ਸਕੇ ਭਰਾ ਨੂੰ ਮੌਤ ਦੇ ਘਾਟ ਉਤਾਰਿਆ, ਨਸ਼ੇੜੀ ਵਿਅਕਤੀ ਨੇ ਨਲਕੇ ਦੀ ਹੱਥੀ ਨਾਲ ਕੀਤਾ ਵਾਰ

ਮੋਗਾ,22 ਜੁਲਾਈ (ਜਸ਼ਨ)-ਅੱਜ ਮੋਗਾ ਜ਼ਿਲੇ ਦੀ ਤਹਿਸੀਲ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਸੰਤੂ ਵਾਲਾ ਵਿਖੇ ਇਕ ਵਿਅਕਤੀ ਨੇ ਆਪਣੇ ਹੀ ਸਕੇ ਭਰਾ ਨੂੰ ਨਲਕੇ ਦੀ ਹੱਥੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ ਰਾਤ ਦੋਵਾਂ ਭਰਾਵਾਂ ਦੀ ਆਪਸ ਵਿਚ ਕਿਸੇ ਗੱਲ ’ਤੇ ਤਲਖ਼ਕਲਾਮੀ ਹੋ ਗਈ ਪਰ ਬਾਅਦ ਵਿਚ ਦੋਨੋਂ ਸ਼ਾਂਤ ਹੋ ਗਏ ਪਰ ਸਵੇਰੇ ਤੜਕਸਾਰ ਨਸ਼ੇੜੀ ਅਰਾਜ ਸਿੰਘ ਨੇ ਉੱਠ ਕੇ ਨਲਕੇ ਦੀ ਹੱਥੀ ਨਾਲ ਆਪਣੇ ਭਰਾ ਗੁਰਜੀਤ ਸਿੰਘ ਦੇ ਸਿਰ ’ਤੇ ਦੋ ਤਿੰਨ ਵਾਰ ਕਰ ਦਿੱਤੇ। ਪਰਿਵਾਰਕ ਮੈਂਬਰਾਂ ਨੇ ਗੰਭੀਰ ਜਖਮੀਂ ਹਾਲਤ ਵਿਚ ਗੁਰਜੀਤ ਸਿੰਘ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਪਰ ਉਥੇ ਉਸ ਦੀ ਮੌਤ ਹੋ ਗਈ । ਥਾਣਾ ਸਮਾਲਸਰ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਹਨਾਂ ਦੀ ਭੈਣ ਵੀ ਪਿੰਡ ਕੋਟਲਾ ਮਿਹਰ ਸਿੰਘ ਤੋਂ ਆਪਣੇ ਭਰਾਵਾਂ ਨੂੰ ਮਿਲਣ ਆਈ ਹੋਈ ਸੀ । ਪਿੰਡ ਦੇ ਪੰਚ ਨੇ ਦੱਸਿਆ ਕਿ ਬੌਰੀਆ ਬਰਾਦਰੀ ਨਾਲ ਸਬੰਧਤ ਦੋਸ਼ੀ ਅਰਾਜ ਸਿੰਘ ਪੁੱਤਰ ਜੋਗਿੰਦਰ ਸਿੰਘ ਨਸ਼ੇ ਦਾ ਆਦੀ ਸੀ ਜਿਸ ਕਾਰਨ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਸੀ ਜਦਕਿ ਉਸਦੇ ਭਰਾ ਗੁਰਜੀਤ ਸਿੰਘ ਦੀ ਪਤਨੀ ਨਰਾਜ਼ ਹੋ ਕੇ ਪੇਕੇ ਚਲੀ ਗਈ ਸੀ।  ਉਹਨਾਂ ਦੱਸਿਆ ਕਿ ਮਿ੍ਰਤਕ ਗੁਰਜੀਤ ਸਿੰਘ ਦੇ 7 ਸਾਲ ਦਾ ਇਕ ਲੜਕਾ ਅਤੇ 3 ਸਾਲ ਦੀ ਇਕ ਲੜਕੀ ਹੈ । 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ