ਨੌਜਵਾਨਾਂ ਤੇ ਬੱਚਿਆਂ ਨੂੰ ਨਸ਼ੇ ਦੇ ਕੋਹੜ ਤੋਂ ਬਚਾਉਣਾ ਸਮੇਂ ਦੀ ਜ਼ਰੂਰਤ :ਰਾਜਾ

ਕੋਟਕਪੂਰਾ,22 ਜੁਲਾਈ (ਟਿੰਕੂ ਪਰਜਾਪਤ) :- ਨਸ਼ਾ ਤਸਕਰਾਂ ਦਾ ਕੰਮ ਸਿਰਫ ਪੈਸਾ ਕਮਾਉਣਾ ਹੀ ਨਹੀਂ ਬਲਕਿ ਅਣਖੀਲੇ ਪੰਜਾਬੀ ਨੌਜਵਾਨਾ ਦੀ ਅਣਖ, ਗੈਰਤ ਅਤੇ ਜਮੀਰ ਮਾਰਨ ਦੀ ਇੱਕ ਸਾਜਿਸ਼ ਵੀ ਹੈ। ਜਿਸ ਨੂੰ ਨਾਕਾਮ ਕਰਨ ਲਈ ਅਵੇਸਲੇ ਨਹੀਂ ਬਲਕਿ ਸੁਚੇਤ ਅਤੇ ਸਾਵਧਾਨ ਹੋ ਕੇ ਉਕਤ ਚੁਣੌਤੀ ਦਾ ਮੂੰਹਤੋੜ ਜਵਾਬ ਦੇਣਾ ਪਵੇਗਾ। ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਸ਼੍ਰੀ ਗੁਰੂ ਹਰਕਿ੍ਰਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਅਤੇ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਕਥਾ ਕੀਰਤਨ ਸਮਾਗਮ ਦੌਰਾਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਾਅਵਾ ਕੀਤਾ ਕਿ ਕਿਸੇ ਸਮੇਂ ਪੰਜਾਬ ਨੂੰ ਛੱਡ ਕੇ ਗੁਆਂਢੀ ਰਾਜਾਂ, ਦਿੱਲੀ, ਸੀ ਆਰ ਪੀ, ਬੀ ਐਸ ਐਫ ਵਰਗੀਆਂ ਮਿਲਟਰੀ ਫੋਰਸਾਂ ਦਾ ਟੀਚਾ (ਟਾਰਗੇਟ) ਪੂਰਾ ਕਰਨ ਲਈ ਸਬੰਧਤ ਏਜੰਸੀਆਂ ਨੂੰ ਛੈਲ ਛਬੀਲੇ ਪੰਜਾਬੀ ਨੌਜਵਾਨਾਂ ਦੀ ਜ਼ਰੂਰਤ ਪੈਂਦੀ ਸੀ ਪਰ ਅੱਜ ਪੰਜਾਬੀ ਨੌਜਵਾਨ ਪੰਜਾਬ ਪੁਲਿਸ ਦਾ ਟਾਰਗੇਟ ਪੂਰਾ ਕਰਨ ਦੇ ਸਮਰੱਥ ਹੀ ਨਹੀਂ ਹੋ ਰਿਹਾ। ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜਾ ਵੱਲੋਂ ਜਥੇਦਾਰ ਕੁਲਵੰਤ ਸਿੰਘ ਸਮੇਤ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਸਮਾਗਮ ਦੌਰਾਨ ਪਹਿਲਾਂ ਗੁਰਲੀਨ ਕੌਰ ਨੇ ਵਾਹਿਗੁਰੂ ਸਿਮਰਨ ਰਾਂਹੀ ਸੰਗਤਾਂ ਨੂੰ ਜਾਪ ਕਰਵਾਇਆ। ਉਪਰੰਤ ਭਾਈ ਗੁਰਪ੍ਰੀਤ ਸਿੰਘ ਦੇ ਰਾਗੀ ਜੱਥੇ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ ਗਿਆ। ਗੁਰਪ੍ਰੀਤ ਸਿੰਘ ਰਾਜਾ ਨੇ ਨਸ਼ਾ ਵਿਰੋਧੀ ਮੁਹਿੰਮ ’ਚ ਸਹਿਯੋਗ ਦੇਣ ਵਾਲੇ ਸਮੂਹ ਵੀਰਾਂ/ਭੈਣਾ ਦੇ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਅੱਜ ਸਭ ਤੋਂ ਵੱਡੀ ਚੁਣੌਤੀ ਨੌਜਵਾਨਾਂ ਤੇ ਬੱਚਿਆਂ ਨੂੰ ਨਸ਼ੇ ਦੇ ਕੌਹੜ ਤੋਂ ਬਚਾਉਣ ਦੀ ਹੈ। ਅੰਤ ’ਚ ਜਸਵੰਤ ਸਿੰਘ ਸਮੇਤ ਚੈਰੀਟੇਬਲ ਸੁਸਾਇਟੀ ਦੇ ਸੇਵਾਦਾਰਾਂ ਵੱਲੋਂ ਵਿਸ਼ੇਸ਼ ਪਤਵੰਤਿਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ।