ਕੈਪਟਨ ਅਮਰਿੰਦਰ ਸਿੰਘ ਵੱਲੋਂ ਅਗਾਮੀ ਲੋਕ ਸਭਾ ਚੋਣਾਂ ’ਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਾਹੁਲ ਗਾਂਧੀ ਨੂੰ ਸਾਂਝੇ ਗੱਠਜੋੜ ਦਾ ਉਮੀਦਵਾਰ ਬਣਾਉਣ ਦਾ ਸਮਰਥਨ

ਨਵੀਂ ਦਿੱਲੀ, 22 ਜੁਲਾਈ  (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਾਹੁਲ ਗਾਂਧੀ ਨੂੰ ਵਿਰੋਧੀ ਧਿਰਾਂ ਦੇ ਸਾਂਝੇ ਗੱਠਜੋੜ ਦਾ ਉਮੀਦਵਾਰ ਬਣਾਉਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਆਪਣੇ ਪਹਿਲੇ ਸਟੈਂਡ ਦੁਹਰਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁਲਕ ਦੀ ਅਗਵਾਈ ਕਰਨ ਲਈ ਰਾਹੁਲ ਗਾਂਧੀ ਪੂਰੀ ਤਰਾਂ ਸਮਰੱਥ ਹਨ ਅਤੇ ਉਹ ਨਿਸ਼ਚਤ ਤੌਰ ’ਤੇ ਸਫਲ ਪ੍ਰਧਾਨ ਮੰਤਰੀ ਸਿੱਧ ਹੋਣਗੇ। ਉਨਾਂ ਕਿਹਾ ਕਿ ਕਾਂਗਰਸ ਨੂੰ ਅਗਲੇ ਵਰੇ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਵਿਰੋਧੀਆਂ ਧਿਰਾਂ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਤਲਾਸ਼ਣੀਆਂ ਚਾਹੀਦੀਆਂ ਹਨ ਅਤੇ ਰਾਹੁਲ ਗਾਂਧੀ ਨੂੰ ਵਿਰੋਧੀ ਪਾਰਟੀਆਂ ਦੇ ਸਾਂਝੇ ਫਰੰਟ ਦੀ ਅਗਵਾਈ ਕਰਨੀ ਚਾਹੀਦੀ ਹੈ ਤਾਂ ਕਿ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੂੰ ਸੱਤਾ ’ਤੋਂ ਲਾਂਭੇ ਕੀਤਾ ਜਾ ਸਕੇ।ਅੱਜ ਇੱਥੇ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਿੳੂ.ਸੀ.) ਦੇ ਸੈਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਗੱਠਜੋੜ ਬਾਰੇ ਪਾਰਟੀ ਵੱਲੋਂ ਕੌਮੀ ਪੱਧਰ ’ਤੇ ਫੈਸਲਾ ਲਿਆ ਜਾਵੇਗਾ ਅਤੇ ਪਾਰਟੀ ਦੀਆਂ ਸੂਬਾਈ ਇਕਾਈਆਂ ਉਸੇ ਫੈਸਲੇ ਨੂੰ ਅਪਨਾਉਣਗੀਆਂ। ਉਨਾਂ ਕਿਹਾ,‘‘ਵਿਰੋਧੀ ਧਿਰਾਂ ਦਰਿਮਆਨ ਗੱਠਜੋੜ ਕੌਮੀ ਪੱਧਰ ਦੇ ਅਨੁਕੂਲ ਹੋਣਾ ਹੈ ਅਤੇ ਜੋ ਵੀ ਫੈਸਲਾ ਲਿਆ ਜਾਵੇਗਾ, ਉਹੀ ਸੂਬਿਆਂ ’ਤੇ ਲਾਗੂ ਹੋਵੇਗਾ। ਉਨਾਂ ਕਿਹਾ ਕਿ ਪਾਰਟੀ ਦਾ ਗੱਠਜੋੜ ਕੇਂਦਰੀ ਲੀਡਰਸ਼ਿਪ ’ਤੇ ਨਿਰਭਰ ਹੋਵੇਗਾ ਅਤੇ ਉਹ ਸਾਨੂੰ ਜਿੱਥੇ ਕਹਿਣਗੇ, ਅਸੀਂ ਉਸ ਮੁਤਾਬਕ ਚੱਲਾਂਗੇ।
ਜਦੋਂ ਪੁੱਛਿਆ ਗਿਆ ਕਿ ਇਸ ਦਾ ਇਹ ਮਤਲਬ ਹੈ ਕਿ ਉਨਾਂ (ਮੁੱਖ ਮੰਤਰੀ) ਨੇ ਆਮ ਆਦਮੀ ਪਾਰਟੀ (ਆਪ) ਨਾਲ ਗੱਠਜੋੜ ਦੀ ਵੀ ਗੱਲ ਕੀਤੀ ਹੈ ਜਿਸ ਪਾਰਟੀ ਨੂੰ ਕਾਂਗਰਸ ਨੇ ਪੰਜਾਬ ਵਿੱਚ ਕਰਾਰੀ ਹਾਰ ਦਿੱਤੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਸ਼ਬਦ ਉਨਾਂ ਦੇ ਮੰੂਹ ਵਿੱਚ ਪਾਉਣ ਤੋਂ ਗੁਰੇਜ਼ ਕੀਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਵੀ ਹਮਾਇਤ ਕੀਤੀ ਜਿਨਾਂ ਨੇ ਕਿਹਾ ਕਿ ਸਾਲ 2019 ਦੀਆਂ ਚੋਣਾਂ ਜਿੱਤਣ ਲਈ ਵਿਆਪਕ ਪੱਧਰ ’ਤੇ ਗੱਠਜੋੜ ਕੀਤਾ ਜਾਵੇ। ਉਨਾਂ ਕਿਹਾ, ‘‘ਜੋ ਸ੍ਰੀ ਚਿਚੰਬਰਮ ਨੇ ਆਖਿਆ, ਮੈਂ ਉਸ ਦਾ ਸਮਰਥਨ ਕੀਤਾ। ਮੇਰਾ ਮੰਨਣਾ ਹੈ ਕਿ ਉਨਾਂ ਨੇ ਬਹੁਤ ਵਧੀਆ ਨੁਕਤਾ ਪੇਸ਼ ਕੀਤਾ ਹੈ ਕਿ ਸਾਨੂੰ ਵੱਧ ਤੋਂ ਵੱਧ ਵਿਰੋਧੀ ਪਾਰਟੀਆਂ ਨੂੰ ਇਕ ਪਲੇਟਫਾਰਮ ’ਤੇ ਇਕੱਠੇ ਕਰਨਾ ਚਾਹੀਦਾ ਹੈ।’’ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁਲਕ ਦੇ ਧਰਮ ਨਿਰਪੱਖਤਾ ਅਤੇ ਇਕਸਾਰਤਾ ਵਾਲੇ ਸ਼ਾਨਦਾਰ ਚਰਿੱਤਰ ਦੀ ਬਹਾਲੀ ਲਈ ਸਰਗਰਮ ਸਾਰੀਆਂ ਹਮਖਿਆਲ ਪਾਰਟੀਆਂ ਨੂੰ ਆਪਣੇ ਸਾਂਝੇ ਹਿੱਤ ਖਾਸ ਕਰਕੇ ਦੇਸ਼ ਦੇ ਹਿੱਤ ਵਿੱਚ ਵਿੱਚ ਇਕ ਮੰਚ ’ਤੇ ਆਉਣਾ ਚਾਹੀਦਾ ਹੈ।ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਲੋਕਾਂ ਦੇ ਮੂਡ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਪੂਰੀ ਤਰਾਂ ਕਾਂਗਰਸ ਦੇ ਹੱਕ ਵਿੱਚ ਹੈ। ਗੁਰਦਾਸਪੁਰ ਅਤੇ ਸ਼ਾਹਕੋਟ ਦੀਆਂ ਜ਼ਿਮਨੀ ਚੋਣਾਂ ਵਿੱਚ ਰਿਕਾਰਡ ਜਿੱਤ ਹਾਸਲ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਭਰੋਸਾ ਜ਼ਾਹਰ ਕੀਤੀ ਕਿ ਕਾਂਗਰਸ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਸੰਸਦੀ ਚੋਣਾਂ ਵਿੱਚ ਵੀ ਸ਼ਾਨਦਾਰ ਜਿੱਤ ਹਾਸਲ ਕਰੇਗੀ। ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਮੈਂ ਹਾਈ ਕਮਾਂਡ ਨਾਲ ਵਾਅਦਾ ਕੀਤਾ ਹੈ ਕਿ ਪੰਜਾਬ ਉਨਾਂ ਨੂੰ ਜਿੱਤ ਹਾਸਲ ਕਰਕੇ ਦੇਵੇਗਾ।’’ ਉਨਾਂ ਕਿਹਾ,‘‘ਮੈਂ ਉਨਾਂ ਨੂੰ ਇਹ ਵੀ ਆਖਿਆ ਕਿ ਜੇਕਰ ਤੁਸੀਂ ਪੰਜਾਬ ਤੋਂ ਬਾਹਰ ਵੀ ਪਾਰਟੀ ਲਈ ਕੰਮ ਕਰਨ ਲਈ ਜ਼ਿੰਮੇਵਾਰੀ ਸੌਂਪੋਗੇ ਤਾਂ ਅਸੀਂ ਉਥੇ ਵੀ ਜਾਵਾਂਗੇ।’’ ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਉਨਾਂ ਦੀ ਮੁੱਖ ਵਿਰੋਧੀ ਪਾਰਟੀ ਹੈ।ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇੰਸਟੀਚਿੳੂਟ ਆਫ ਮੈਨੇਜਮੈਂਟ ਸਟੱਡੀਜ਼ ਦੇ ਮੁਖੀ ਅਤੇ ਡੀਨ ਪ੍ਰੋ. ਰਾਜ ਕੁਮਾਰ ਨੂੰ ਪੰਜਾਬ ਯੂਨੀਵਰਸਿਟੀ ਦਾ ਉਪ ਕੁਲਪਤੀ ਨਿਯੁਕਤ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ ਦਾ ਨਵਾਂ ਉਪ ਕੁਲਪਤੀ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਲਿਆਉਣ ਵਿੱਚ ਕੋਈ ਨੁਕਸਾਨ ਨਹੀਂ ਹੈ। ਉਨਾਂ ਕਿਹਾ ਕਿ ਉਚ ਕੋਟੀ ਦੇ ਵਿਦਵਾਨ ਕਿਸੇ ਵੀ ਸੂਬੇ ਤੋਂ ਹੋ ਸਕਦੇ ਹਨ ਅਤੇ ਉਨਾਂ ਨੂੰ ਹੋਰਨਾਂ ਸੂਬਿਆਂ ਦੀਆਂ ਯੂਨੀਵਰਸਿਟੀਆਂ ਵਿੱਚ ਨਿਯੁਕਤ ਕਰਨ ਵਿੱਚ ਕੁਝ ਵੀ ਗਲਤ ਨਹੀਂ ਹੈ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ