’ਤੇ ਹੁਣ ਢੋਕਲਾ ਖਾਣ ਵਾਲੇ ਗੁਜਰਾਤੀ ਖਾਣਗੇ ਮਾਰਕਫੈਡ ਦਾ ਬਣਿਆ ਪੰਜਾਬੀ ਸਾਗ ,ਵਡੋਦਰਾ ਵਿਖੇ ਖੋਲਿਆ ਦੇਸ਼ ਦਾ ਪਹਿਲਾ ਵਿਕਰੀ ਕੇਂਦਰ,ਕਿਸਾਨਾਂ ਦੀ ਬਿਹਤਰੀ ਲਈ ਮਾਰਕਫੈਡ ਤੇ ਗੁਜਰਾਤ ਰਾਜ ਖਾਦ ਤੇ ਰਸਾਇਣ ਮਿਲ ਕੇ ਕੰਮ ਕਰਨਗੇ

ਵਡੋਦਰਾ/ਚੰਡੀਗੜ, 23 ਜੁਲਾਈ(ਪੱਤਰ ਪਰੇਰਕ)-ਮਾਰਕਫੈਡ ਨੇ ਆਪਣੇ ਉਤਪਾਦਾਂ ਦੀ ਵਿਕਰੀ ਲਈ ਅੱਜ ਇਕ ਵੱਡੀ ਪੁਲਾਂਘ ਪੁੱਟਦਿਆਂ ਉਤਰੀ ਭਾਰਤ ਤੋਂ ਬਾਹਰ ਵਡੋਦਰਾ ਵਿਖੇ ਦੇਸ਼ ਦਾ ਪਹਿਲਾ ਆੳੂਟਲੈਟ ਖੋਲਿਆ। ਵਡੋਦਰਾ ਸਥਿਤ ਗੁਜਰਾਤ ਰਾਜ ਖਾਦ ਨਿਗਮ (ਜੀ.ਐਸ.ਐਫ.ਸੀ.) ਦੇ ਕੈਂਪਸ ਵਿਖੇ ਅੱਜ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਵਿਕਰੀ ਕੇਂਦਰ ਦਾ ਰਸਮੀ ਉਦਘਾਟਨ ਕੀਤਾ। ਇਹ ਵਿਕਰੀ ਕੇਂਦਰ ਜੀ.ਐਫ.ਐਸ.ਸੀ. ਵੱਲੋਂ ਮੁਹੱਈਆ ਕਰਵਾਇਆ ਗਿਆ ਹੈ ਜਿੱਥੇ ਮਾਰਕਫੈਡ ਵੱਲੋਂ ਘਰੇਲੂ ਵਰਤੋਂ ਲਈ ਤਿਆਰ ਕੀਤੇ ਜਾਂਦੇ 90 ਤੋਂ ਵੱਧ ਉਤਪਾਦ ਮਿਲ ਸਕਣਗੇ।

ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਮਾਰਕਫੈਡ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸਮਰਾ, ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ, ਪੰਜਾਬ ਦੇ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਡੀ.ਪੀ.ਰੈਡੀ, ਤੇ ਮਾਰਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਵਰੁਣ ਰੂਜ਼ਮ ਅਤੇ ਜੀ.ਐਸ.ਐਫ.ਸੀ. ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਸੁਜੀਤ ਗੁਲਾਟੀ ਦੀ ਹਾਜ਼ਰੀ ਵਿੱਚ ਇਸ ਵਿਕਰੀ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਵਡੋਦਰਾ ਰਹਿੰਦੇ ਪੰਜਾਬੀਆਂ ਦੀ ਵੀ ਵੱਡੀ ਗਿਣਤੀ ਹਾਜ਼ਰ ਸੀ। ਸ. ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਰਕਫੈਡ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਿੱਥੇ ਉਨਾਂ ਦੇ ਖਾਣ ਵਾਲੇ ਉਤਪਾਦਾਂ ਦੀ ਵਿਦੇਸ਼ਾਂ ਵਿੱਚ ਵਿਕਰੀ ਹੁੰਦੀ ਹੈ ਉਥੇ ਹੁਣ ਇਨਾਂ ਨੂੰ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੇਚਣ ਲਈ ਖਰੀਦ ਕੇਂਦਰ ਖੋਲਣ ਦੀ ਅੱਜ ਇਤਿਹਾਸਕ ਸ਼ੁਰੂਆਤ ਹੋਈ ਹੈ। ਉਨਾਂ ਕਿਹਾ ਕਿ ਉਤਰੀ ਭਾਰਤ ਤੋਂ ਬਾਹਰ ਅੱਜ ਵਡੋਦਰਾ ਵਿਖੇ ਦੇਸ਼ ਦਾ ਪਹਿਲਾ ਵਿਕਰੀ ਕੇਂਦਰ ਖੁੱਲਣ ਨਾਲ ਮਾਰਕਫੈਡ ਨੇ ਕੌਮੀ ਪੱਧਰ ’ਤੇ ਮੀਲ ਪੱਥਰ ਸਥਾਪਤ ਕੀਤਾ ਹੈ। ਤੁਰੰਤ ਖਾਣ ਵਾਲੇ (ਰੈਡੀ ਟੂ ਈਟ) ਉਤਪਾਦਾਂ ਦੀ ਮੰਗ ਦੇਸ਼ ਭਰ ਵਿੱਚ ਕਾਫੀ ਹੈ ਅਤੇ ਹੁਣ ਮਾਰਕਫੈਡ ਵੱਲੋਂ ਇਨਾਂ ਦੀ ਵਿਕਰੀ ਲਈ ‘ਆੳੂਟਲੈਟ’ ਖੋਲਣ ਦੀ ਕੀਤੀ ਸ਼ੁਰੂਆਤ ਨਾਲ ਸਹਿਕਾਰੀ ਖੇਤਰ ਦੇ ਅਦਾਰੇ ਮਾਰਕਫੈਡ ਨੂੰ ਹੁਣ ਹੋਰ ਵੀ ਹੁਲਾਰਾ ਮਿਲੇਗਾ। ਉਨਾਂ ਕਿਹਾ ਕਿ ਜਿੱਥੇ ਵਡੋਦਰਾ ਵਿਖੇ 20 ਹਜ਼ਾਰ ਤੋਂ ਵੱਧ ਗਿਣਤੀ ਵਿੱਚ ਰਹਿੰਦੇ ਪੰਜਾਬੀਆਂ ਲਈ ਵੱਡੀ ਖੁਸ਼ੀ ਦੀ ਗੱਲ ਹੈ ਉਥੇ ਗੁਜਰਾਤੀ ਵੀ ਪੰਜਾਬੀ ਖਾਣਿਆਂ ਦਾ ਸਵਾਦ ਚਖ ਸਕਣਗੇ। ਉਨਾਂ ਕਿਹਾ ਕਿ ਮਾਰਕਫੈੈਡ ਦੇ 90 ਉਤਪਾਦਾਂ ਵਿੱਚੋਂ ਸ਼ਹਿਦ, ਬਾਸਮਤੀ ਚੌਲ, ਸਾਗ, ਦਾਲ ਮੱਖਣੀ, ਕੜੀ ਪਕੌੜਾ, ਦਲੀਆ, ਅਚਾਰ, ਮੁਰੱਬੇ, ਕੈਚਅੱਪ, ਜੈਮ, ਸ਼ੱਕਰ ਆਦਿ ਲੋਕਾਂ ਵਿੱਚ ਬਹੁਤ ਪਾਪੂਲਰ ਹਨ।ਸ. ਰੰਧਾਵਾ ਨੇ ਕਿਹਾ ਕਿ ਖਾਦਾਂ ਦੇ ਖੇਤਰ ਵਿੱਚ ਜੀ.ਐਸ.ਐਫ.ਸੀ. ਵੱਡਾ ਨਾਮ ਹੈ ਜਿਸ ਤੋਂ ਪੰਜਾਬ ਖਾਦਾਂ ਦੀ ਖਰੀਦ ਕਰਦਾ ਹੈ। ਉਨਾਂ ਕਿਹਾ ਕਿ ਮਾਰਕਫੈਡ ਤੇ ਜੀ.ਐਸ.ਐਫ.ਸੀ. ਦੀ ਸਾਂਝ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਵੇਗੀ ਕਿਉਕਿ ਸਹਿਕਾਰਤਾ ਕਿਸਾਨੀ ਦੀ ਰੀੜ ਦੀ ਹੱਡੀ ਹੈ। ਉਨਾਂ ਕਿਹਾ ਕਿ ਸਹਿਕਾਰਤਾ ਖੇਤਰ ਵਿੱਚ ਪੰਜਾਬ ਤੇ ਗੁਜਰਾਤ ਦੀਆਂ ਇਨਾਂ ਦੋਵੇਂ ਵੱਡੇ ਅਦਾਰਿਆਂ ਵੱਲੋਂ ਮਿਲ ਕੇ ਚੱਲਣ ਦਾ ਫੈਸਲਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਗੁਜਰਾਤ ਰਾਜ ਖਾਦ ਤੇ ਰਸਾਇਣ (ਜੀ.ਐਸ.ਐਫ.ਸੀ.) ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਪਹੁੰਚਾਈ ਜਾਂਦੀ ਐਨ.ਪੀ.ਕੇ. (ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼) ਨਾਲ ਡੀ.ਏ.ਪੀ. ਦੀ ਵਰਤੋਂ ਵੀ ਘਟੀ ਹੈ ਜਿਸ ਨਾਲ ਕਿਸਾਨੀ ਦਾ ਖਰਚਾ ਘਟਿਆ ਹੈ ਅਤੇ ਇਸ ਨਾਲ ਜ਼ਮੀਨ ਦੀ ਉਪਜਾਊ ਸਮਰੱਥਾ ਵਿੱਚ ਵਾਧਾ ਹੋਇਆ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਪੈਰਾਂ ਸਿਰ ਖੜਾ ਕਰਨ ਲਈ ਜਿੱਥੇ ਕਿਸਾਨੀ ਖਰਚਿਆਂ ਨੂੰ ਘਟਾਉਣਾ ਪਵੇਗਾ ਉਥੇ ਕਿਸਾਨੀ ਨਾਲ ਜੁੜੇ ਸਹਾਇਕ ਧੰਦਿਆਂ ਤੋਂ ਹੁੰਦੀ ਪੈਦਾਵਰ ਵਾਲੇ ਉਤਪਾਦਾਂ ਦੀ ਮਾਰਕਟਿੰਗ ਕਰਨੀ ਪਵੇਗੀ। ਉਨਾਂ ਕਿਹਾ ਕਿ ਪੰਜਾਬ ਤੇ ਗੁਜਰਾਤ ਵਿਚਾਲੇ ਪਈ ਸਾਂਝ ਦੋਵਾਂ ਅਦਾਰਿਆਂ ਅਤੇ ਕਿਸਾਨਾਂ ਲਈ ਫਾਇਦੇਮੰਦ ਸਾਬਤ ਹੋਵੇਗੀ।ਇਸ ਮੌਕੇ ਗੁਜਰਾਤ ਐਗਰੋਟੈਕ (ਜੀ.ਏ.ਟੀ.ਐਲ.) ਦੇ ਸੀ.ਈ.ਓ. ਸ੍ਰੀ ਐਸ.ਕੇ. ਮਿਸ਼ਰਾ ਅਤੇ ਮਾਰਕਫੈਡ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਸ੍ਰੀ ਬਾਲ ਮੁਕੰਦ ਸ਼ਰਮਾ ਨੇ ਆਪਸੀ ਸਹਿਯੋਗ ਦੇ ਸਮਝੌਤੇ ਉੱਤੇ ਸਹੀ ਪਾਈ ਜਿਸ ਅਨੁਸਾਰ ਜੀ.ਏ.ਟੀ.ਐਲ. ਵੱਲੋਂ ਮਾਰਕਫੈਡ ਦੇ ਉਤਪਾਦਾਂ ਦੀ ਵਿਕਰੀ ਕੀਤੀ ਜਾਵੇਗੀ ਅਤੇ ਇਸੇ ਤਰਾਂ ਹੀ ਮਾਰਕਫੈਡ  ਆਪਣੇ ਵਿਕਰੀ ਕੇਂਦਰਾਂ ਤੋਂ ਜੀ.ਏ.ਟੀ.ਐਲ. ਦੇ ਉਤਪਾਦਾਂ ਦੀ ਵਿਕਰੀ ਕਰੇਗਾ।ਇਸ ਤੋਂ ਪਹਿਲਾਂ ਸਹਿਕਾਰਤਾ ਮੰਤਰੀ ਸ. ਰੰਧਾਵਾ ਦੀ ਅਗਵਾਈ ਵਿੱਚ ਪੰਜਾਬ ਤੋਂ ਆਏ ਵਫਦ ਨੇ ਜੀ.ਐਸ.ਐਫ.ਸੀ. ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਰੂ ਬ ਰੂ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦੌਰਾਨ 1954 ਵਿੱਚ ਸਥਾਪਤ ਹੋਏ ਮਾਰਕਫੈਡ ਦੇ ਹੁਣ ਤੱਕ ਦੇ ਸਫਰ ਬਾਰੇ ਸੰਖੇਪ ਵਿੱਚ ਡਾਕੂਮੈਂਟਰੀ ਵੀ ਦਿਖਾਈ ਗਈ। ਮਾਰਕਫੈਡ ਦੇ ਮਸ਼ਹੂਰ ਖਾਣ ਵਾਲੇ ਉਤਪਾਦਾਂ ਅਤੇ ‘ਐਮੇਜ਼ੋਨ’, ‘ਬਿਗਬਾਸਕਟ’ ਤੇ ਮਾਰਕਫੈਡ ਦੇ ‘ਸੋਹਣਾ’ ਐਪ ਰਾਹੀਂ ਆਨ ਲਾਈਨ ਮੰਗਵਾਏ ਜਾਂਦੇ ਉਤਪਾਦਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਸੈਸ਼ਨ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਉਤਸੁਕਤਾ ਦਿਖਾਉਦਿਆਂ ਸਹਿਕਾਰਤਾ ਮੰਤਰੀ ਤੋਂ ਕਈ ਸਵਾਲ ਵੀ ਪੁੱਛੇ ਜਿਨਾਂ ਦਾ ਸ. ਰੰਧਾਵਾ ਨੇ ਜਵਾਬ ਦਿੰਦਿਆਂ ਵਿੱਚ  ਸਹਿਕਾਰਤਾ ਲਹਿਰ ਤੋਂ ਜਾਣੂੰ ਕਰਵਾਇਆ। ਸ. ਰੰਧਾਵਾ ਨੇ ਕਿਹਾ ਕਿ ਸਾਡਾ ਮਕਸਦ ਕਿਸਾਨੀ ਅਤੇ ਖੇਤ ਮਜ਼ਦੂਰਾਂ ਦਾ ਭਲਾ ਕਰਨਾ ਹੈ ਜਿਸ ਲਈ ਸਹਿਕਾਰਤਾ ਵਿਭਾਗ ਨਿਰੰਤਰ ਕੰਮ ਕਰ ਰਿਹਾ ਹੈ.ਜੀ.ਐਸ.ਐਫ.ਸੀ. ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਸੁਜੀਤ ਗੁਲਾਟੀ ਨੇ ਮਾਰਕਫੈਡ ਦੇ ਗੁਜਰਾਤ ਵਿੱਚ ਵਿਕਰੀ ਕੇਂਦਰ ਖੋਲਣ ਦਾ ਸਵਾਗਤ ਕਰਦਿਆਂ ਪੂਰਨ ਸਹਿਯੋਗ ਦੇਣ ਦ ਵਿਸ਼ਵਾਸ ਦਿਵਾਇਆ। ਉਨਾਂ ਕਿਹਾ ਕਿ ਸਹਿਕਾਰੀ ਖੇਤਰ ਵਿੱਚ ਇਹ ਇਕ ਨਿਵੇਕਲੀ ਸਾਂਝ ਹੈ ਜਿਸ ਨਾਲ ਦੋਵਾਂ ਸੂਬਿਆਂ ਅਤੇ ਉਥੋਂ ਦੇ ਲੋਕਾਂ ਨੂੰ ਫਾਇਦਾ ਪੁੱਜੇਗਾ। ਅੰਤ ਵਿੱਚ ਪੰਜਾਬ ਤੋਂ ਆਏ ਵਫਦ ਵਿੱਚ ਸ਼ਾਮਲ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਨੇ ਜਿੱਥੇ ਅੱਜ ਦੇ ਉਪਰਾਲੇ ਲਈ ਮਾਰਕਫੈਡ ਤੇ ਜੀ.ਐਸ.ਐਫ.ਸੀ. ਨੂੰ ਵਧਾਈ ਦਿੱਤੀ ਉਥੇ ਵਿਦਿਆਰਥੀਆਂ ਵੱਲੋਂ ਦਿਖਾਈ ਉਤਸੁਕਤਾ ਦੀ ਤਾਰੀਫ ਵੀ ਕੀਤੀ। ਉਨਾਂ ਕਿਹਾ ਕਿ ਇਨਾਂ ਵਿਦਿਆਰਥੀਆਂ ਨੂੰ ਦੇਖਦਿਆਂ ਦੇਸ਼ ਦਾ ਭਵਿੱਖ ਅਤੇ ਕਿਸਾਨੀ ਸੁਰੱਖਿਅਤ ਲੱਗਦੀ ਹੈ ਕਿਉਕਿ ਜੇਕਰ ਸਾਇੰਸ ਦੀ ਪੜਾਈ ਕਰਨ ਵਾਲੇ ਵਿਦਿਆਰਥੀ ਕਿਸਾਨਾਂ ਲਈ ਕੁੱਝ ਸੋਚਦੇ ਹਨ ਤਾਂ ਆਉਦੇ ਸਮੇਂ ਵਿੱਚ ਉਹ ਕਿਸਾਨਾਂ ਲਈ ਬਹੁਤ ਕੱਝ ਕਰਨ ਦੀ ਸਮਰੱਥਾ ਵੀ ਰੱਖਦੇ ਹਨ।ਇਸ ਮੌਕੇ ਐਮ.ਡੀ. ਅਮੁਲ, ਸ. ਆਰ. ਐਸ. ਸੋਢੀ, ਵਧੀਕ ਪ੍ਰਬੰਧਕੀ ਨਿਰਦੇਸ਼ਕ ਮਾਰਕਫੈਡ ਸ੍ਰੀ ਬਾਲ ਮੁਕੰਦ ਸ਼ਰਮਾ, ਵਿਸ਼ੇਸ਼ ਕਾਰਜ ਅਫਸਰ (ਖਾਦਾਂ) ਸ੍ਰੀ ਗਗਨ ਵਾਲੀਆ ਤੇ ਸੀਨੀਅਰ ਮਾਰਕੀਟਿੰਗ ਮੈਨੇਜਰ ਸ੍ਰੀ ਮਨਦੀਪ ਸਿੰਘ ਬਰਾੜ ਅਤੇ ਜੀ.ਐਸ.ਐਫ.ਸੀ. ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਵੀ.ਡੀ. ਨਾਨਾਵਤੀ ਤੇ ਸ੍ਰੀ ਐਸ.ਵੀ.ਯਾਦਵ ਵੀ ਹਾਜ਼ਰ ਸਨ।