ਟੀ ਬੀ ਦੇ ਮਰੀਜ਼ਾਂ ਦੀ ਜਾਂਚ ਲਈ ਮੋਗਾ ਪਹੁੰਚੀ ਸੀ ਬੀ ਨਾਟ ਮੋਬਾਇਲ ਵੈਨ

ਮੋਗਾ 23 ਜੁਲਾਈ:(ਜਸ਼ਨ)-ਸਿਹਤ ਵਿਭਾਗ ਮੋਗਾ ਵੱਲੋਂ ‘ਤੰਦਰੁਸਤ ਪੰਜਾਬ ਮਿਸ਼ਨ‘ ਤਹਿਤ ਲੋਕਾਂ ਨੂੰ ਛੂਤ ਅਤੇ ਹੋਰ ਗੰਭੀਰ ਬੀਮਾਰੀਆਂ ਤੋਂ ਬਚਾਉਣ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਲੋਕ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿਣ।  ਇਹ ਪ੍ਰਗਟਾਵਾ ਸਿਵਲ ਸਰਜਨ ਮੋਗਾ ਡਾ: ਸੁਸ਼ੀਲ ਜੈਨ ਨੇ ਟੀ ਬੀ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਲਈ ਅੱਜ ਮੋਬਾਇਲ ਸੀ ਬੀ ਨਾਟ ਵੈਨ ਨੂੰ ਮੋਗਾ ਵਿਖੇ ਹਰੀ ਝੰੰਡੀ ਦੇ ਕੇ ਰਵਾਨਾ ਕਰਨ ਸਮੇਂ ਕੀਤਾ। ਇਸ ਮੌਕੇ ਉਨਾਂ ਨਾਲ ਜ਼ਿਲਾ ਟੀ ਬੀ ਨੋਡਲ ਅਫ਼ਸਰ ਡਾ: ਇੰਦਰਵੀਰ ਸਿੰਘ ਗਿੱਲ, ਜ਼ਿਲਾ ਸਿਹਤ ਅਫ਼ਸਰ ਡਾ: ਅਰਵਿੰਦਰ ਪਾਲ ਸਿੰਘ ਗਿੱਲ ਅਤੇ ਜ਼ਿਲਾ ਮਲੇਰੀਆ ਅਫ਼ਸਰ ਡਾ ਮਨੀਸ਼ ਅਰੋੜਾ ਵੀ ਮੌਜੂਦ ਸਨ। ਇਸ ਮੌਕੇ ਡਾ. ਸੁਸੀਲ ਜੈਨ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਸਾਲ 2025 ਤੱਕ ਦੇਸ਼ ਨੂੰ ਟੀ ਬੀ ਮੁਕਤ ਬਨਾਉਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਤਹਿਤ ਪੰਜਾਬ ਦੇ ਟੀ.ਬੀ ਦੇ ਸ਼ੱਕੀ ਮਰੀਜਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਹ ਸੀ ਬੀ ਨਾਟ ਵੈਨ ਟੀ ਬੀ ਦੇ ਮਰੀਜ਼ਾਂ ਦੀ ਬਾਰੀਕੀ ਨਾਲ ਜਾਂਚ ਕਰੇਗੀ। ਉਨਾਂ ਦੱਸਿਆ ਕਿ ਇਸ ਵੈਨ ਵਿੱਚ ਟੈਸਟ ਕਰਨ ਦੇ ਸਾਰੇ ਉਪਰਕਨ ਉਪਲਬਧ ਹਨ। ਇਹ ਵੈਨ ਮੋਗਾ ਦੇ ਸਲੱਮ ਖੇਤਰ ਵਿੱਚ ਅੱਜ ਤੋਂ ਪਹਿਲੇ ਤਿੰਨ ਦਿਨ ਤੱਕ ਟੈਸਟ ਕਰੇਗੀ ਅਤੇ ਇੱਕ ਦਿਨ ਲਈ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਕੋਟ ਈਸੇ ਖਾਂ ‘ਚ ਸ਼ੱਕੀ ਟੀ ਬੀ ਮਰੀਜ਼ਾਂ ਦੇ ਟੈਸਟ ਕਰੇਗੀ। ਇਸ ਮੌਕੇ ਡਾ: ਇੰਦਰਵੀਰ ਸਿੰਘ ਗਿੱਲ ਨੇ ਕਿਹਾ ਕਿ ਵੈਨ ਚ ਉਪਲਬਧ ਸੀ ਬੀ ਨਾਟ ਮਸ਼ੀਨ ਦੇ ਨਾਲ ਕਿਸੇ ਵੀ ਵਿਅਕਤੀ ਦੀ ਬਲਗਮ ਦੀ ਜਾਂਚ ਕੀਤੀ ਜਾ ਸਕਦੀ ਹੈ, ਜਿਸ ਨਾਲ ਟੀ ਬੀ ਦੀ ਬਿਮਾਰੀ ਦਾ ਪਤਾ ਲੱਗ ਸਕੇਗਾ। ਉਨਾਂ ਦੱਸਿਆ ਕਿ ਇਸ ਦੇ ਨਾਲ ਬਿਮਾਰੀ ‘ਤੇ ਦਵਾਈ ਦੇ ਅਸਰ ਜਾਂ ਬੇਅਸਰ ਹੋਣ ਬਾਰੇ ਵੀ ਪਤਾ ਲੱਗ ਸਕੇਗਾ। ਡਾ: ਗਿੱਲ ਨੇ ਦੱਸਿਆ ਕਿ ਇਸ ਟੈਸਟ ਦੀ ਬਾਜ਼ਾਰੀ ਕੀਮਤ ਬਹੁਤ ਜ਼ਿਆਦਾ ਹੈ, ਪ੍ਰੰਤੂ ਸਰਕਾਰ ਵੱਲੋਂ ਇਹ ਟੈਸਟ ਬਿਲਕੁਲ ਮੁਫਤ ਕੀਤਾ ਜਾਵੇਗਾ। ਇਸ ਮੌਕੇ ਮੈਡੀਕਲ ਅਫ਼ਸਰ ਟੀ ਬੀ ਵਿਭਾਗ ਡਾ: ਜਸਜੀਤ ਕੌਰ, ਜ਼ਿਲਾ ਸਿੱਖਿਆ ਅਤੇ ਸੂਚਨਾ ਅਫ਼ਸਰ ਕਿ੍ਰਸ਼ਨਾ ਸ਼ਰਮਾ, ਅੰਮਿ੍ਰਤ ਸ਼ਰਮਾ, ਚਰਨਜੀਤ ਕੌਰ ਨਰਸਿੰਗ ਇੰਚਾਰਜ, ਫਾਰਮਾਸਿਸਟ ਨੀਲ ਮਨੀ ਤੋਂ ਇਲਾਵਾ ਹੋਰ ਸਟਾਫ਼ ਵੀ ਹਾਜ਼ਰ ਸੀ।