰ ਹੀ ਫੀਸਾਂ ਕਰਵਾਈਆਂ ਜਾਣ। ਇਸ ਪੱਤਰ ਅਨੁਸਾਰ ਦਲਿਤ ਵਿਦਿਆਰਥੀਆਂ ਦੀ ਫੀਸ ਜ਼ੀਰੋ ਰੁਪਏ ਹੈ। ਇਨਸਾਫ ਨਾ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਨਾਜਾਇਜ ਫੀਸਾਂ ਨਹੀਂ ਭਰੀਆਂ ਜਾਣ। ਇਸ ਮੌਕੇ ਵਿਦਿਆਰਥੀ ਆਗੂ ਮਨਦੀਪ ਕੌਰ, ਅਰਸ਼ਦੀਪ ਕੌਰ ਅਤੇ ਉਨਾਂ ਦੇ ਮਾਪੇ ਹਾਜ਼ਰ ਸਨ।