ਤਨਖਾਹਾਂ ਨਾ ਮਿਲਣ ਕਾਰਨ ਐੱਸ.ਐੱਸ.ਏ/ਰਮਸਾ ਅਧਿਆਪਕਾਂ ਦੇ ਮੰਦੜੇ ਹਾਲ,ਜਿਲ੍ਹਾ ਸਿੱਖਿਆ ਅਫਸਰ ਨੂੰ ਮੰਗ-ਪੱਤਰ

 ਮੋਗਾ ,23 ਜੁਲਾਈ (ਜਸ਼ਨ):  ਐੱਸ.ਐੱਸ.ਏ/ਰਮਸਾ ਅਧਿਆਪਕਾਂ, ਹੈੱਡਮਾਸਟਰਾਂ, ਲੈਬ ਅਟੈਂਡਟਾਂ ਦੀਆਂ ਨੌਕਰੀਆਂ ਸਿੱਖਿਆ ਵਿਭਾਗ ਵਿਚ ਰੈਗਲਰ ਕਰਵਾਉਣ,ਲੰਮੇ ਸਮੇਂ ਤੋ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ  ਅੱਜ ਜ਼ਿਲ੍ਹਾ ਪ੍ਰਧਾਨ ਸੁਖਜ਼ਿੰਦਰ ਸਿੰਘ ਅਤੇ ਗੁਰਪ੍ਰੀਤ ਅੰਮੀਵਾਲ ਦੀ ਅਗਵਾਈ ਹੇਠ ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਵੱਲੋ ਮੰਗਾਂ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਸ.ਗੁਰਦਰਸ਼ਨ ਸਿੰਘ ਬਰਾੜ ਰਾਹੀੂੰ ਮੰਗ-ਪੱਤਰ ਉੱਚ ਅਧਿਕਾਰੀਆਂ ਨੂੰ ਭੇਜਿਆ ।ਇਸ ਸਮੇਂ ਅਧਿਆਪਕ ਆਗੂਆ ਜੱਜਪਾਲ ਬਾਜੇਕੇ ਅਤੇ ਨਵਦੀਪ ਬਾਜਵਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸਰਕਾਰ ਨੇ ਉਹਨਾਂ ਨੂੰ ਰੈਗੂਲਰ ਤਾਂ ਕੀ ਕਰਨਾ ਸਗੋਂ ਤਨਖਾਹ ਦੇਣ ਤੋਂ ਵੀ ਭੱਜ ਰਹੀ ਹੈ। ਜਿਕਰਯੋਗ ਹੈ ਕਿ ਰਮਸਾ ਅਧਿਆਪਕਾਂ ਅਤੇ ਹੈੱਡਮਾਸਟਰਾ ਦੀਆਂ ਪਿਛਲੇ ਤਿੰਨ ਮਹੀਨੇ ਤੋ ਅਤੇ ਐੱਸ.ਐੱਸ.ਏ. ਅਧਿਆਪਕਾਂ ਦੀਆਂ 1 ਮਹੀਨੇ ਤੋਂ ਤਨਖਾਹਾਂ ਰੁਕੀਆਂ ਹੋਈਆਂ ਹਨ।ਜਿਸ ਕਾਰਨ ਇਹ ਅਧਿਆਪਕ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਵਿੱਚ ਹਨ। ਘਰਾਂ ਦਾ ਗੁਜਾਰਾ ਚਲਾਉਣਾ ਬਹੁਤ ਔਖਾ ਹੋਇਆ ਪਿਆ ਹੈ।ਅਧਿਆਪਕ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋ ਸਾਂਝੇ ਅਧਿਆਪਕ ਮੋਰਚੇ ਨੂੰ 24 ਜੁਲਾਈ ਨੂੰ ਅਧਿਆਪਕ ਮੰਗਾਂ ਦਾ ਹੱਲ ਕਰਨ ਲਈ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ।ਆਗੂਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਐੱਸ.ਐੱਸ.ਏ./ਰਮਸਾ ਅਧਿਆਪਕਾਂ, ਹੈੱਡਮਾਸਟਰਾਂ, ਲੈਬ-ਅਟੈਂਡਟਾਂ ਅਤੇ ਹੋਰ ਠੇਕੇ ਤੇ ਭਰਤੀ ਅਧਿਆਪਕਾਂ ਨੂੰ ਬਿਨ੍ਹਾ ਕਿਸੇ ਸ਼ਰਤ ਸਿੱਖਿਆ ਵਿਭਾਗ ਵਿਚ ਪੂਰੀਆਂ ਤਨਖਾਹਾਂ ਤੇ ਭੱਤਿਆਂ ਸਮੇਤ ਰੈਗੂਲਰ ਕੀਤਾ ਜਾਵੇ, ਸੰਘਰਸ਼ਾਂ ਦੌਰਾਨ ਜਥੇਬੰਦਕ ਆਗੂਆਂ ‘ਤੇ ਪਾਏ ਝੂਠੇ ਪਰਚੇ ਰੱਦ ਕੀਤੇ ਜਾਣ, ਰੁਕੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ, ਰਮਸਾ ਅਧਿਆਪਕਾਂ ਦਾ ਸਾਲ 2015-16 ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ। ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਇਹ ਵੀ ਦੱਸਿਆ ਕਿ ਮੋਰਚੇ ਦੀ 17 ਜੁਲਾਈ ਨੂੰ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਜੇਕਰ 24 ਦੀ ਮੀਟਿੰਗ ਮੁਲਤਵੀ ਹੁੰਦੀ ਹੈ ਜਾਂ ਬੇਸਿੱਟਾ ਰਹਿੰਦੀ ਹੈ ਤਾਂ ਮੋਰਚੇ ਵੱਲੋ ਉਲੀਕੇ ਪ੍ਰੌਗਰਾਮ ਤਹਿਤ 29 ਜੁਲਾਈ ਨੂੰ ਪਟਿਆਲੇ ਵਹੀਕਲ ਮਾਰਚ ਕਰਕੇ ਮੋਤੀ ਮਹਿਲ ਵੱਲ ਵਧਿਆ ਜਾਵੇਗਾ ਅਤੇ 6 ਅਗਸਤ ਤੋ ਪਟਿਆਲਾ ਵਿਖੇ ਪੱਕਾ ਮੋਰਚਾ ਲਾਇਆ ਜਾਵੇਗਾ।ਇਸ ਸਮੇਂ ਬਲਜੀਤ ਰਾਏ ,ਹਰਜੀਤ ਸਿੰਘ,ਗਗਨਦੀਪ ਸਿੰਘ,ਪੁਨੀਤ ਚਾਟਲੇ, ਦਿਲਬਾਗ ਪੁਰਬਾ, ਮੌਜੂਦ ਨੇ ਕਿਹਾ ਕਿ ਮੋਰਚੇ ਦੇ ਹਰ ਐਕਸ਼ਨ ਵਿੱਚ ਐੱਸ.ਐੱਸ.ਏ./ ਰਮਸਾ ਅਧਿਆਪਕ ਯੂਨੀਅਨ ਮੋਗਾ ਵੱਲੋਂ ਵਧਵੀਂ ਸਮੂਲੀਅਤ ਕੀਤੀ ਜਾਵੇਗੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ